ਮਾਂ ਫ਼ਿਰੇ ਨੱਕ ਵਿਨਾਉਣ ਨੂੰ, ਧੀ ਫ਼ਿਰੇ ਨੱਕ ਵਢਾਉਣ ਨੂੰ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 11 2019 12:40
Reading time: 1 min, 47 secs

ਲੋਕ ਸਭਾ ਚੋਣਾਂ ਸਿਰ ਤੇ ਆਣ ਚੜ੍ਹੀਆਂ ਹਨ, ਚੋਣ ਕਮਿਸ਼ਨ ਹੱਥ ਵਿੱਚ ਬਿਗੁਲ ਚੁੱਕੀ ਬੈਠਾ ਹੈ, ਪਤਾ ਨਹੀਂ ਕਦੋਂ ਵਜਾ ਦੇਵੇ। ਸਿਆਸੀ ਮਾਹਿਰਾਂ ਅਨੁਸਾਰ, ਇਸ ਵਾਰ ਵੀ ਦੇਸ਼ ਵਿੱਚ ਵੱਡੀ ਟੱਕਰ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਦੇ ਹੀ ਦਰਮਿਆਨ ਹੀ ਹੋਣ ਵਾਲੀ ਹੈ। ਤਿੰਨ ਰਾਜਾਂ ਵਿੱਚ ਵੱਡੀ ਜਿੱਤ ਹਾਸਲ ਕਰਨ ਦੇ ਬਾਅਦ ਕਾਂਗਰਸ ਦੇ ਹੌਂਸਲੇ ਬੁਲੰਦ ਹਨ, ਜ਼ਾਹਿਰ ਹੀ ਹੈ ਕਿ, ਕਾਂਗਰਸ ਹਾਈਕਮਾਨ ਇਸ ਵਾਰ ਭਾਜਪਾ ਨੂੰ ਗੱਦੀਓਂ ਲਾਹੁਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਵੇਗੀ ਤੇ ਸ਼ਾਇਦ ਲਗਾ ਵੀ ਰਹੀ ਹੈ। 

ਸਿਆਸੀ ਮਾਹਿਰਾਂ ਅਨੁਸਾਰ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ਼ ਕੇ ਕਾਂਗਰਸ ਹਾਈਕਮਾਨ ਹਰ ਕਦਮ ਫ਼ੂਕ ਫ਼ੂਕ ਕੇ ਰੱਖ ਰਹੀ ਹੈ, ਤਾਂ ਜੋ ਉਨ੍ਹਾਂ ਕੋਲੋਂ ਸੁਫ਼ਨੇ ਵਿੱਚ ਕੋਈ ਅਜਿਹੀ ਭੁੱਲ ਨਾ ਹੋ ਜਾਵੇ ਜਿਹੜੀ ਉਨ੍ਹਾਂ ਦੀ ਕੀਤੀ ਕਤਾਈ ਤੇ ਪਾਣੀ ਫ਼ੇਰ ਕੇ ਰੱਖ ਦੇਵੇ। ਬਿਨਾਂ ਸ਼ੱਕ ਕੋਈ ਵੀ ਸਿਆਸੀ ਪਾਰਟੀ ਅਜਿਹਾ ਕੰਮ ਨਹੀਂ ਕਰਨਾ ਚਾਹੇਗੀ, ਜਿਸ ਨਾਲ ਦੇਸ਼ ਦੀ ਅਵਾਮ ਉਸ ਨਾਲੋਂ ਟੁੱਟੇ ਅਤੇ ਉਹ ਵੀ ਖ਼ਾਸ ਕਰਕੇ ਉਦੋਂ ਜਦੋਂ ਚੋਣਾਂ ਸਿਰ ਤੇ ਚੜ੍ਹੀਆਂ ਆ ਰਹੀਆਂ ਹੋਣ। 

ਗੱਲ ਕਰੀਏ ਜੇਕਰ ਹੁਣ ਪੰਜਾਬ ਕਾਂਗਰਸ ਦੀ ਤਾਂ, ਜਿਸ ਤਰੀਕੇ ਨਾਲ ਕੈਪਟਨ ਸਰਕਾਰ ਨੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਪਾਣੀ ਵਾਲੀਆਂ ਤੋਪਾਂ ਨਾਲ ਭਿਓਂ ਭਿਓਂ ਕੇ ਪੁਲਿਸ ਕੋਲੋਂ ਕੁਟਵਾਇਆ ਹੈ, ਉਹ ਘੱਟੋ ਘੱਟ ਕਾਂਗਰਸ ਹਾਈਕਮਾਨ ਦੇ ਏਜੰਡੇ ਤੇ ਤਾਂ ਹਰਗਿਜ਼ ਨਹੀਂ ਹੋਵੇਗਾ। 

ਅਲੋਚਕਾਂ ਅਨੁਸਾਰ, ਕੈਪਟਨ ਨੇ ਪੜ੍ਹੇ ਲਿਖੇ ਤੇ ਬੁੱਧੀਜੀਵੀ ਵਰਗ ਦੇ ਨਾਲ ਜਿਹੜਾ ਇਹ ਸਲੂਕ ਕੀਤਾ ਹੈ, ਉਹ ਉਨ੍ਹਾਂ ਦੇ ਫ਼ੌਜੀਪੁਣੇ ਦਾ ਤਾਂ ਸਬੂਤ ਮੰਨਿਆ ਜਾ ਸਕਦਾ ਹੈ ਪਰ, ਇੱਕ ਸੁਲਝੇ ਹੋਏ ਸਿਆਸਤਦਾਨ ਦਾ ਹਰਗਿਜ਼ ਨਹੀਂ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ, ਇਹੋ ਜਿਹੀਆਂ ਹਰਕਤਾਂ ਕੋਈ ਡਿਕਟੇਟਰ ਤਾਂ ਕਰ ਸਕਦਾ ਹੈ, ਜਨਤਾ ਦਾ ਚੁਣਿਆ ਹੋਇਆ ਇੱਕ ਲੀਡਰ ਨਹੀਂ। 

ਭਾਵੇਂਕਿ ਅਧਿਕਾਰਿਤ ਤੌਰ ਤੇ ਤਾਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ, ਪਰ ਮੁੱਖ ਮੰਤਰੀ ਦੇ ਦਫ਼ਤਰੀ ਸੂਤਰਾਂ ਦੀ ਮੰਨੀਏ ਤਾਂ ਲੰਘੀ ਰਾਤ ਦਿੱਲੀ ਤੋਂ ਆਏ ਫ਼ੋਨ ਦੀਆਂ ਘੰਟੀਆਂ ਬੜੀਆਂ ਖ਼ੜਕੀਆਂ ਸਨ। ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ, ਜ਼ਾਹਿਰ ਹੀ ਹੈ ਕਿ, ਦਿੱਲੀ ਵਾਲੇ ਕੈਪਟਨ ਦੇ ਇਸ ਫ਼ੌਜੀਪੁਣੇ ਤੋਂ ਖ਼ੁਸ਼ ਤਾਂ ਹਰਗਿਜ਼ ਨਹੀਂ ਹੋਣਗੇ, ਉਹ ਵੀ ਉਸ ਵੇਲੇ ਜਦੋਂ ਚੋਣ ਕਮਿਸ਼ਨ ਵਜਾਉਣ ਲਈ ਚੋਣਾਂ ਦਾ ਬਿਗੁਲ ਚੁੱਕੀ ਬੈਠਾ ਹੋਵੇ। ਪੰਜਾਬ ਵਿੱਚ ਇੱਕ ਕਹਾਵਤ ਬੜੀ ਮਸ਼ਹੂਰ ਹੈ ਕਿ, "ਮਾਂ ਫ਼ਿਰੇ ਨੱਕ ਵਿਨਾਉਣ ਨੂੰ, ਧੀ ਫ਼ਿਰੇ ਨੱਕ ਵਢਾਉਣ ਨੂੰ"।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।