ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸੁਖਬੀਰ ਬਾਦਲ ਤੇ ਦਰਜ ਮਾਮਲਾ ਪੰਜ ਮਹੀਨੇ ਬਾਅਦ ਵੀ ਜਾਂਚ ਅਧੀਨ ਹੀ (ਨਿਊਜ਼ਨੰਬਰ ਖਾਸ ਖਬਰ)

Last Updated: Feb 11 2019 12:36
Reading time: 1 min, 40 secs

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਦੌਰਾਨ ਮੰਡੀ ਕਿੱਲਿਆਂਵਾਲੀ ਦੇ ਵਿੱਚ ਪੋਲਿੰਗ ਬੂਥ ਦੇ ਬਾਹਰ ਹਿੰਸਾ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਹੁਣ ਵੀ ਇਹ ਮਾਮਲਾ ਜਾਂਚ ਅਧੀਨ ਹੀ ਹੈ। ਇਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਕਰੀਬ ਪੰਜ ਮਹੀਨੇ ਬੀਤਣ ਦੇ ਬਾਅਦ ਵੀ ਮਾਮਲੇ ਨੂੰ ਜਾਂਚ ਅਧੀਨ ਦੱਸ ਜਾਂਚ ਦੇ ਪੂਰੀ ਹੋਣ ਦੇ ਬਾਅਦ ਕਿਸੇ ਕਾਰਵਾਈ ਦੀ ਗੱਲ ਆਖੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਇੱਕ ਵੀਡੀਓ ਦੇ ਆਧਾਰ ਤੇ ਸੁਖਬੀਰ ਬਾਦਲ ਸਮੇਤ ਕਈ ਹੋਰਨਾਂ ਨੂੰ ਚੋਣਾਂ ਦੌਰਾਨ ਹਿੰਸਾ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸਦੇ ਬਾਅਦ ਇਸੇ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤਣ ਵਾਲੇ ਬਾਦਲਾਂ ਦੇ ਖਾਸ ਤਜਿੰਦਰ ਸਿੰਘ ਮਿੱਡੂਖੇੜਾ ਨੂੰ ਵੀ ਪੁਲਿਸ ਨੇ ਚੋਣ ਬੂਥ ਵਿੱਚ ਹਿੰਸਾ ਅਤੇ ਕਬਜ਼ਾ ਕਰਨ ਦੇ ਇਲਜ਼ਾਮ ਹੇਠ ਨਾਮਜ਼ਦ ਕੀਤਾ ਸੀ। ਇਸ ਦੌਰਾਨ ਸੁਖਬੀਰ ਬਾਦਲ ਦੇ ਸਾਹਮਣੇ ਭੰਨ੍ਹੀ ਗਈ ਇੱਕ ਕਾਰ ਅਤੇ ਹੋਈ ਕੁੱਟਮਾਰ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਅਤੇ ਇਸੇ ਆਧਾਰ ਤੇ ਇਹ ਮਾਮਲਾ ਵੀ ਦਰਜ ਹੋਇਆ ਸੀ।

ਜ਼ਿਲ੍ਹਾ ਪੁਲਿਸ ਦੇ ਅਨੁਸਾਰ ਇਸ ਮਾਮਲੇ ਦੀ ਹਾਲੇ ਵੀ ਜਾਂਚ ਜਾਰੀ ਹੈ ਅਤੇ ਇਸ ਕਾਰਨ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਦੇ ਅਨੁਸਾਰ ਮਾਮਲੇ ਦੀ ਜਾਂਚ ਪੂਰੀ ਹੋਣ ਦੇ ਬਾਅਦ ਜੋ ਵੀ ਨਤੀਜੇ ਸਾਹਮਣੇ ਆਉਣਗੇ ਉਸਦੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੇ ਅਨੁਸਾਰ ਮਾਮਲੇ ਵਿੱਚ ਦਰਜ ਸਾਰੇ ਅਪਰਾਧ ਜ਼ਮਾਨਤਯੋਗ ਹਨ ਪਰ ਕਿਸੇ ਵੀ ਮੁਲਜ਼ਮ ਨੇ ਕੋਈ ਜ਼ਮਾਨਤ ਹਾਸਿਲ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਪੁਲਿਸ ਦੇ ਉੱਤੇ ਸੱਤਾਧਿਰ ਦੀ ਸ਼ਹਿ ਤੇ ਝੂਠੇ ਮਾਮਲੇ ਦਰਜ ਕਰਨ ਦੇ ਇਲਜ਼ਾਮ ਲੱਗੇ ਸਨ ਅਤੇ ਇਸਦੇ ਨਾਲ ਹੀ ਅਕਾਲੀ ਦਲ ਨੇ ਜ਼ਿਲ੍ਹਾ ਪੁਲਿਸ ਮੁਖੀ ਖ਼ਿਲਾਫ਼ ਵੀ ਵਾਹਵਾ ਗਰਮ ਤਲਖੀ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਦੱਸਣਯੋਗ ਹੈ ਕਿ ਇਹ ਮਾਮਲਾ ਪੁਲਿਸ ਥਾਣਾ ਲੰਬੀ ਦੇ ਵਿੱਚ ਧਾਰਾ 323, 341, 506, 148, 149 ਅਤੇ 427 ਅਧੀਨ ਦਰਜ ਹੈ। ਦੱਸਣਯੋਗ ਹੈ ਕਿ ਬੀਤੇ ਸਾਲ 19 ਸਤੰਬਰ ਨੂੰ ਚੋਣਾਂ ਵਾਲੇ ਦਿਨ ਮੁਕਤਸਰ ਹਲਕੇ ਵਿੱਚ ਵੱਡੀ ਪੱਧਰ ਤੇ ਹਿੰਸਕ ਘਟਨਾਵਾਂ ਹੋਈਆਂ ਸਨ ਅਤੇ ਬਾਅਦ ਵਿੱਚ ਕਈ ਪੋਲਿੰਗ ਬੂਥਾਂ ਤੇ ਦੁਬਾਰਾ ਵੀ ਮਤਦਾਨ ਕਰਵਾਇਆ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਜਲਦ ਹੀ ਮਾਮਲੇ ਨੂੰ ਕਿਸੇ ਸਹੀ ਸਿਰੇ ਲਗਾਉਣ ਦੀ ਗੱਲ ਆਖੀ ਗਈ ਹੈ।