ਪਾਪਾ ਮੈਨੂੰ ਮਾਫ਼ ਕਰ ਦਿਓ, ਮੈਂ ਮੰਮੀ ਕੋਲ ਜਾ ਰਹੀ ਹਾਂ.. ਮੈਸੇਜ ਲਿਖਕੇ ਧੀ ਨੇ ਕੀਤੀ ਖ਼ੁਦਕੁਸ਼ੀ

Last Updated: Feb 11 2019 14:46
Reading time: 2 mins, 3 secs

ਬਚਪਨ ਸਮੇਂ ਹੀ ਮਾਂ ਦੀ ਹੋਈ ਮੌਤ ਦੇ ਸਦਮੇ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੀ ਇੱਕ ਨੌਜਵਾਨ ਲੜਕੀ ਵੱਲੋਂ ਰਾਤ ਸਮੇਂ ਆਪਣੇ ਘਰ ਅੰਦਰ ਪੱਖੇ ਨਾਲ ਚੁੰਨੀ ਦਾ ਫਾਹਾ ਬਣਾਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਕਰਨ ਵਾਲੀ ਲੜਕੀ ਦੀ ਪਹਿਚਾਣ ਗੁਰਪ੍ਰੀਤ ਕੌਰ (23) ਵਾਸੀ ਸੁੰਦਰ ਨਗਰ, ਪਿੰਡ ਮੁੰਡੀਆਂ (ਜ਼ਿਲ੍ਹਾ ਲੁਧਿਆਣਾ) ਵਜੋਂ ਹੋਈ ਹੈ। ਮ੍ਰਿਤਕਾ ਕੋਲੋਂ ਮਿਲੇ ਸੁਸਾਈਡ ਨੋਟ 'ਚ ਉਸਨੇ ਆਪਣੀ ਮੌਤ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਵੇਰੇ ਲੜਕੀ ਨੂੰ ਫਾਹੇ ਨਾਲ ਲਟਕਦਾ ਦੇਖਕੇ ਉਸਦੇ ਪਿਤਾ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚਕੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਨਜ਼ਦੀਕੀ ਪਿੰਡ ਮੁੰਡੀਆਂ ਸਥਿਤ ਸੁੰਦਰ ਨਗਰ ਇਲਾਕੇ 'ਚ ਰਹਿਣ ਵਾਲੇ ਸੁਰਜੀਤ ਸਿੰਘ ਦੀ ਪਤਨੀ ਦੀ ਆਪਣੀ ਲੜਕੀ ਗੁਰਪ੍ਰੀਤ ਕੌਰ ਦਾ ਜਨਮ ਹੋਣ ਤੋਂ ਕਰੀਬ ਤਿੰਨ ਮਹੀਨੇ ਬਾਅਦ ਹੀ ਮੌਤ ਹੋ ਗਈ ਸੀ। ਉਸ ਸਮੇਂ ਤੋਂ ਪਿਤਾ ਨੇ ਹੀ ਆਪਣੀ ਲੜਕੀ ਦੀ ਪਰਵਰਿਸ਼ ਕੀਤੀ। ਬਚਪਨ ਸਮੇਂ ਹੀ ਮਾਂ ਦੀ ਹੋਈ ਮੌਤ ਦੇ ਕਾਰਨ ਗੁਰਪ੍ਰੀਤ ਕੌਰ ਅਕਸਰ ਆਪਣੀ ਮਾਂ ਨੂੰ ਯਾਦ ਕਰਦੀ ਰਹਿੰਦੀ ਸੀ। ਜਿਸਦੇ ਚੱਲਦੇ ਉਹ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੀ ਸੀ। ਬੀਤੀ ਸ਼ਾਮ ਉਹ ਖਾਣਾ ਖਾਣ ਦੇ ਬਾਅਦ ਆਪਣੇ ਕਮਰੇ ਅੰਦਰ ਚਲੀ ਗਈ ਅਤੇ ਰਾਤ ਨੂੰ ਛੱਤ ਵਾਲੇ ਪੱਖੇ ਨਾਲ ਚੁੰਨੀ ਦਾ ਫਾਹਾ ਬਣਾਕੇ ਖ਼ੁਦਕੁਸ਼ੀ ਕਰ ਲਈ।

ਸਵੇਰ ਹੋਣ ਤੇ ਜਦੋਂ ਗੁਰਪ੍ਰੀਤ ਕੌਰ ਆਪਣੇ ਕਮਰੇ ਚੋਂ ਬਾਹਰ ਨਹੀਂ ਆਈ ਤਾਂ ਉਸਦਾ ਪਿਤਾ ਲੜਕੀ ਨੂੰ ਦੇਖਣ ਕਮਰੇ 'ਚ ਚਲਾ ਗਿਆ। ਜਦੋਂ ਉਸਦਾ ਪਿਤਾ ਕਮਰੇ 'ਚ ਪਹੁੰਚਿਆ ਤਾਂ ਕਮਰੇ ਅੰਦਰ ਲੜਕੀ ਨੂੰ ਫਾਹੇ ਨਾਲ ਲਟਕਦਾ ਦੇਖਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬਾਅਦ 'ਚ ਉਸਨੇ ਮੁਹੱਲੇ 'ਚ ਰਹਿੰਦੇ ਆਲੇ-ਦੁਆਲੇ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਬਾਅਦ 'ਚ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕਾ ਦੇ ਕੋਲੋਂ ਮਿਲੇ ਸੁਸਾਈਡ ਨੋਟ 'ਚ ਉਸਨੇ ਲਿਖਿਆ ਹੈ ਕਿ ਉਹ ਮਾਂ ਦੀ ਮੌਤ ਤੋਂ ਬਾਅਦ ਬਚਪਨ ਤੋਂ ਹੀ ਮਾਂ ਦੀ ਘਾਟ ਮਹਿਸੂਸ ਕਰ ਰਹੀ ਸੀ। ਮਾਂ ਬਚਪਨ 'ਚ ਛੱਡ ਕੇ ਚਲੀ ਗਈ ਸੀ ਅਤੇ ਹੁਣ ਉਹ ਆਪਣੀ ਮਾਂ ਦੇ ਕੋਲ ਜਾ ਰਹੀ ਹੈ। ਉਸਦੀ ਮੌਤ ਦੇ ਲਈ ਕੋਈ ਵਿਅਕਤੀ ਜ਼ਿੰਮੇਵਾਰ ਨਹੀਂ ਹੈ।

ਦੂਜੇ ਪਾਸੇ, ਮਾਮਲੇ ਦੀ ਤਫ਼ਤੀਸ਼ ਕਰ ਰਹੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਮ੍ਰਿਤਕਾ ਕੋਲੋਂ ਮਿਲੇ ਸੁਸਾਈਡ ਨੋਟ 'ਚ ਉਸਨੇ ਆਪਣੀ ਮੌਤ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਮਾਂ ਦੀ ਮੌਤ ਦੇ ਕਾਰਨ ਸਦਮੇ 'ਚ ਰਹਿੰਦੀ ਸੀ। ਜਿਸਦੇ ਚੱਲਦੇ ਨੌਜਵਾਨ ਲੜਕੀ ਨੇ ਫਾਹਾ ਲਗਾਕੇ ਖ਼ੁਦਕੁਸ਼ੀ ਕੀਤੀ ਹੈ। ਇਸ ਸਬੰਧ 'ਚ ਮ੍ਰਿਤਕਾ ਦੇ ਪਿਤਾ ਸੁਰਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ-174 ਤਹਿਤ ਕਾਰਵਾਈ ਕਰਦੇ ਹੋਏ ਹਸਪਤਾਲ ਚੋਂ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।