ਯੂ.ਪੀ ਤੋਂ ਲਿਆ ਕੇ ਕਰਦੇ ਸੀ ਸਪਲਾਈ, ਦੋ ਨਸ਼ਾ ਤਸਕਰ 55 ਕਿੱਲੋ ਗਾਂਜੇ ਸਣੇ ਕਾਬੂ...!!! (ਨਿਊਜ਼ਨੰਬਰ ਖਾਸ ਖਬਰ)

Last Updated: Feb 11 2019 12:50
Reading time: 1 min, 48 secs

ਨਸ਼ਿਆਂ ਦੀ ਸਮਗਲਿੰਗ ਕਰਨ ਵਾਲੇ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਉੱਤਰ ਪ੍ਰਦੇਸ਼ ਦੇ ਨਸ਼ਾ ਤਸਕਰਾਂ ਤੋਂ ਨਸ਼ੀਲੇ ਪਦਾਰਥ ਪੰਜਾਬ ਲਿਆ ਕੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕੀਤੇ ਜਾਣ ਦਾ ਖੰਨਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਚੈਕਿੰਗ ਦੌਰਾਨ ਵੱਡੀ ਮਾਤਰਾ 'ਚ ਗਾਂਜੇ ਦੀ ਖੇਪ ਸਣੇ ਦੋ ਨਸ਼ਾ ਤਸਕਰਾਂ ਨੂੰ 55 ਕਿੱਲੋ ਗਾਂਜੇ ਨਾਲ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਬਰਾਮਦ ਕੀਤੇ ਗਾਂਜੇ ਦੀ ਬਰਾਮਦਗੀ ਪੰਜਾਬ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਕਾਬੂ ਕੀਤੇ ਦੋਨਾਂ ਆਰੋਪੀਆਂ ਦੇ ਖ਼ਿਲਾਫ਼ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਥਾਣਾ ਦੋਰਾਹਾ 'ਚ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਗਾਂਜਾ ਬਰਾਮਦਗੀ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਧਰੁਵ ਦਹਿਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੀਐਸਪੀ ਮਨਜੀਤ ਸਿੰਘ, ਐਸਐਚਓ ਦੋਰਾਹਾ ਕਰਨੈਲ ਸਿੰਘ ਦੀ ਨਿਗਰਾਨੀ 'ਚ ਐਂਟੀ ਨਾਰਕੋਟਿਕਸ ਸੈਲ ਦੇ ਸਬ ਇੰਸਪੈਕਟਰ ਲਾਭ ਸਿੰਘ, ਏਐਸਆਈ ਅਵਤਾਰ ਸਿੰਘ ਅਤੇ ਏਐਸਆਈ ਗੁਰਮੁਖ ਸਿੰਘ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਦੋਰਾਹਾ ਦੇ ਜੀ.ਟੀ ਰੋਡ ਸਥਿਤ ਲਗਾਏ ਗਏ ਹਾਈਟੈਕ ਨਾਕੇ ਦੌਰਾਨ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਬੱਸ ਸਟੈਂਡ ਦੋਰਾਹਾ ਵਾਲੀ ਸਾਈਡ ਤੋਂ ਸਿਰਾਂ ਦੇ ਉੱਪਰ ਪਲਾਸਟਿਕ ਦੇ ਥੈਲੇ ਚੁੱਕੀ ਪੈਦਲ ਆ ਰਹੇ ਦੋ ਵਿਅਕਤੀ ਪੁਲਿਸ ਨੂੰ ਦੇਖ ਕੇ ਥੈਲੇ ਸੜਕ ਤੇ ਸੁੱਟ ਕੇ ਦੌੜ ਗਏ। ਜਿਸਦੇ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਦੋਨਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ।

ਐਸਐਸਪੀ ਧਰੁਵ ਦਹਿਆ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵੱਲੋਂ ਸੁੱਟੇ ਥੈਲਿਆਂ ਦੀ ਚੈਕਿੰਗ ਕੀਤੀ ਤਾਂ ਤਲਾਸ਼ੀ ਦੌਰਾਨ ਦੋਨਾਂ ਥੈਲਿਆਂ ਅੰਦਰੋਂ ਪਾਲੀਥੀਨ ਲਿਫਾਫਿਆਂ 'ਚ ਲਪੇਟ ਕੇ ਰੱਖਿਆ ਹੋਇਆ 55 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ। ਜਿਸਦੇ ਚੱਲਦੇ ਦੋਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਕੀਤੀ ਗਈ ਪੁੱਛਗਿੱਛ ਬਾਅਦ ਉਨ੍ਹਾਂ ਦੀ ਪਹਿਚਾਣ ਜ਼ਿਲ੍ਹਾ ਸਿੰਘ ਅਤੇ ਰਸਾਲੂ ਦੋਨੋਂ ਵਾਸੀ ਚਿਤੌੜਗੜ (ਰਾਜਸਥਾਨ) ਹਾਲ ਵਾਸੀ ਅਨਾਜ ਮੰਡੀ, ਨਜ਼ਦੀਕ ਕੈਨੇਡੀਅਨ ਹਸਪਤਾਲ ਪਿੰਡ ਔੜ (ਜ਼ਿਲ੍ਹਾ ਨਵਾਂਸ਼ਹਿਰ) ਦੇ ਤੌਰ ਤੇ ਹੋਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕਾਬੂ ਕੀਤੇ ਦੋਨੋਂ ਆਰੋਪੀਆਂ ਤੋਂ ਸ਼ੁਰੂਆਤੀ ਤੌਰ ਤੇ ਕੀਤੀ ਗਏ ਪੁੱਛਗਿੱਛ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਹੈ ਕਿ ਉਹ ਬਰਾਮਦ ਗਾਂਜੇ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਉੱਤਰ-ਪ੍ਰਦੇਸ਼ (ਯੂ.ਪੀ) ਦੇ ਨਸ਼ਾ ਤਸਕਰਾਂ ਤੋਂ ਖਰੀਦ ਕੇ ਪੰਜਾਬ ਲਿਆਉਣ ਉਪਰੰਤ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕਰਦੇ ਸਨ, ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਦੋਰਾਹਾ 'ਚ ਐਨਡੀਪੀਐਸ ਅਧੀਨ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।