ਮੱਛੀ ਪਾਲਣ ਵਿਭਾਗ ਵੱਲੋਂ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਅੱਜ ਤੋਂ : ਵਿੱਦਿਆ ਸਾਗਰ

Last Updated: Feb 11 2019 13:01
Reading time: 0 mins, 58 secs

ਮੱਛੀ ਪਾਲਣ ਵਿਭਾਗ ਵੱਲੋਂ 'ਹੁਨਰ ਵਿਕਾਸ' ਪ੍ਰੋਗਰਾਮ ਤਹਿਤ ਮੱਛੀ ਪੂੰਗ ਫਾਰਮ, ਕਪੂਰਥਲਾ ਵਿਖੇ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ 11 ਤੋਂ 13 ਫਰਵਰੀ ਤੱਕ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਕਾਰਜਕਾਰੀ ਅਫ਼ਸਰ, ਮੱਛੀ ਪਾਲਕ ਵਿਕਾਸ ਏਜੰਸੀ ਕਪੂਰਥਲਾ ਵਿੱਦਿਆ ਸਾਗਰ ਨੇ ਦੱਸਿਆ ਕਿ ਭਲਕੇ 11 ਫਰਵਰੀ ਨੂੰ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਇਸ ਕੈਂਪ ਵਿੱਚ ਮੱਛੀ ਪਾਲਣ ਦੇ ਕਿੱਤੇ ਨਾਲ ਹੋਰ ਕਿੱਤਿਆਂ ਡੇਅਰੀ ਫਾਰਮਿੰਗ, ਸੂਰ ਪਾਲਣ, ਮੁਰਗ਼ੀ ਪਾਲਣ, ਬਾਗ਼ਬਾਨੀ, ਖੇਤੀਬਾੜੀ ਆਦਿ ਬਾਰੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਜਾਣਕਾਰੀ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਲਾਭਪਾਤਰੀਆਂ ਨੂੰ ਇੱਕ ਦਿਨ ਦਾ ਐਕਸਪੋਜ਼ਰ ਵਿਜ਼ਿਟ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਮੱਛੀ ਪਾਲਣ ਨਾਲ ਹੋਰ ਧੰਦੇ ਕਰ ਰਹੇ ਲਾਭਪਾਤਰੀਆਂ ਨਾਲ ਰੁ-ਬਰੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਕੈਂਪ ਵਿੱਚ ਮੱਛੀ ਪਾਲਕ, ਮੱਛੀ ਵਿਕਰੇਤਾ, ਐਨ. ਜੀ. ਓਜ਼ ਅਤੇ ਕਾਰੋਬਾਰੀ ਆਦਿ ਟਰੇਨਿੰਗ ਹਾਸਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਲਾਭਪਾਤਰੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਇਸ ਟਰੇਨਿੰਗ ਕੈਂਪ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਆਪਣੀਆਂ ਦੋ ਪਾਸਪੋਰਟ ਸਾਈਜ਼ ਫ਼ੋਟੋਆਂ, ਆਧਾਰ ਕਾਰਡ ਦੀ ਕਾਪੀ ਅਤੇ ਬੈਂਕ ਖਾਤੇ ਦੀ ਪਾਸ-ਬੁੱਕ ਦੀ ਕਾਪੀ ਲੈ ਕੇ ਮਿਤੀ 11 ਫਰਵਰੀ 2019 ਨੂੰ ਮੱਛੀ ਪੂੰਗ ਫਾਰਮ, ਬੀੜ ਸ਼ਿਕਾਰਗਾਹ, ਕਪੂਰਥਲਾ ਵਿਖੇ ਆ ਕੇ ਰਿਪੋਰਟ ਕਰਨ।