ਝਾੜੂ ਫੇਰਨ ਅਤੇ ਕੂੜੇ ਸੁੱਟਣ ਨੂੰ ਲੈ ਕੇ ਔਰਤ 'ਤੇ ਹਮਲਾ.!!!

Last Updated: Feb 11 2019 12:33
Reading time: 1 min, 4 secs

ਨਜ਼ਦੀਕੀ ਪਿੰਡ ਲੱਲੇ ਵਿਖੇ ਗਲੀ ਵਿੱਚ ਝਾੜੂ ਫੇਰਨ ਅਤੇ ਕੂੜੇ ਸੁੱਟਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਬੋਲ ਬੁਲਾਰਾ ਹੋ ਗਿਆ। ਇਸ ਦੌਰਾਨ ਪਤੀ ਪਤਨੀ ਨੇ ਹਮਮਸ਼ਰਵਰਾ ਹੋ ਕੇ ਇੱਕ  ਔਰਤ 'ਤੇ ਹਮਲਾ ਕਰਦਿਆਂ ਹੋਇਆ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਇਸ ਮਾਮਲੇ ਦੇ ਸਬੰਧ ਵਿੱਚ ਤਲਵੰਡੀ ਭਾਈ ਪੁਲਿਸ ਵੱਲੋਂ ਉਕਤ ਪਤੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੋਈ ਗੁਰਮੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਲੱਲੇ ਨੇ ਤਲਵੰਡੀ ਭਾਈ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਗੁਰਪਿਆਰ ਸਿੰਘ ਅਤੇ ਕਰਮਜੀਤ ਕੌਰ (ਪਤੀ ਪਤਨੀ) ਨਾਲ ਗਲੀ ਵਿੱਚ ਝਾੜੂ ਫੇਰਨ ਅਤੇ ਕੂੜੇ ਸੁੱਟਣ ਨੂੰ ਲੈ ਕੇ ਬੋਲ ਬੁਲਾਰਾ ਹੋਇਆ ਸੀ। 

ਗੁਰਮੀਤ ਕੌਰ ਨੇ ਦੋਸ਼ ਲਗਾਇਆ ਕਿ ਇਸੇ ਰੰਜਿਸ਼ ਦੇ ਚੱਲਦਿਆਂ ਹੋਇਆ ਉਕਤ ਪਤੀ-ਪਤਨੀ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਹਨ। ਜਿਸ ਕਾਰਨ ਉਹ ਜ਼ਖਮੀ ਹੋ ਗਈ ਅਤੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕਰਮਜੀਤ ਕੌਰ ਉਰਫ਼ ਕੰਮੋ, ਪਤਨੀ ਗੁਰਦਿਆਲ ਸਿੰਘ ਉਰਫ਼ ਗੋਪੀ ਅਤੇ ਗੁਰਪਿਆਰ ਸਿੰਘ ਉਰਫ਼ ਗੋਪੀ ਪੁੱਤਰ ਗੁਰਮੇਜ ਸਿੰਘ ਵਾਸੀਅਨ ਪਿੰਡ ਲੱਲੇ ਦੇ ਖ਼ਿਲਾਫ਼ ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।