ਇੱਕ ਹੋਰ ਅੰਨਦਾਤਾ ਕਰਜ਼ੇ ਦੇ ਬੋਝ ਨੂੰ ਨਾ ਝੱਲਦਿਆਂ ਕਰ ਗਿਆ ਖ਼ੁਦਕੁਸ਼ੀ.!!!

Last Updated: Feb 11 2019 12:45
Reading time: 0 mins, 55 secs

ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਮਹਿਮਾ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਅੱਜ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਬਲਵੰਤ ਸਿੰਘ (45) ਵਾਸੀ ਪਿੰਡ ਮਹਿਮਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਕਰਮਜੀਤ ਸਿੰਘ ਦੇ ਕੋਲ ਕਰੀਬ 5 ਏਕੜ ਜ਼ਮੀਨ ਸੀ ਅਤੇ ਉਸ 'ਤੇ ਭਾਰੀ ਕਰਜ਼ਾ ਸੀ। ਪਿਛਲੇ ਸਮੇਂ ਵਿੱਚ ਕਰਮਚੀਤ ਸਿੰਘ ਨੇ ਆਪਣੀ ਡੇਢ ਏਕੜ ਜ਼ਮੀਨ ਵੇਚ ਕੇ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਬਾਵਜੂਦ ਇਸ ਦੇ ਕਰਜ਼ਾ ਦਾ ਬੋਝ ਹੌਲਾ ਨਹੀਂ ਹੋਇਆ। 

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਿਕ ਕਿਸਾਨ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ, ਕਿਉਂਕਿ ਕਰਜ਼ੇ ਕਾਰਨ ਉਸ ਦੀ ਜ਼ਮੀਨ ਵੀ ਚਲੀ ਗਈ, ਪਰ ਕਰਜ਼ਾ ਹਾਲੇ ਵੀ ਉਸ ਦੇ ਸਿਰ ਕਰੀਬ 12 ਤੋਂ 13 ਲੱਖ ਦਾ ਕਰਜ਼ਾ ਖੜ੍ਹਾ ਸੀ। ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਸਟੇਟ ਬੈਂਕ ਆਫ਼ ਇੰਡੀਆ ਦਾ ਕਿਸਾਨ ਕਰਮਜੀਤ ਸਿੰਘ ਦੇ ਸਿਰ 'ਤੇ ਕਰਜ਼ਾ ਸੀ ਅਤੇ ਬੈਂਕ ਵਾਲੇ ਲਗਾਤਾਰ ਕਿਸਾਨ ਨੂੰ ਪ੍ਰੇਸ਼ਾਨ ਕਰ ਰਹੀ ਸੀ, ਜਿਸ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਸਵੇਰੇ ਤੜਕ ਸਾਰ ਹੀ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ।