ਆਖਰ ਕਿਉਂ ਫ਼ੇਲ ਹੋ ਗਿਆ, ਇਸ ਵਾਰ ਅੰਨਾ ਦਾ ਅੰਦੋਲਨ?

Last Updated: Feb 12 2019 12:11
Reading time: 2 mins, 21 secs

ਸਾਲ 2011 'ਚ ਜਦੋਂ ਅੰਨਾ ਹਜ਼ਾਰੇ ਨੇ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਉਹ ਇੱਕ ਸਟਾਰ ਦੇ ਰੂਪ ਵਿੱਚ ਚਮਕਿਆ ਸੀ, ਕਾਰਨ ਸੀ, ਅੰਨਾ ਦੇ ਅੰਦੋਲਨ ਨਾਲ ਜੁੜਿਆ ਜਨ-ਸੈਲਾਬ। ਉਹ ਇੱਕ ਸਟਾਰ ਦੇ ਰੂਪ ਵਿੱਚ ਤਾਂ ਚਮਕਿਆ ਹੀ ਸੀ ਬਲਕਿ, ਉਸਦੇ ਅੰਦੋਲਨ ਨੇ ਸਮੇਂ ਦੀਆਂ ਸਰਕਾਰਾਂ ਦੀਆਂ ਨੀਹਾਂ ਤੱਕ ਹਿਲਾ ਕੇ ਰੱਖ ਦਿੱਤੀਆਂ ਸਨ। ਇੱਕ ਵਾਰ ਤਾਂ ਉਹ ਵੀ ਸਮਾਂ ਆ ਗਿਆ ਸੀ ਜਦੋਂ ਦੇਸ਼ ਦੀ ਜਨਤਾ ਨੇ ਅੰਨਾ ਨੂੰ ਮਹਾਤਮਾ ਗਾਂਧੀ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਸੀ। 

ਮਹਿਜ਼ ਅੱਠ ਸਾਲਾਂ ਦੇ ਬਾਅਦ ਜਦੋਂ ਇਸ ਵਾਰ ਅੰਨਾ ਨੇ ਇੱਕ ਵਾਰ ਮੁੜ ਆਪਣਾ ਅੰਦੋਲਨ ਸ਼ੁਰੂ ਕੀਤਾ ਤਾਂ ਉਹ, ਉਹ ਜਲਵਾ ਨਹੀਂ ਦਿਖਾ ਪਾਏ ਜਿਹੜਾ ਕਿ, ਉਨ੍ਹਾਂ ਨੇ ਸਾਲ 2011 ਵਿੱਚ ਵਿਖਾਇਆ ਸੀ। ਉਹੀ ਅੰਨਾ, ਉਹੀ ਮੰਗ ਸੀ, ਪਰ ਬਾਵਜੂਦ ਇਸਦੇ ਲੋਕ ਉਨ੍ਹਾਂ ਦੇ ਅੰਦੋਲਨ ਦੇ ਨਾਲ ਨਹੀਂ ਸਨ ਜੁੜੇ। ਲੱਖਾਂ ਦੀ ਭੀੜ ਇਸ ਵਾਰ ਮਿਟ ਕੇ ਕੁਝ ਹਜ਼ਾਰ ਤੱਕ ਹੀ ਰਹਿ ਗਈ।

ਦੋਸਤੋਂ, ਇੱਥੇ ਹੀ ਬੱਸ ਨਹੀਂ, ਇਸ ਵਾਰ ਨਾ ਹੀ ਉਨ੍ਹਾਂ ਨੂੰ ਮੀਡੀਆ ਦਾ ਹੀ ਪੂਰਾ ਸਹਿਯੋਗ ਮਿਲਿਆ ਅਤੇ ਨਾ ਹੀ ਦੇਸ਼ ਦੀ ਕੋਈ ਵੱਡੀ ਹਸਤੀ ਅੰਨਾ ਦੇ ਮਗਰ ਬੈਠੀ ਨਜ਼ਰ ਆਈ। ਬਹੁਤੀ ਦੂਰ ਨਾ ਜਾਈਏ ਤਾਂ, ਇਸ ਵਾਰ ਨਾ ਹੀ ਬਾਬਾ ਰਾਮਦੇਵ ਕੁਝ ਬੋਲੇ ਤੇ ਨਾ ਹੀ ਕੋਈ ਫ਼ਿਲਮੀ ਹਸਤੀ। ਅੰਨਾ ਦੇ ਪੁਰਾਣੇ ਸਾਥੀ ਅਰਵਿੰਦ ਕੇਜਰੀਵਾਲ ਨੇ ਵੀ ਅੰਨਾ ਦੇ ਅੰਦੋਲਨ ਤੋਂ ਦੂਰੀ ਬਣਾਈ ਰੱਖੀ, ਉਨ੍ਹਾਂ ਨੇ ਇੱਕ ਬਿਆਨ ਤੱਕ ਨਹੀਂ ਦਿੱਤਾ ਅੰਨਾ ਦੇ ਹੱਕ 'ਚ। ਜਾਣਕਾਰਾਂ ਅਨੁਸਾਰ ਇਸ ਵਾਰ ਜ਼ੋਰ ਲਗਾ ਕੇ ਅੰਨਾ ਹਜ਼ਾਰੇ ਆਪਣੇ ਨਾਲ ਤਿੰਨ ਚਾਰ ਹਜ਼ਾਰ ਲੋਕਾਂ ਨੂੰ ਹੀ ਜੋੜ ਪਾਏ, ਉਹ ਵੀ ਆਉਂਦੇ ਰਹੇ ਤੇ ਜਾਂਦੇ ਰਹੇ, ਪੱਕੇ ਤੌਰ ਤੇ ਬਹੁਤ ਘੱਟ ਲੋਕ ਟਿਕੇ। ਸਾਲ 2011 ਦੇ ਅੰਦੋਲਨ ਦੇ ਦੌਰਾਨ ਦੇਸ਼ ਦਾ ਇੱਕ ਵੀ ਅਜਿਹਾ ਸੂਬਾ ਸ਼ਹਿਰ ਜਾਂ ਕਸਬਾ ਨਹੀਂ ਹੋਵੇਗਾ ਜਿੱਥੇ ਲੋਕਾਂ ਨੇ ਅੰਨਾ ਦੇ ਅੰਦੋਲਨ ਦੇ ਹੱਕ ਵਿੱਚ ਮੋਮਬੱਤੀ ਮਾਰਚ ਨਹੀਂ ਕੱਢੇ ਹੋਣਗੇ। ਵਿਰੋਧੀ ਪਾਰਟੀਆਂ ਜਿਹੜੀਆਂ ਪਿਛਲੀ ਵਾਰ ਅੰਨਾ ਦੇ ਪਿੱਛੇ ਬੈਠੀਆਂ ਨਜ਼ਰ ਆਉਂਦੀਆਂ ਸਨ, ਉਨ੍ਹਾਂ ਨੇ ਵੀ ਇਸ ਵਾਰ ਅੰਨਾ ਨੂੰ ਮੂੰਹ ਤੱਕ ਨਹੀਂ ਵਿਖਾਇਆ।

ਦੋਸਤੋਂ, ਭਾਵੇਂਕਿ ਅੰਨਾ ਦੇ 2011 ਦੇ ਅੰਦੋਲਨ ਦੇ ਬਾਅਦ ਦੇਸ਼ ਵਿੱਚ ਲੋਕਪਾਲ ਕਾਨੂੰਨ ਤਾਂ ਜ਼ਰੂਰ ਹੋਂਦ ਵਿੱਚ ਆ ਗਿਆ ਸੀ, ਪਰ ਅੱਜ ਤੱਕ ਵੀ ਲੋਕਪਾਲ ਦੀ ਨਿਯੁਕਤੀ ਨਹੀਂ ਹੋਈ ਪਾਈ। ਅੰਨਾ ਨੂੰ ਉਮੀਦ ਸੀ ਕਿ, ਉਹ ਇਸ ਵਾਰ ਆਪਣੇ ਅੰਦੋਲਨ ਦੇ ਜ਼ਰੀਏ ਮੌਜੂਦਾ ਕੇਂਦਰ ਸਰਕਾਰ ਨੂੰ ਲੋਕਪਾਲ ਨਿਯੁਕਤ ਕਰਨ ਲਈ ਮਜਬੂਰ ਕਰ ਦੇਣਗੇ, ਪਰ ਅੰਨਾ ਦੀ ਉਮੀਦ ਨੂੰ ਬੂਰ ਨਹੀਂ ਪਿਆ ਤੇ ਉਨ੍ਹਾਂ ਨੇ ਆਪਣੇ ਅੰਦੋਲਨ ਨੂੰ ਖ਼ਤਮ ਕਰ ਦੇਣ ਵਿੱਚ ਗਨੀਮਤ ਸਮਝੀ ਤੇ ਝੱਟ ਜੂਸ ਦਾ ਗਿਲਾਸ ਫ਼ੜ ਕੇ ਬੁੱਲ੍ਹਾਂ ਨੂੰ ਲਗਾ ਲਿਆ।

ਅੰਨਾ ਦਾ ਅੰਦੋਲਨ ਫ਼ੇਲ ਹੋ ਗਿਆ, ਸਿਆਸੀ ਮਾਹਰ ਇਸ ਦਾ ਕਾਰਨ ਵੀ ਸਿਆਸੀ ਨੂੰ ਹੀ ਮੰਨਦੇ ਹਨ। ਪਹਿਲੇ ਅੰਦੋਲਨ ਵੇਲੇ ਦੇਸ਼ ਵਿੱਚ ਕਾਂਗਰਸ ਸਰਕਾਰ ਸੀ, ਤੇ ਇਸ ਵਾਰ ਭਾਜਪਾ। ਇਹ ਗੱਲ ਪੂਰੇ ਯਕੀਨ ਨਾਲ ਨਹੀਂ ਆਖੀ ਜਾ ਸਕਦੀ ਕਿ, ਅੰਨਾ ਦੇ ਪਿਛਲੇ ਅੰਦੋਲਨ ਨੂੰ ਭਾਜਪਾ ਅਸ਼ੀਰਵਾਦ ਹਾਸਲ ਨਹੀਂ ਸੀ। ਸ਼ਾਇਦ ਇਹ ਵੀ ਆਪਣੇ ਆਪ ਵਿੱਚ ਹੀ ਇਸ ਸਵਾਲ ਦਾ ਜਵਾਬ ਹੈ ਕਿ, ਆਖ਼ਰ ਕਿਉਂ ਫ਼ੇਲ ਹੋ ਗਿਆ, ਇਸ ਵਾਰ ਅੰਨਾ ਦਾ ਅੰਦੋਲਨ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ