ਸੰਸਦ 'ਚ ਵੀ ਸੁਣਾਈ ਦਿੱਤਾ, ਅਧਿਆਪਕਾਂ ਤੇ ਚੱਲੀ ਡਾਂਗ ਦਾ ਖ਼ੜਾਕ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 11 2019 13:15

ਪਟਿਆਲਾ ਵਿੱਚ ਖ਼ੜਕੀ ਕੈਪਟਨੀ ਡਾਂਗ ਦਾ ਖ਼ੜਾਕ ਅੱਜ ਦਿੱਲੀ ਵਿੱਚ ਵੀ ਸਾਫ਼-ਸਾਫ਼ ਸੁਣਾਈ ਦਿੱਤਾ। ਕੇਵਲ ਡਾਂਗ ਦਾ ਖ਼ੜਾਕ ਹੀ ਨਹੀਂ ਬਲਕਿ ਪੁਲਸ ਦੀਆਂ ਪਾਣੀ ਵਾਲੀਆਂ ਤੋਪਾਂ ਨਾਲ ਭਿੱਜੇ ਤੇ ਜ਼ਖ਼ਮੀ ਹੋਏ ਮਾਸਟਰ ਤੇ ਮਾਸਟਰਾਣੀਆਂ ਦੀਆਂ ਚੀਖ਼ਾਂ ਵੀ ਸੁਣਾਈ ਦਿੱਤੀਆਂ। ਅੱਜ ਸੰਸਦ ਦੀ ਕਾਰਵਾਈ ਦੇ ਦੌਰਾਨ ਅਕਾਲੀ ਦਲ ਬਾਦਲ ਨਾਲ ਸਬੰਧਤ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਸਰਕਾਰ ਨੂੰ ਖ਼ੂਬ ਲਾਹਣਤਾਂ ਪਾਈਆਂ।

ਅੱਜ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਗੱਲ ਸਾਫ਼ ਹੋ ਗਈ ਸੀ ਕਿ, ਹੋਰ ਕੁਝ ਹੋਵੇ ਜਾਂ ਨਾ ਹੋਵੇ, ਪਰ ਪਟਿਆਲਾ ਵਿੱਚ ਮਾਸਟਰ ਮਾਸਟਰਾਣੀਆਂ ਦੇ ਪਿੰਡਿਆਂ ਤੇ ਖ਼ੜਕੀ ਕੈਪਟਨੀ ਡਾਂਗ ਦਾ ਖ਼ੜਾਕ ਜ਼ਰੂਰ ਸੁਣਾਈ ਦੇਵੇਗਾ, ਤੇ ਹੋਇਆ ਵੀ ਇਹੀ ਕੁਝ। ਚੰਦੂਮਾਜ਼ਰਾ ਨੇ ਕਿਹਾ ਕਿ, ਕੈਪਟਨ ਸਰਕਾਰ ਦੀਆਂ ਇਹਨਾਂ ਦਮਨਕਾਰੀਆਂ ਨੀਤੀਆਂ ਦੇ ਖ਼ਿਲਾਫ਼ ਕੇਂਦਰ ਸਰਕਾਰ ਨੂੰ ਦਖ਼ਲਅੰਦਾਜ਼ ਜ਼ਰੂਰ ਦੇਣਾ ਚਾਹੀਦਾ ਹੈ।

ਚੰਦੂਮਾਜਰਾ ਦਾ ਕਹਿਣੈ ਕਿ, ਬਹੁਤ ਹੀ ਨਿੰਦਣਯੋਗ ਗੱਲ ਹੈ ਕਿ, ਨਾ ਹੀ ਮੁੱਖ ਮੰਤਰੀ ਤੇ ਨਾ ਹੀ ਉਹਨਾਂ ਦੇ ਮੰਤਰੀ ਮੰਡਲ ਦਾ ਕੋਈ ਹੋਰ ਮੰਤਰੀ ਅਧਿਆਪਕਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਹਨਾਂ ਕੈਪਟਨ ਸਰਕਾਰ ਤੇ ਤਾਨਾਸ਼ਾਹੀ ਵਤੀਰਾ ਅਪਣਾਉਣ ਦਾ ਇਲਜ਼ਾਮ ਵੀ ਲਗਾਇਆ।

ਦੂਜੇ ਪਾਸੇ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਵੀ ਪੰਜਾਬ ਦੀ ਕਾਂਗਰਸ ਸਰਕਾਰ ਦੁਆਰਾ ਅਧਿਆਪਕਾਂ ਤੇ ਲਾਠੀਚਾਰਜ ਅਤੇ ਜਲ ਤੋਪਾਂ ਨਾਲ ਕੀਤੇ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਕੈਪਟਨ ਸਰਕਾਰ ਦੀ ਵੱਡੀ ਨਾਕਾਮੀ ਦੱਸਿਆ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।