ਅਮੀਰਾਂ ਦੇ ਹੁੰਦੇ ਨੇ ਕਰਜ਼ੇ ਮੁਆਫ਼, ਪਰ ਅੰਨਦਾਤੇ ਦਾ... (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 11 2019 13:03
Reading time: 2 mins, 36 secs

ਪੰਜਾਬ ਦੇ ਅੰਦਰ ਰੋਜ਼ਾਨਾ ਹੀ ਇੱਕ-ਦੋ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਹਨ, ਪਰ ਸੱਤਾ ਸੰਭਾਲੀ ਬੈਠੀ ਕਾਂਗਰਸ ਸਰਕਾਰ ਦਾਅਵੇ ਤਾਂ ਕਈ ਕਰ ਰਹੀ ਹੈ, ਪਰ ਕਿਸਾਨਾਂ ਦਾ ਕਰਜ਼ ਮੁਆਫ਼ ਪੂਰਾ ਨਹੀਂ ਹੋ ਰਿਹਾ। ਜਿਸ ਦੇ ਕਾਰਨ ਕਿਸਾਨਾਂ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸੱਤਾ ਵਿੱਚ ਆਉਣ ਤੋਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆ ਜਾਂਦੀ ਹੈ ਤਾਂ ਸਾਰੇ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾਵੇਗਾ। 

ਵੇਖਿਆ ਜਾਵੇ ਤਾਂ ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਇਆਂ ਨੂੰ ਕਰੀਬ 2 ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਹੁਣ ਤੱਕ ਇਹ ਸਰਕਾਰ ਜਿੱਥੇ ਸਾਰੇ ਕਿਸਾਨਾਂ ਦੇ ਕਰਜ਼ ਮੁਆਫ਼ ਨਹੀਂ ਕਰ ਸਕੀ, ਉੱਥੇ ਹੀ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਤੋਂ ਤੰਗ ਆ ਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰੇ ਹੋਏ ਹਨ। ਕਿਸਾਨਾਂ ਦਾ ਖ਼ੁਦਕੁਸ਼ੀ ਕਰ ਜਾਣਾ, ਸਰਕਾਰ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਕਿਉਂਕਿ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਦਾ ਲਾਭ ਸੂਬੇ ਦੇ ਹਜ਼ਾਰਾਂ ਕਿਸਾਨਾਂ ਨੂੰ ਨਹੀਂ ਮਿਲ ਰਿਹਾ, ਜਿਸ ਦੇ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। 

ਅੱਜ ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਮਹਿਮਾ ਦੇ ਕਿਸਾਨ ਕਰਮਜੀਤ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ 'ਤੇ ਕਰੀਬ 15 ਲੱਖ ਰੁਪਏ ਦਾ ਕਰਜ਼ਾ ਸੀ। ਸਰਕਾਰ ਦੀ ਕਰਜ਼ ਮੁਆਫ਼ੀ 'ਤੇ ਸਵਾਲ ਚੁੱਕਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਅਤੇ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ ਕਿਸਾਨ ਕਰਮਜੀਤ ਸਿੰਘ ਪੁੱਤਰ ਬਲਵੰਤ ਸਿੰਘ ਉਮਰ ਕਰੀਬ 45 ਸਾਲ ਨੇ ਅੱਜ ਸਵੇਰੇ ਆਰਥਿਕ ਤੰਗੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ ਹੈ। 

ਉਨ੍ਹਾਂ ਦੋਸ਼ ਲਗਾਇਆ ਕਿ ਸੱਤਾ ਵਿੱਚ ਆਉਣ ਤੋਂ ਪਹਿਲੋਂ ਕਿਸਾਨਾਂ ਦੇ ਨਾਲ ਕਰਜ਼ ਮੁਆਫ਼ੀ ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਵੀ ਕਿਸੇ ਕਿਸਾਨ ਦਾ ਕਰਜ਼ਾ ਮੁਆਫ਼ ਨਹੀਂ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਭਾਵੇਂ ਹੀ ਪੰਜਾਬ ਦੇ ਅੰਦਰ ਕਿਸਾਨਾਂ ਦੇ ਕਰਜ਼ ਮੁਆਫ਼ੀ ਲਈ ਸਕੀਮਾਂ ਚਲਾ ਰਹੀ ਹੈ, ਪਰ ਇਸ ਕਰਜ਼ ਮੁਆਫ਼ੀ ਦਾ ਲਾਭ ਅਸਲ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕ ਅਤੇ ਮੰਤਰੀ ਆਪਣੇ ਚਹੇਤਿਆਂ ਦੇ ਕਰਜ਼ ਮੁਆਫ਼ ਕਰਵਾਉਣ ਵਿੱਚ ਪਹਿਲ ਕਦਮੀ ਵਿਖਾ ਰਹੇ ਹਨ। 

ਜਿਸ ਤੋਂ ਤੰਗ ਆ ਕੇ ਛੋਟੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅਵਤਾਰ ਮਹਿਮਾ ਅਤੇ ਗੁਰਮੀਤ ਮਹਿਮਾ ਨੇ ਦੋਸ਼ ਲਗਾਇਆ ਕਿ ਜਿੰਨੀਆਂ ਵੀ ਸਰਕਾਰਾਂ ਨੇ ਹੁਣ ਤੱਕ ਦੇਸ਼ ਦੀ ਸੱਤਾ 'ਤੇ ਰਾਜ ਕੀਤਾ ਹੈ, ਹਰ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲੋਂ ਵਾਅਦੇ ਤਾਂ ਲੱਖਾਂ ਕੀਤੇ ਹਨ, ਪਰ ਅਫ਼ਸੋਸ ਉਕਤ ਵਾਅਦੇ ਪੂਰੇ ਨਹੀਂ ਕੀਤੇ। ਜਿਸ ਦੇ ਕਾਰਨ ਲੋਕ ਸੜਕਾਂ 'ਤੇ ਉੱਤਰੇ ਹੋਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰਾਂ ਨੇ ਕਦੇ ਵੀ ਕਿਸਾਨ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਮਾਮੂਲੀ ਜਿਹੇ ਕਰਜ਼ੇ ਮੁਆਫ਼ ਕਰਕੇ ਅਤੇ ਫ਼ਸਲਾਂ ਦੇ ਭਾਅ ਵਧਾ ਕੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। 

ਉਨ੍ਹਾਂ ਰੋਸ ਜਤਾਉਂਦਿਆਂ ਹੋਇਆ ਕਿਹਾ ਕਿ ਨੇਤਾ ਲੋਕ ਕਰਜ਼ ਮੁਆਫ਼ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਕਰ ਰਹੇ ਹਨ, ਪਰ ਕਰਜ਼ੇ ਤੋਂ ਤੰਗ ਆ ਕੇ ਮਰ ਰਹੇ ਕਿਸਾਨ ਸਰਕਾਰਾਂ ਨੂੰ ਨਹੀਂ ਵਿਖ ਰਹੇ। ਜਿਸ ਦੇ ਕਾਰਨ ਸਮੂਹ ਕਿਸਾਨ ਜੱਥੇਬੰਦੀਆਂ ਸਰਕਾਰਾਂ ਦੇ ਖ਼ਿਲਾਫ਼ ਸੰਘਰਸ਼ ਵਿੱਚ ਜੁੱਟੀਆਂ ਹੋਈਆਂ ਹਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਕਰਮਜੀਤ ਸਿੰਘ ਦੇ ਪੂਰੇ ਕਰਜ਼ੇ 'ਤੇ ਲਕੀਰ ਮਾਰੀ ਜਾਵੇ ਅਤੇ ਪਰਿਵਾਰ ਨੂੰ ਮੁਆਵਜ਼ਾ ਤੁਰੰਤ ਦਿੱਤਾ ਜਾਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।