ਰੇਲਵੇ ਵਿਭਾਗ 'ਚ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 15 ਲੱਖ.!!!!

Last Updated: Feb 11 2019 12:34
Reading time: 1 min, 17 secs

ਪਿੰਡ ਸ਼ਾਹਦੀਨ ਵਾਲਾ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਨੂੰ ਰੇਲਵੇ ਵਿਭਾਗ ਵਿੱਚ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਤਿੰਨ ਲੋਕਾਂ ਦੇ ਵੱਲੋਂ ਕਥਿਤ ਤੌਰ 'ਤੇ 15 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਸਦਰ ਫਿਰੋਜ਼ਪੁਰ ਥਾਣੇ ਦੀ ਪੁਲਿਸ ਵੱਲੋਂ ਇੱਕ ਔਰਤ ਸਮੇਤ ਤਿੰਨ ਜਣਿਆਂ ਦੇ ਵਿਰੁੱਧ ਧੋਖਾਧੜੀ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਸਦਰ ਫਿਰੋਜ਼ਪੁਰ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਮੰਗਲ ਸਿੰਘ ਪੁੱਤਰ ਮੰਦਾ, ਸਰਬਜੀਤ ਸਿੰਘ ਪੁੱਤਰ ਨਿਰਮਲ ਸਿੰਘ, ਰੇਸ਼ਮ ਸਿੰਘ ਪੁੱਤਰ ਤਾਰਾ ਸਿੰਘ ਅਤੇ ਮਹਿੰਦੋ ਪਤਨੀ ਜੱਸਾ ਸਿੰਘ ਵਾਸੀਅਨ ਪਿੰਡ ਸ਼ਾਹਦੀਨ ਵਾਲਾ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਬਚਿੱਤਰ ਸਿੰਘ, ਰਾਜ ਕੌਰ ਅਤੇ ਧਰਮਿੰਦਰ ਸਿੰਘ ਨੇ ਹਮਮਸ਼ਵਰਾ ਹੋ ਕੇ ਮੁੱਦਈਆਂ ਦੇ ਬੱਚਿਆਂ ਨੂੰ ਰੇਲਵੇ ਵਿਭਾਗ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 14 ਲੱਖ 20 ਹਜ਼ਾਰ ਰੁਪਏ ਦੀ ਕਥਿਤ ਤੌਰ 'ਤੇ ਠੱਗੀ ਮਾਰੀ ਹੈ।

ਮਹਿੰਦੋ ਨੇ ਦੋਸ਼ ਲਗਾਇਆ ਕਿ ਬਚਿੱਤਰ ਸਿੰਘ ਨੇ ਉਸ ਕੋਲੋਂ 60 ਹਜ਼ਾਰ ਰੁਪਏ ਵਿਆਜ ਦੇਣ ਦਾ ਵਾਅਦਾ ਕਰਕੇ ਲਏ ਸਨ, ਪਰ ਹੁਣ ਤੱਕ ਨਾ ਤਾਂ ਬਚਿੱਤਰ ਨੇ ਮੂਲ ਦਿੱਤਾ ਅਤੇ ਨਾ ਹੀ ਵਿਆਜ ਵਾਪਸ ਕੀਤੀ ਹੈ। ਇਸ ਤਰ੍ਹਾਂ ਕਰਕੇ ਮੁੱਦਈਆਂ ਦੇ ਨਾਲ ਉਕਤ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਕਰੀਬ 15 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ, ਸਰਬਜੀਤ ਸਿੰਘ, ਰੇਸ਼ਮ ਸਿੰਘ ਅਤੇ ਮਹਿੰਦੋ ਦੇ ਬਿਆਨਾਂ ਦੇ ਆਧਾਰ 'ਤੇ ਬਚਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ, ਰਾਜ ਕੌਰ ਪਤਨੀ ਬਚਿੱਤਰ ਸਿੰਘ ਵਾਸੀਅਨ ਦਾਸੂਵਾਲ ਜ਼ਿਲ੍ਹਾ ਤਰਨਤਾਰਨ ਅਤੇ ਧਰਮਿੰਦਰ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਡੂੰਮਣੀ ਵਾਲਾ ਥਾਣਾ ਕੁੱਲਗੜੀ ਦੇ ਖਿਲਾਫ ਧੋਖਾਧੜੀ ਦੀਆਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।