ਕਾਂਗਰਸ ਦੇ ਹਰ ਸੀਟ ਤੇ ਦਰਜਨ ਦਾਅਵੇਦਾਰ ਪਰ ਅਕਾਲੀ ਦਲ ਤੇ ਆਪ ਕੋਲ ਬੰਦੇ ਘੱਟ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 11 2019 13:25
Reading time: 2 mins, 39 secs

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਸਿਆਸੀ ਪਾਰਟੀਆਂ ਦੇ ਟਿਕਟ ਦਾਅਵੇਦਾਰਾਂ ਦੀ ਦੌੜ ਲੱਗੀ ਹੋਈ ਹੈ ਤੇ ਇਸ ਵਿੱਚ ਕਾਂਗਰਸ ਦੇ ਸਭ ਤੋਂ ਵੱਧ ਬੰਦੇ ਸ਼ਾਮਿਲ ਹਨ। ਪੰਜਾਬ ਦੀਆਂ 13 ਸੀਟਾਂ ਲਈ ਕਾਂਗਰਸ ਦੇ ਕਰੀਬ 160 ਤੋਂ ਵੱਧ ਦਾਅਵੇਦਾਰਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਕੋਲ ਚਿਹਰਿਆਂ ਦੀ ਕਮੀ ਜਾਪ ਰਹੀ ਹੈ। ਅਕਾਲੀ ਦਲ ਵੱਲੋਂ ਸੂਬੇ ਵਿੱਚ 10 ਸੀਟਾਂ ਤੇ ਚੋਣ ਲੜੀ ਜਾਣੀ ਹੈ ਪਰ ਬਠਿੰਡਾ ਤੋਂ ਹਰਸਿਮਰਤ ਬਾਦਲ ਅਤੇ ਅਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਇਲਾਵਾ ਪਾਰਟੀ ਕੋਲ ਹੋਰ ਕਿਸੇ ਹਲਕੇ ਲਈ ਮਜ਼ਬੂਤ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ। ਅਕਾਲੀ ਦਲ ਦੇ ਲਈ ਮੁਸ਼ਕਿਲ ਦੀ ਘੜੀ ਇਹ ਵੀ ਹੈ ਕਿ ਸੰਗਰੂਰ ਤੋਂ ਪਾਰਟੀ ਦੇ ਸਭ ਤੋਂ ਮਜ਼ਬੂਤ ਚਿਹਰੇ ਮੰਨੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ ਤਾਂ ਦੂਜੇ ਪਾਸੇ ਖਡੂਰ ਸਾਹਿਬ ਦੇ ਚਿਹਰੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ ਤੋਂ ਪਾਰਟੀ ਦੇ ਮੌਜੂਦਾ ਸਾਂਸਦ ਸ਼ੇਰ ਸਿੰਘ ਘੁਬਾਇਆ ਵੀ ਪਾਰਟੀ ਨਾਲੋਂ ਲਗਭਗ ਅਲੱਗ ਹੋ ਚੁੱਕੇ ਹਨ ਅਤੇ ਸਿਰਫ਼ ਇੱਕ ਅਧਿਕਾਰਿਕ ਮੋਹਰ ਲੱਗਣੀ ਬਾਕੀ ਹੈ। ਅਜਿਹੇ ਵਿੱਚ ਪਾਰਟੀ ਦੇ ਲਈ ਆਪਣੀ ਪਾਣੀਓਂ ਪਤਲੀ ਹਾਲਤ ਨੂੰ ਸੁਧਾਰ ਕਰਨ ਵਾਸਤੇ ਵੱਡੇ ਚਿਹਰੇ ਚਾਹੀਦੇ ਹਨ ਅਤੇ ਪਾਰਟੀ ਕੋਲ ਇਹਨਾਂ ਹੀ ਵੱਡੇ ਚਿਹਰਿਆਂ ਦੀ ਕਮੀ ਦਿਖਾਈ ਦੇ ਰਹੀ ਹੈ। ਇਸ ਸਭ ਦੇ ਵਿੱਚ ਰਾਜਨੀਤਿਕ ਅਫ਼ਵਾਹਾਂ ਦੇ ਅਨੁਸਾਰ ਪਾਰਟੀ ਵੱਲੋਂ ਆਪਣਾ ਪੱਖ ਮਜ਼ਬੂਤ ਕਰਨ ਅਤੇ ਜਿੱਤਣ ਦੀ ਤਗੜੀ ਕੋਸ਼ਿਸ਼ ਕਰਨ ਦੇ ਲਈ ਮੈਦਾਨ ਵਿੱਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਰਗੇ ਵੱਡੇ ਉਮੀਦਵਾਰ ਵੀ ਉਤਾਰੇ ਜਾ ਸਕਦੇ ਹਨ। 

ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਹਾਲਤ ਅਕਾਲੀ ਦਲ ਨਾਲੋਂ ਵੀ ਜ਼ਿਆਦਾ ਪਤਲੀ ਹੈ ਅਤੇ ਪਿਛਲੀ ਵਾਰ ਚਾਰ ਸੀਟਾਂ ਜਿੱਤਣ ਵਾਲੀ ਪਾਰਟੀ ਇਸ ਵਾਰ ਜ਼ਿਆਦਾਤਰ ਸੀਟਾਂ ਤੇ ਜ਼ਮਾਨਤ ਜ਼ਬਤ ਹੋਣ ਤੋਂ ਬਚਾਉਣ ਦੇ ਲਈ ਹੱਥ ਪੈਰ ਮਾਰਦੀ ਦਿਖਾਈ ਦੇ ਰਹੀ ਹੈ। ਖਹਿਰਾ ਦੇ ਨਾਲ ਕਰੀਬ ਅੱਧਾ ਦਰਜਨ ਵਿਧਾਇਕ, ਬੈਂਸ ਭਰਾਵਾਂ ਦਾ ਸਾਥ ਅਤੇ ਆਪਣੇ ਦੋ ਮੌਜੂਦਾ ਸਾਂਸਦ ਡਾ. ਗਾਂਧੀ ਅਤੇ ਖ਼ਾਲਸਾ ਨੂੰ ਖੋਹਣ ਦੇ ਬਾਅਦ ਪਾਰਟੀ ਦੇ ਕੋਲ ਇਸ ਸਮੇਂ 13 ਉਮੀਦਵਾਰ ਵੀ ਪੂਰੇ ਨਹੀਂ ਹਨ। ਸੰਗਰੂਰ ਤੋਂ ਭਗਵੰਤ ਮਾਨ ਨੂੰ ਛੱਡ ਕੇ ਬਾਕੀ ਕਿਸੇ ਵੀ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਟੱਕਰ ਵਿੱਚ ਦਿਖਾਈ ਨਹੀਂ ਦੇ ਰਿਹਾ ਹੈ। ਭਾਵੇਂਕਿ ਪਾਰਟੀ ਪਹਿਲਾਂ ਹੀ ਪੰਜ ਉਮੀਦਵਾਰ ਐਲਾਨ ਕਰ ਚੁੱਕੀ ਹੈ ਪਰ ਇਹਨਾਂ ਪੰਜ ਅਤੇ ਬਾਕੀ ਰਹਿੰਦੇ ਅੱਠ ਵਿੱਚੋਂ ਇਸ ਸਮੇਂ ਸਿਰਫ਼ ਅਤੇ ਸਿਰਫ਼ ਭਗਵੰਤ ਮਾਨ ਹੀ ਟੱਕਰ ਦੇਣ ਵਾਲੇ ਦਿਖਾਈ ਦੇ ਰਹੇ ਹਨ। ਪਾਰਟੀ ਦੇ ਵੱਲੋਂ ਆਪਣੇ ਰਹਿੰਦੇ ਅੱਠ ਉਮੀਦਵਾਰਾਂ ਦੇ ਵਿੱਚ ਕੁਝ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੇ ਜਾਣ ਦੀ ਅਫ਼ਵਾਹ ਵੀ ਜ਼ੋਰ ਫੜ ਰਹੀ ਹੈ। ਫ਼ਿਲਹਾਲ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ ਕੇ ਆਪ ਅਤੇ ਅਕਾਲੀ ਦਲ ਵੱਲੋਂ ਆਪਣੇ ਕਿਹੜੇ ਯੋਧਿਆਂ ਤੇ ਇਹ ਦਾਅ ਖੇਡੇ ਜਾਂਦੇ ਹਨ।

ਦੂਜੇ ਪਾਸੇ ਇਹਨਾਂ ਪਾਰਟੀਆਂ ਦੇ ਮੁਕਾਬਲੇ ਵਿੱਚ ਕਾਂਗਰਸ ਕੋਲ 13 ਸੀਟਾਂ ਲਈ 160 ਤੋਂ ਵੱਧ ਦਾਅਵੇਦਾਰਾਂ ਨੇ ਆਪਣਾ ਪੱਖ ਪੇਸ਼ ਕੀਤਾ ਹੈ ਅਤੇ ਹਰ ਸੀਟ ਦੇ ਹਿਸਾਬ ਨਾਲ ਇਹ ਔਸਤਨ ਇੱਕ ਦਰਜਨ ਤੋਂ ਵੱਧ ਉਮੀਦਵਾਰ ਪ੍ਰਤੀ ਸੀਟ ਬਣਦੇ ਹਨ। ਕਾਂਗਰਸ ਦੇ ਵਿੱਚ ਵੀ ਮੌਜੂਦਾ ਚਾਰ ਸੀਟਾਂ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਲੁਧਿਆਣਾ ਤੋਂ ਆਪਣੇ ਮੌਜੂਦਾ ਸਾਂਸਦ ਹੀ ਦੁਬਾਰਾ ਦੌੜ ਵਿੱਚ ਤੇ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਦੌੜ ਵਿੱਚ ਅੱਗੇ ਦਿਖਾਈ ਦਿੰਦੇ ਹਨ ਜਦਕਿ ਬਾਕੀ ਸੀਟਾਂ ਦੇ ਪਾਰਟੀ ਹਾਈਕਮਾਨ ਦਾਅਵੇਦਾਰਾਂ ਅਤੇ ਇਹਨਾਂ ਤੋਂ ਇਲਾਵਾ ਕਿਸੇ ਹੋਰ ਚਿਹਰੇ ਤੇ ਵੀ ਫ਼ੈਸਲਾ ਕਰ ਸਕਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।