ਮੋਦੀ ਨੇ ਦੇਸ਼ ਵਾਸੀਆਂ ਨੂੰ ਅੱਛੇ ਦਿਨਾਂ ਦਾ ਲਾਰਾ ਲਗਾ ਕੇ ਭੈੜੇ ਦਿਨ ਦਿਖਾਏ- ਚੇਅਰਮੈਨ ਅਮਰਦੀਪ ਚੀਮਾ (ਨਿਊਜ਼ਨੰਬਰ ਖ਼ਾਸ ਖ਼ਬਰ) 

Last Updated: Feb 12 2019 18:08

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਇਸ ਸਮੇਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਅਤੇ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਕੇ ਕੇਂਦਰ ਵਿੱਚ ਆਪਣੀ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਚੌਂਕੀਦਾਰ ਚੋਰਾਂ ਨਾਲ ਮਿਲਿਆ ਹੋਇਆ ਨਿਕਲਿਆ ਹੈ ਅਤੇ ਪੰਥ ਦੇ ਹਿਤੈਸ਼ੀ ਗੱਦਾਰ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਅਸਲ ਚਿਹਰਾ ਹੁਣ ਲੋਕਾਂ ਦੇ ਸਾਹਮਣੇ ਆ ਗਿਆ ਹੈ ਅਤੇ ਲੋਕ ਇਨ੍ਹਾਂ ਨੂੰ ਚੋਣਾਂ ਵੇਲੇ ਵੱਡੀ ਹਾਰ ਦੇਣਗੇ।

ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਨੇ ਦੇਸ਼ ਦੇ ਲੋਕਾਂ ਨੂੰ 'ਅੱਛੇ ਦਿਨਾਂ' ਦਾ ਝੂਠਾ ਲਾਰਾ ਲਗਾ ਕੇ ਦੇਸ਼ ਦਾ ਲੋਕਾਂ ਨੂੰ ਪੂਰੇ ਪੰਜ ਸਾਲ ਸਿਰਫ਼ 'ਭੈੜੇ ਦਿਨ' ਹੀ ਦਿਖਾਏ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੇ ਲੋਕਾਂ ਨੂੰ ਜੋ ਵੱਡੀਆਂ ਸਮੱਸਿਆਵਾਂ ਝੱਲਣੀ ਪਈਆਂ ਹਨ ਉਸ ਤੋਂ ਲੋਕ ਅੱਜ ਤੱਕ ਵੀ ਉੱਭਰ ਨਹੀਂ ਸਕੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇ ਇੱਕ ਤੋਂ ਬਾਅਦ ਇੱਕ ਗਲਤ ਫ਼ੈਸਲਿਆਂ ਨੇ ਦੇਸ਼ ਨੂੰ ਆਰਥਿਕ ਤੌਰ 'ਤੇ ਬੇਹੱਦ ਕਮਜ਼ੋਰ ਕਰ ਦਿੱਤਾ ਹੈ ਅਤੇ ਅੱਜ ਡਾਲਰ ਦੇ ਮੁਕਾਬਲੇ ਦੇਸ਼ ਦਾ ਰੁਪਿਆ ਸਭ ਤੋਂ ਕਮਜ਼ੋਰ ਸਥਿਤੀ ਵਿੱਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਰਾਜ ਮਹਿੰਗਾਈ ਦੇ ਸਾਰੇ ਰਿਕਾਰਡ ਤੋੜ ਗਈ ਹੈ ਜਿਸਨੇ ਦੇਸ਼ ਦੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਸ. ਚੀਮਾ ਨੇ ਕਿਹਾ ਕਿ ਦੇਸ਼ ਵਿੱਚ ਫਿਰਕੂਵਾਦ ਅਤੇ ਹਿੰਸਾ ਦਾ ਬੋਲਬਾਲਾ ਹੈ, ਜਿਸ ਤੋਂ ਆਮ ਲੋਕ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਵਿਰੁੱਧ ਬਹੁਤ ਭਰੇ-ਪੀਤੇ ਹਨ ਅਤੇ ਲੋਕ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਭਾਜਪਾ ਨੂੰ ਸੱਤਾ 'ਚੋਂ ਲਾਂਭੇ ਕੀਤਾ ਜਾ ਸਕੇ।

ਪੰਜਾਬ ਦਾ ਜ਼ਿਕਰ ਕਰਦਿਆਂ ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਸੂਬੇ ਦੀ ਸਾਰੀਆਂ 13 ਸੀਟਾਂ ਉੱਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਨਾਲ ਜੇਤੂ ਰਹਿਣਗੇ। ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਗਰੀਬਾਂ, ਔਰਤਾਂ ਅਤੇ ਆਮ ਲੋਕਾਂ ਦੇ ਹੱਕ ਵਿੱਚ ਮਿਸਾਲੀ ਕੰਮ ਕੀਤੇ ਹਨ, ਜਿਸ ਤੋਂ ਸੂਬੇ ਦੀ ਜਨਤਾ ਸੰਤੁਸ਼ਟ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ ਯੋਜਨਾ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੈਪਟਨ ਸਰਕਾਰ ਨੇ ਨਸ਼ਿਆਂ ਦੇ ਰੋਕਥਾਮ ਲਈ ਜੋ ਕਦਮ ਚੁੱਕੇ ਹਨ ਉਹ ਆਪਣੇ ਆਪ ਵਿੱਚ ਮਿਸਾਲ ਹਨ। ਸ. ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੇ ਬਲਬੂਤੇ ਉੱਪਰ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗੀ।