Loading the player...

ਬਟਾਲਾ ਵਿੱਚ ਨਸ਼ਿਆਂ ਖਿਲਾਫ ਟਰੈਕਟਰ ਰੈਲੀ ਕੱਢੀ, ਸੇਖੜੀ ਦੇ ਦਾਅਵੇ ਮੁਤਾਬਕ ਨਹੀਂ ਇਕੱਠੇ ਹੋਏ 2000 ਟਰੈਕਟਰ

Last Updated: Feb 09 2019 16:45
Reading time: 1 min, 46 secs

ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਅਤੇ ਉਨ੍ਹਾਂ ਦੇ ਲੜਕੇ ਅਭਿਨਵ ਸੇਖੜੀ ਦੀ ਅਗਵਾਈ ਵਿੱਚ ਅੱਜ ਨਿੱਜੀ ਅਨਏਡਿਡ ਕਾਲਜਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਵਿਰੁੱਧ ਟਰੈਕਟਰ ਰੈਲੀ ਦਾ ਆਯੋਜਨ ਸਥਾਨਕ ਵੀ.ਐਮ.ਐਸ ਕਾਲਜ ਵਿਖੇ ਕੀਤਾ ਗਿਆ। ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਪਣੇ ਟਰੈਕਟਰ ਲੈ ਕੇ ਸ਼ਾਮਲ ਹੋਏ। ਰੈਲੀ ਕੱਢਣ ਤੋਂ ਪਹਿਲਾਂ ਅਸ਼ਵਨੀ ਸੇਖੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਮੁਕੰਮਲ ਖਤਮ ਕਰਨ ਲਈ ਸਹੁੰ ਚੁੱਕੀ ਹੈ ਜਿਸ ਲਈ ਪੰਜਾਬ ਦੇ 1650 ਨਿੱਜੀ ਅਨਏਡਿਡ ਕਾਲਜਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਸੇਖੜੀ ਨੇ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਵਿੱਚ ਸਹਿਯੋਗ ਕਰਨ ਲਈ ਕੈਪਟਨ ਦੀ ਸਹੁੰ ਤੇ ਪਹਿਰਾ ਦੇਣ ਦਾ ਹੋਕਾ ਵੀ ਦਿੱਤਾ। ਸਾਬਕਾ ਵਿਧਾਇਕ ਦੇ ਪੁੱਤਰ ਅਭਿਨਵ ਸੇਖੜੀ ਨੇ ਵੀ ਨਸ਼ਾ ਮੁਕਤ ਪੰਜਾਬ ਕਰਨ ਲਈ ਪ੍ਰੇਰਿਆ।

ਇਸ ਮੌਕੇ ਇਕੱਤਰ ਇੱਕਠ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਨਸ਼ਿਆਂ ਦੇ ਖਿਲਾਫ ਇੱਕ ਵੀਡੀਓ ਵੀ ਦਿਖਾਈ ਗਈ ਜਿਸ ਵਿੱਚ ਮੁੱਖ ਮੰਤਰੀ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਪ੍ਰੇਰਿਤ ਕਰ ਰਹੇ ਸਨ। ਉਪਰੰਤ ਅਸ਼ਵਨੀ ਸੇਖੜੀ ਅਤੇ ਅਭਿਨਵ ਸੇਖੜੀ ਨੇ ਆਪ ਖੁਦ ਟਰੈਕਟਰ ਚਲਾ ਕੇ ਰੈਲੀ ਦੀ ਸ਼ੁਰੂਆਤ ਕੀਤੀ। ਅੱਜ ਦੀ ਇਸ ਟਰੈਕਟਰ ਰੈਲੀ ਵਿੱਚ ਭਾਵੇਂ ਕਿ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਦਾਅਵੇ ਮੁਤਾਬਕ 2000 ਟਰੈਕਟਰ ਦੀ ਜਗ੍ਹਾ ਤੇ ਕੇਵਲ ਤਿੰਨ ਚਾਰ ਸੈਂਕੜੇ ਟਰੈਕਟਰ ਹੀ ਪਹੁੰਚੇ। ਭਾਵੇਂ ਕਿ ਇਸ ਰੈਲੀ ਨੂੰ ਸੇਖੜੀ ਦੇ ਸਮਰਥਕਾਂ ਵੱਲੋਂ ਸ਼ਕਤੀਪ੍ਰਦਰਸ਼ਨ ਵਜੋਂ ਵੇਖਿਆ ਜਾ ਰਿਹਾ ਸੀ ਪਰ ਜੇਕਰ ਝਾਤ ਮਾਰੀਏ ਤਾਂ 1650 ਕਾਲਜਾਂ ਦੇ ਪ੍ਰਤੀਨਿਧੀਆਂ ਅਤੇ ਹਲਕਾ ਬਟਾਲਾ ਤੋਂ ਇਲਾਵਾ ਹੋਰ ਹਲਕਿਆਂ ਤੋਂ ਪਹੁੰਚੇ ਲੋਕਾਂ ਦਾ ਇਕੱਠ ਅਤੇ ਟਰੈਕਟਰਾਂ ਦੀ ਗਿਣਤੀ ਸ਼ਕਤੀ ਪ੍ਰਦਰਸ਼ਨ ਦਾ ਰੂਪ ਨਹੀਂ ਧਾਰ ਸਕੇ ਜਿਸ ਕਾਰਨ ਆਲੇ ਦੁਆਲੇ ਕਾਫੀ ਚਰਚਾ ਹੁੰਦੀ ਦਿਖਾਈ ਦਿੱਤੀ।

ਕਾਂਗਰਸੀ ਆਗੂ ਅਸ਼ਵਨੀ ਸੇਖੜੀ ਵੱਲੋਂ ਆਯੋਜਿਤ ਕੀਤੀ ਗਈ ਇਸ ਰੈਲੀ ਵਿੱਚ ਪਹੁੰਚੇ ਲੋਕਾਂ ਦੇ ਲਈ ਲੰਗਰ ਦਾ ਪ੍ਰਬੰਧ ਇੱਕ ਕਾਰਸੇਵਾ ਵਾਲੇ ਬਾਬੇ ਵੱਲੋਂ ਕੀਤਾ ਗਿਆ ਸੀ ਜਿਸ ਤਰ੍ਹਾਂ ਅਕਾਲੀ ਦਲ ਦੀਆਂ ਰੈਲੀਆਂ ਦੇ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਹੁੰਦਾ ਹੈ। ਭਾਵੇਂ ਕਿ ਆਲੋਚਕਾਂ ਵੱਲੋਂ ਕਈ ਤਰ੍ਹਾਂ ਦੀਆਂ ਗੱਲਾ ਕੀਤੀਆਂ ਜਾ ਰਹੀਆਂ ਹਨ ਪਰ ਜੇਕਰ ਵੇਖਿਆ ਜਾਵੇ ਤਾਂ ਨਸ਼ਿਆਂ ਖਿਲਾਫ ਜ਼ਿਲ੍ਹੇ ਗੁਰਦਾਸਪੁਰ ਵਿੱਚ ਇਸ ਤਰ੍ਹਾਂ ਦੀ ਇਹ ਪਹਿਲੀ ਰੈਲੀ ਸੀ ਜਿਸ ਵਿੱਚ ਪਹੁੰਚੇ ਲੋਕਾਂ ਅਤੇ ਟਰੈਕਟਰਾਂ ਦੇ ਹਿਸਾਬ ਨਾਲ ਇਸ ਰੈਲੀ ਨੂੰ ਸਫਲ ਹੀ ਮੰਨਿਆ ਜਾ ਰਿਹਾ ਹੈ।