ਆਲੂ ਉਤਪਾਦਕਾਂ ਨੂੰ ਵੀ ਬਰਬਾਦ ਕਰ ਗਿਆ ਭਾਰੀ ਮੀਂਹ.!! (ਨਿਊਜ਼ਨੰਬਰ ਖਾਸ ਖਬਰ)

Last Updated: Feb 11 2019 13:54
Reading time: 1 min, 5 secs

ਪਹਾੜੀ ਇਲਾਕਿਆਂ ਵਿੱਚ ਪੈ ਰਹੀ ਭਾਰੀ ਬਰਫਬਾਰੀ ਤੋਂ ਬਾਅਦ ਪੰਜਾਬ ਸਮੇਤ ਕਈ ਰਾਜਾਂ ਦੇ ਵਿੱਚ ਲਗਾਤਾਰ ਬਾਰਸ਼ ਹੋ ਰਹੀ ਹੈ। ਬਾਰਸ਼ ਦੇ ਕਾਰਨ ਜਿੱਥੇ ਠੰਡ ਕਾਫੀ ਜ਼ਿਆਦਾ ਵੱਧ ਚੁੱਕੀ ਹੈ, ਉੱਥੇ ਹੀ ਬਾਰਸ਼ ਦੇ ਕਾਰਨ ਕਿਸਾਨ ਵੀ ਕਾਫੀ ਜ਼ਿਆਦਾ ਬਰਬਾਦ ਹੁੰਦੇ ਵਿਖਾਈ ਦੇ ਰਹੇ ਹਨ। ਦੱਸ ਦਈਏ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਪਏ ਬੀਤੇ ਦਿਨੀਂ ਮੀਂਹ ਨੇ ਕਣਕ ਦੀ ਫਸਲ ਜਿੱਥੇ ਬਰਬਾਦ ਕਰਕੇ ਰੱਖ ਦਿੱਤੀ, ਉੱਥੇ ਹੀ ਸਬਜ਼ੀਆਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਕੀਤਾ।

ਜਿਸ ਦੇ ਕਾਰਨ ਕਿਸਾਨ ਹੁਣ ਆਪਣੀ ਕਿਸਮਤ 'ਤੇ ਹੰਝੂ ਵਹਾ ਰਹੇ ਹਨ। ਭਾਰੀ ਮੀਂਹ ਅਤੇ ਗੜ੍ਹੇਮਾਰੀ ਦੇ ਚਲਦਿਆਂ ਜਿੱਥੇ ਖੇਤਾਂ ਵਿੱਚ ਬੀਜੀ ਆਲੂਆਂ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ, ਉੱਥੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਆਲੂਆਂ ਦੀਆਂ ਪੁੱਟ ਕੇ ਲਗਾਈਆਂ ਗਈਆਂ ਢੇਰੀਆਂ ਵੀ ਪਾਣੀ ਭਰ ਜਾਣ ਕਾਰਨ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਆਲੂ ਉਤਪਾਦਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਪਿਛਲੇ ਕਰੀਬ 3 ਸਾਲਾਂ ਤੋਂ ਆਲੂ ਦਾ ਪੂਰਾ ਭਾਅ ਨਹੀਂ ਦੇ ਰਹੀ।

ਦੂਜੇ ਪਾਸੇ ਕੁਦਰਤੀ ਕਹਿਰ ਨੇ ਉਨ੍ਹਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੀ ਕਰਜ਼ ਮੁਆਫੀ ਸਕੀਮ ਫਲਾਪ ਸਾਬਤ ਹੋ ਰਹੀ ਹੈ, ਕਿਉਂਕਿ ਕਰਜ਼ ਮੁਆਫੀ ਦਾ ਲਾਭ ਅਸਲ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਕਿਸਾਨਾਂ ਨੇ ਕਿਹਾ ਕਿ ਬੀਤੇ ਦਿਨੀਂ ਪਈ ਬਾਰਸ਼ ਦੇ ਕਾਰਨ ਆਲੂ ਅਤੇ ਕਣਕ ਸਮੇਤ ਹੋਰ ਫ਼ਸਲ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਬਰਬਾਦ ਹੋਈ ਫਸਲ ਦਾ ਸਰਕਾਰ ਮੁਆਵਜਾ ਦੇਵੇ।