ਚਲਾਕ ਪੁਰਸ਼ ਨੇ 8 ਲੱਖ ਹਾਸਲ ਕਰਕੇ ਜ਼ਮੀਨ ਕਰਵਾ ਦਿੱਤੀ ਆਪਣੇ ਮੁੰਡਿਆਂ ਦੇ ਨਾਮ.!!!!

Last Updated: Feb 11 2019 12:46
Reading time: 1 min, 18 secs

21ਵੀਂ ਸਦੀ ਵਿੱਚ ਅਸੀਂ ਭਾਵੇਂ ਹੀ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੇ ਹਾਂ, ਪਰ ਸਾਡੇ ਭਾਰਤ ਦੇ ਬਹੁਤੇ ਲੋਕਾਂ ਦੇ ਮਨਾਂ ਵਿੱਚ ਹਾਲੇ ਵੀ ਠੱਗੀ ਮਾਰਨ ਦਾ ਭੂਤ ਹੀ ਸਵਾਰ ਰਹਿੰਦਾ ਹੈ। ਚੁਸਤ ਅਤੇ ਚਲਾਕ ਲੋਕ ਠੱਗੀ ਮਾਰਨ ਲੱਗਿਆ ਮਿੰਟ ਨਹੀਂ ਲਗਾਉਂਦੇ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਦਾਖਲੀ ਮਸਕੇ ਕੇ ਦਾ ਸਾਹਮਣੇ ਆਇਆ ਹੈ, ਜਿੱਥੋਂ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਕਾਮਲ ਵਾਲਾ ਦੇ ਇੱਕ ਵਿਅਕਤੀ ਨੇ ਆਪਣੀ ਜ਼ਮੀਨ ਦਾ ਇਕਰਾਰਨਾਮਾ ਕਰਕੇ 8 ਲੱਖ ਰੁਪਏ ਹਾਸਲ ਕਰਨ ਤੋਂ ਬਾਅਦ ਜ਼ਮੀਨ ਆਪਣੇ ਪੁੱਤਰਾਂ ਦੇ ਨਾਮ ਕਰਵਾ ਦਿੱਤੀ।

ਉਕਤ ਮਾਮਲੇ ਦੇ ਸਬੰਧ ਵਿੱਚ ਸਦਰ ਫ਼ਿਰੋਜ਼ਪੁਰ ਪੁਲਿਸ ਵੱਲੋਂ ਇੱਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਤਿੰਦਰਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਅਨ ਵਾਹਕਾ ਦਾਖਲੀ ਮਸਤੇ ਕੇ ਥਾਣਾ ਆਰਫ ਨੇ ਸਦਰ ਫਿਰੋਜ਼ਪੁਰ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਭਜਨ ਸਿੰਘ ਨੇ ਮੁੱਦਈ ਨਾਲ 17 ਕਨਾਲ ਜ਼ਮੀਨ ਦਾ ਇਕਰਾਰਨਾਮਾ ਕਰਕੇ 8 ਲੱਖ ਰੁਪਏ ਹਾਸਲ ਕਰਕੇ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਉਕਤ ਜ਼ਮੀਨ ਭਜਨ ਸਿੰਘ ਨੇ ਆਪਣੇ ਲੜਕੇ ਗੁਰਪ੍ਰੀਤ ਸਿੰਘ ਅਤੇ ਗੁਰਕੀਰਤਨ ਸਿੰਘ ਦੇ ਨਾਮ ਕਰਵਾ ਦਿੱਤੀ।

ਅਤਿੰਦਰਪਾਲ ਸਿੰਘ ਨੇ ਦੋਸ਼ ਲਗਾਇਆ ਕਿ ਭਜਨ ਸਿੰਘ ਨੇ ਨਾ ਤਾਂ ਉਸ ਦੇ 8 ਲੱਖ ਰੁਪਏ ਵਾਪਸ ਕੀਤੇ ਅਤੇ ਨਾ ਹੀ ਜ਼ਮੀਨ ਦੀ ਰਜਿਸਟਰੀ ਕਰਵਾ ਕੇ ਦਿੱਤੀ ਹੈ, ਇਸ ਤਰ੍ਹਾਂ ਕਰਕੇ ਮੁੱਦਈ ਦੇ ਨਾਲ ਉਕਤ ਭਜਨ ਸਿੰਘ ਨੇ 8 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਤਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਭਜਨ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਕਾਮਲ ਵਾਲਾ ਉਰਫ ਮੁੱਠਿਆਂ ਵਾਲਾ ਦੇ ਖਿਲਾਫ ਧੋਖਾਧੜੀ ਦੀਆਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।