ਖੁੱਲ੍ਹਾ ਚੱਲਿਆ ਚਾਈਨਾ ਡੋਰ ਦਾ ਵਪਾਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 11 2019 13:38
Reading time: 1 min, 3 secs

ਸੂਬੇ ਵਿੱਚ ਕੱਲ੍ਹ ਬਸੰਤ ਪੰਚਮੀ ਦਾ ਤਿਉਹਾਰ ਕੁੱਝ ਲੋਕਾਂ ਵੱਲੋਂ ਧਾਰਮਿਕ ਤਰੀਕੇ ਨਾਲ ਮਨਾਇਆ ਗਿਆ ਤਾਂ ਕੁੱਝ ਨੇ ਇਸ ਨੂੰ ਕਾਨੂੰਨ ਦੀ ਉਲੰਘਣਾ ਕਰਕੇ ਮਨਾਇਆ। ਚਾਈਨਾ ਡੋਰ ਦੇ ਇਸਤੇਮਾਲ ਤੇ ਭਾਵੇਂ ਭਾਰਤ ਦੀ ਉੱਚ ਅਦਾਲਤ ਵੱਲੋਂ ਵੀ ਰੋਕ ਲਗਾਈ ਗਈ ਹੈ ਲੇਕਿਨ ਇਸ ਗੱਲ ਦੀ ਪਰਵਾਹ ਨਾ ਹੀ ਵਪਾਰੀਆਂ ਨੇ ਕੀਤੀ ਅਤੇ ਨਾ ਹੀ ਇਸ ਡੋਰ ਨੂੰ ਖ਼ਰੀਦ ਕੇ ਪੇਚੇ ਲਗਾਉਣ ਵਾਲੇ ਨੌਜਵਾਨਾਂ ਨੇ ਕੀਤੀ। ਕੁੱਝ ਲੋਕਾਂ ਦੇ ਇਸ ਡੋਰ ਨਾਲ ਜ਼ਖਮੀ ਹੋਣ ਦੀਆਂ ਖ਼ਬਰਾਂ ਵੀ ਸੁਣਾਈ ਦਿੱਤੀਆਂ ਪਰ ਨਾ ਹੀ ਗਲੀਆਂ ਵਿੱਚ ਪੁਲੀਸ ਦੀ ਗੱਡੀ ਦੇਖੀ ਗਈ ਅਤੇ ਨਾ ਹੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਜੋ ਕਿ ਆਮ ਇਸ ਗੱਲ ਦੇ ਖ਼ਿਲਾਫ਼ ਹਨ ਕਿ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾਵੇ। ਇੱਥੇ ਦੱਸਣਯੋਗ ਹੈ ਕਿ ਸ਼ਨੀਵਾਰ ਪੂਰੀ ਰਾਤ ਸ਼ਹਿਰ ਦੇ ਤ੍ਰਿਪੜੀ ਇਲਾਕੇ ਵਿੱਚ ਇਸ ਚੀਨੀ ਡੋਰ ਦੀ ਵਿੱਕਰੀ ਹੋਈ ਹੈ ਅਤੇ ਨੌਜਵਾਨਾਂ ਵੱਲੋਂ ਇਸ ਤਿਉਹਾਰ ਤੇ ਸਿਰਫ਼ ਇਨ੍ਹਾਂ ਹੀ ਨਹੀਂ ਆਪੋ ਆਪਣੀਆਂ ਮੋਟਰਸਾਈਕਲਾਂ ਤੇ ਪਟਾਖੇ ਪਾ ਕੇ ਇਸ ਤਿਉਹਾਰ ਦਾ ਮਜ਼ਾ ਲਿਆ ਗਿਆ ਅਤੇ ਸ਼ੋਰ ਪ੍ਰਦੂਸ਼ਣ ਨੂੰ ਵਧਾਉਣ ਦੇ ਨਾਲ ਨਾਲ ਕਾਨੂੰਨ ਦੀ ਉਲੰਘਣਾ ਕੀਤੀ ਗਈ। ਜੇਕਰ ਕੱਲ੍ਹ ਥੋੜ੍ਹਾ ਜਿਹਾ ਕਸ਼ਟ ਪੀਪੀਸੀਬੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਤਾਂ ਇਸ ਡੋਰ ਦੀ ਵਿੱਕਰੀ ਕਰਨ ਵਾਲਿਆਂ ਅਤੇ ਇਸਤੇਮਾਲ ਕਰਨ ਵਾਲਿਆਂ ਨੂੰ ਚੰਗਾ ਸਬਕ ਦਿੱਤਾ ਜਾ ਸਕਦਾ ਸੀ ਲੇਕਿਨ ਪ੍ਰਸ਼ਾਸਨ ਨੇ ਸ਼ਾਂਤ ਰਹਿ ਕੇ ਖ਼ੁਦ ਹੀ ਆਪਣੇ ਵੱਲ ਅਣਗਹਿਲੀ ਦੀ ਸੂਈ ਨੂੰ ਘੁਮਾ ਲਿਆ ਹੈ।