ਹੁਣ ਚੰਡੀਗੜ੍ਹ ਦੀਆਂ ਸੜਕਾਂ 'ਤੇ ਘੁੰਮਣਗੇ ਖੁੱਲ੍ਹੇਆਮ 'ਕੁੱਤੇ ਤੇ ਪਸ਼ੂ'..!!! (ਨਿਊਜ਼ਨੰਬਰ ਖਾਸ ਖਬਰ)

Last Updated: Feb 11 2019 12:27
Reading time: 3 mins, 7 secs

ਇੱਕ ਤਾਂ ਪਹਿਲੋਂ ਹੀ ਪੱਛੜਾ ਇਲਾਕਾ ਹੈ ਫਿਰੋਜ਼ਪੁਰ ਅਤੇ ਉਪਰੋਂ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਫਿਰੋਜ਼ਪੁਰ ਜ਼ਿਲ੍ਹਾ ਹਿੰਦ-ਪਾਕਿ ਸਰਹੱਦ ਦੇ ਨਾਲ ਲੱਗਦਾ ਹੈ। ਇੱਥੇ ਹਰ ਸਾਲ ਕਈ ਨੇਤਾ ਦੌਰੇ ਕਰਨ ਲਈ ਆਉਂਦੇ ਤਾਂ ਜ਼ਰੂਰ ਹਨ, ਪਰ ਸਮੱਸਿਆਵਾਂ ਦਾ ਹੱਲ ਨਹੀਂ ਕਰਕੇ ਜਾਂਦੇ। ਜਿਸ ਦੇ ਕਾਰਨ ਫਿਰੋਜ਼ਪੁਰ ਵਾਸੀ ਭਾਰਤੀ ਨੇਤਾਵਾਂ ਤੋਂ ਕਾਫੀ ਜ਼ਿਆਦਾ ਤੰਗ ਹਨ ਅਤੇ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਦੇ ਖਿਲਾਫ ਸਮੇਂ ਸਮੇਂ 'ਤੇ ਸੰਘਰਸ਼ ਕਰਦੇ ਰਹਿੰਦੇ ਹਨ।

ਵੇਖਿਆ ਜਾਵੇ ਤਾਂ ਹੁਸੈਨੀਵਾਲਾ ਸਰਹੱਦ 'ਤੇ ਸਥਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ 'ਤੇ ਹਰ ਸਾਲ ਨੇਤਾ ਆਉਂਦੇ ਹਨ ਅਤੇ ਲੋਕਾਂ ਨਾਲ ਇਹ ਵਾਅਦੇ ਕਰਕੇ ਜਾਂਦੇ ਹਨ ਕਿ ਫਿਰੋਜ਼ਪੁਰ ਜ਼ਿਲ੍ਹੇ ਤੋਂ ਇਲਾਵਾ ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੋਂ ਇਲਾਵਾ ਪਿੰਡਾਂ ਵਿੱਚ ਸਕੂਲ ਅਤੇ ਸਿਹਤ ਕੇਂਦਰ ਖੋਲ੍ਹੇ ਜਾਣਗੇ, ਪਰ ਨੇਤਾਵਾਂ ਦੀ ਇਹ ਬਿਆਨਬਾਜੀ ਸਿਰਫ 'ਤੇ ਸਿਰਫ ਅਖਬਾਰਾਂ ਤੱਕ ਹੀ ਸੀਮਤ ਰਹਿ ਜਾਂਦੀ ਹੈ, ਕਿਉਂਕਿ ਵਾਅਦੇ ਕਰਨ ਤੋਂ ਬਾਅਦ ਕੋਈ ਵੀ ਨੇਤਾ ਸਮੱਸਿਆ ਦਾ ਹੱਲ ਕਰਨ ਨਹੀਂ ਪਹੁੰਚਦਾ।

ਦੱਸ ਦਈਏ ਕਿ ਪੰਜਾਬ ਵਿੱਚ ਇਸ ਸਮੇਂ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਦੀ ਗਿਣਤੀ ਜਿੱਥੇ ਘਟਣ ਦੀ ਬਿਜਾਏ ਵੱਧਦੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਵੀ ਅਵਾਰਾ ਪਸ਼ੂ ਇੰਨੇ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਰੋਜ਼ਾਨਾ ਹਾਦਸੇ ਹੁੰਦੇ ਹਨ, ਪਰ ਨਾ ਤਾਂ ਇਸ ਵੱਲ ਕੋਈ ਸਰਕਾਰ ਧਿਆਨ ਦਿੰਦੀ ਹੈ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ। ਜਦੋਂ ਕੋਈ ਵਿਅਕਤੀ ਜਾਂ ਫਿਰ ਬੱਚਾ ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਸਰਕਾਰ ਉਸ ਨੂੰ ਮੁਆਵਜ਼ਾ ਤਾਂ ਦੇ ਦਿੰਦੀ ਹੈ, ਪਰ ਅਫਸੋਸ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਕੁਝ ਨਹੀਂ ਕਰਦੀ।

ਦੋਸਤੋਂ, ਤੁਹਾਨੂੰ ਵਿਸ਼ੇਸ਼ ਤੌਰ 'ਤੇ ਦੱਸ ਦਈਏ ਕਿ ਜਿਹੜੇ ਪਸ਼ੂ ਅਤੇ ਅਵਾਰਾ ਕੁੱਤੇ ਫਿਰੋਜ਼ਪੁਰ ਦੀਆਂ ਸੜਕਾਂ 'ਤੇ ਰੋਜ਼ਾਨਾ ਹਾਦਸੇ ਕਰਦੇ ਹਨ, ਉਨ੍ਹਾਂ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਦਾ ਹੱਲ ਹੁਣ ਕਿਸਾਨਾਂ ਦੇ ਵੱਲੋਂ ਲੱਭ ਲਿਆ ਗਿਆ ਹੈ। ਕਿਸਾਨਾਂ ਦੇ ਵੱਲੋਂ ਹੁਣ ਇਹ ਫੈਸਲਾ ਕਰ ਦਿੱਤਾ ਗਿਆ ਹੈ ਕਿ ਮਾਰਚ-2019 ਵਿੱਚ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਅਵਾਰਾ ਕੁੱਤੇ ਅਤੇ ਅਵਾਰਾ ਪਸ਼ੂ ਟਰਾਲੀਆਂ, ਟਰੱਕਾਂ ਅਤੇ ਗੱਡਿਆਂ 'ਤੇ ਲੱਦ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਛੱਡੇ ਜਾਣਗੇ ਤਾਂ ਜੋ ਚੰਡੀਗੜ੍ਹ ਵਿੱਚੋਂ ਗੁਜ਼ਰਨ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਤਾ ਲੱਗ ਸਕੇ।

ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਦੀ ਸੱਤਾ ਵਿੱਚ ਕਰੀਬ ਸਾਢੇ 4 ਸਾਲ ਪਹਿਲੋਂ ਆਈ ਮੋਦੀ ਸਰਕਾਰ ਕਿਸਾਨਾਂ ਨਾਲ ਚੋਣਾਂ ਮੌਕੇ ਕੀਤੇ ਇੱਕ ਵੀ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ। ਮੋਦੀ ਸਰਕਾਰ ਦੇ ਰਾਜ ਵਿੱਚ ਜਿੰਨਾਂ ਦੰਗਾ ਗਊ ਹੱਤਿਆ ਦੇ ਨਾਮ 'ਤੇ ਹੋਇਆ ਹੈ, ਇਨ੍ਹਾਂ ਕਦੇ ਵੀ ਕਿਸੇ ਸਰਕਾਰ ਦੇ ਰਾਜ ਵਿੱਚ ਨਹੀਂ ਹੋਇਆ। ਕਿਸਾਨਾਂ ਦਾ ਦੋਸ਼ ਹੈ ਕਿ ਮੋਦੀ ਸਰਕਾਰ ਹੀ ਗਊ ਭਗਤਾਂ ਨੂੰ ਸ਼ਹਿ ਦੇ ਰਹੀ ਹੈ ਅਤੇ ਉਹ ਬੇਕਸੂਰ ਲੋਕਾਂ ਨੂੰ ਜਾਨੋਂ ਮਾਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂ ਉਨ੍ਹਾਂ ਦੇ ਖੇਤਾਂ ਦਾ ਉਜਾੜਾ ਕਰਦੇ ਹਨ।

ਜਦੋਂ ਕਿਸਾਨਾਂ ਆਪਣੀ ਸਮੱਸਿਆ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਫਿਰ ਸਰਕਾਰ ਦੇ ਅੱਗੇ ਰੱਖਦੇ ਹਨ ਤਾਂ ਉਨ੍ਹਾਂ ਨੂੰ ਇਹ ਹੀ ਵਿਸ਼ਵਾਸ ਦਿੱਤਾ ਜਾਂਦਾ ਹੈ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ, ਪਰ ਅਫਸੋਸ ਹੁੰਦਾ ਕੁਝ ਵੀ ਨਹੀਂ। ਨਾ ਤਾਂ ਹੁਣ ਤੱਕ ਅਵਾਰਾ ਪਸ਼ੂਆਂ ਦੀ ਗਿਣਤੀ ਘਟੀ ਹੈ ਅਤੇ ਨਾ ਹੀ ਅਵਾਰਾ ਕੁੱਤਿਆਂ ਦੀ। ਇਹ ਅਵਾਰਾ ਪਸ਼ੂ ਅਤੇ ਕੁੱਤੇ ਰੋਜ਼ਾਨਾ ਹੀ ਸੜਕ ਹਾਦਸੇ ਕਰ ਰਹੇ ਹਨ। ਇਸ ਵੱਲ ਕਿਸੇ ਸਰਕਾਰ ਦਾ ਧਿਆਨ ਨਹੀਂ ਜਾ ਰਿਹਾ। ਕਿਸਾਨਾਂ ਦਾ ਦੋਸ਼ ਹੈ ਕਿ ਅਵਾਰਾ ਕੁੱਤਿਆਂ ਕਾਰਨ ਸੜਕ ਹਾਦਸੇ ਰੋਜ਼ਾਨਾ ਹੁੰਦੇ ਹਨ।

ਜੇਕਰ ਕੋਈ ਕਿਸਾਨਾਂ ਜਾਂ ਫਿਰ ਆਮ ਬੰਦਾ ਕੁੱਤੇ ਨੂੰ ਮਾਰ ਦਿੰਦਾ ਹੈ ਤਾਂ ਉਸ ਵਿਰੁੱਧ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ। ਜਦਕਿ ਸਰਕਾਰ ਨੂੰ ਤਾਂ ਇਹ ਚਾਹੀਦਾ ਹੈ ਕਿ ਅਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ। ਸੋ ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਕੀ ਮੋਦੀ ਜਾਂ ਫਿਰ ਕੈਪਟਨ ਸਰਕਾਰ ਮਾਰਚ ਮਹੀਨੇ ਤੋਂ ਪਹਿਲੋਂ ਪਹਿਲੋਂ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਮੁਹਿੰਮ ਸ਼ੁਰੂ ਕਰਦੀ ਹੈ ਜਾਂ ਨਹੀਂ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਬਣਦਾ ਹੈ? ਬਾਕੀ ਕਿਸਾਨਾਂ ਨੇ ਤਾਂ ਸੋਚ ਹੀ ਲਿਆ ਹੈ ਕਿ ਮਾਰਚ ਦੇ ਪਹਿਲੇ ਹਫਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਅਵਾਰਾ ਪਸ਼ੂ ਅਤੇ ਕੁੱਤੇ ਛੱਡੇ ਜਾਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।