ਸੈਰ ਸਪਾਟੇ ਨੂੰ ਵਿਕਸਤ ਕਰਨ ਲਈ ਸਰਕਾਰ ਵੱਲੋਂ 1200 ਕਰੋੜ ਰੁਪਏ ਦੀ ਵਿਆਪਕ ਯੋਜਨਾ ਤਿਆਰ.!!!

Last Updated: Feb 02 2019 16:34
Reading time: 2 mins, 42 secs

ਸੂਬੇ ਦੀ ਕੈਪਟਨ ਸਰਕਾਰ ਵੱਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ 1200 ਕਰੋੜ ਰੁਪਏ ਖਰਚ ਕਰਕੇ ਰਾਜ ਵਿੱਚ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ। ਜਿਸ ਵਿੱਚੋਂ 150 ਕਰੋੜ ਰੁਪਏ ਖਰਚ ਕਰਕੇ ਹਰੀਕੇ ਵੈਟਲੈਂਡ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੈਰ ਸਪਾਟੇ ਦੇ ਸਥਾਨ ਵਜੋਂ ਉਭਾਰਿਆ ਜਾਵੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵਰਲਡ ਵੈਟਲੈਂਡ ਦਿਵਸ ਦੇ ਮੌਕੇ 'ਤੇ ਹਰੀਕੇ ਹੈੱਡ ਵਰਕਸ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਹਲਕਾ ਵਿਧਾਇਕ ਜ਼ੀਰਾ ਕੁਲਬੀਰ ਸਿੰਘ ਜ਼ੀਰਾ ਅਤੇ ਹਲਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਸੈਰ ਸਪਾਟਾ ਵਿਭਾਗ ਵੱਲੋਂ ਜਲਗਾਹਾਂ ਦੇ ਪੰਛੀਆਂ ਅਤੇ ਲੈਂਡ ਸਕੇਪ ਸਬੰਧੀ ਲਗਾਈ ਗਈ ਫੋਟੋ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਿਧਾਨਸਭਾ ਹਲਕਾ ਜ਼ੀਰਾ ਅਤੇ ਪੱਟੀ ਵਿੱਚ ਸੀਵਰੇਜ ਪਾਉਣ ਲਈ 20-20 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।

ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਰੀਕੇ ਵੈਟਲੈਂਡ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਮਾਹਿਰਾਂ ਵੱਲੋਂ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜੋ ਕਿ ਵਾਤਾਵਰਨ ਅਤੇ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੇਗੀ। ਉਨ੍ਹਾਂ ਦੱਸਿਆ ਕਿ ਸੈਰ ਸਪਾਟਾ ਵਿਭਾਗ ਵੱਲੋਂ ਇੱਥੇ 10 ਕਰੋੜ ਰੁਪਏ ਦੀ ਲਾਗਤ ਨਾਲ ਸੂਚਨਾ ਸੈਂਟਰ, ਬਰਡ ਵਾਚ ਟਾਵਰ, ਪੰਛੀਆਂ ਦੀਆਂ ਰੱਖਾਂ ਅਤੇ ਨਿਗਰਾਨੀ ਟਾਵਰ ਤੋਂ ਇਲਾਵਾ ਕੰਟੀਨ ਤੇ ਪਾਰਕਿੰਗ ਆਦਿ ਬਣਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਹਰੀਕੇ ਵੈੱਟਲੈਂਡ ਵਿਖੇ ਹਰ ਸਾਲ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਛੀ ਆਉਂਦੇ ਹਨ, ਇਸ ਸਾਲ ਇੱਥੇ ਰਿਕਾਰਡ ਲਗਭਗ 1 ਲੱਖ 25 ਹਜ਼ਾਰ ਪੰਛੀਆਂ ਦੀ ਆਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਬਹੁਤ ਜਲਦੀ ਹੀ ਸੈਲਾਨੀਆਂ ਲਈ ਈ-ਰਿਕਸ਼ਾ, ਸਾਈਕਲ ਅਤੇ ਬੋਟਿੰਗ ਆਦਿ ਸਹੂਲਤਾਂ ਤੋਂ ਇਲਾਵਾ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਵਿਰਾਸਤੀ, ਸੱਭਿਆਚਾਰਕ, ਮੈਡੀਕਲ, ਧਾਰਮਿਕ ਅਤੇ ਈਕੋ ਟੂਰੀਜ਼ਮ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਸਿੱਧੂ ਨੇ ਦੱਸਿਆ ਕਿ ਹਰੀਕੇ ਜਲਗਾਹ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ 6 ਮਹੀਨਿਆਂ ਅੰਦਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ 3 ਸਾਲ ਦੇ ਅੰਦਰ ਇਸ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰੀਕੇ ਵੈਟਲੈਂਡ ਵਿਖੇ ਜੰਗਲੀ ਜੜ੍ਹੀ ਬੂਟੀ ਨੂੰ ਹਟਾ ਕੇ ਵਾਟਰ ਲਿੱਲੀ ਅਤੇ ਕਮਲ ਆਦਿ ਦੇ ਬੂਟੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਮਸਰ ਗਾਈਡਲਾਈਨ ਅਨੁਸਾਰ ਹਰੀਕੇ ਵੈਟਲੈਂਡ ਨੂੰ ਪਹਿਲੇ ਨੰਬਰ ਦੀ ਰਮਸਰ ਵੈਟਲੈਂਡ ਦਾ ਦਰਜਾ ਦਿੱਤਾ ਗਿਆ ਹੈ।

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਹਰਮਿੰਦਰ ਸਿੰਘ ਗਿੱਲ ਨੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਕੈਬਨਿਟ ਮੰਤਰੀ ਸਿੱਧੂ ਨੂੰ ਦੱਸਿਆ। ਇਸ ਮੌਕੇ ਸੈਰ ਸਪਾਟਾ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਜਲਗਾਹਾਂ ਅਤੇ ਪੰਛੀਆਂ ਸਬੰਧੀ ਵੀਡੀਓ ਪੇਸ਼ਕਾਰੀ ਵੀ ਦਿਖਾਈ ਗਈ ਅਤੇ ਜਲਗਾਹਾਂ ਤੇ ਵਾਤਾਵਰਨ ਸੰਤੁਲਨ ਸਬੰਧੀ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਦੇ ਜੇਤੂ ਵਿਦਿਆਰਥੀਆਂ ਨੂੰ ਕੈਬਨਿਟ ਮੰਤਰੀ ਵੱਲੋਂ ਨਕਦ ਇਨਾਮ ਵੀ ਦਿੱਤੇ ਗਏ।

ਇਸ ਤੋਂ ਪਹਿਲਾਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਿਕਾਸ ਪ੍ਰਤਾਪ ਅਤੇ ਡਵੀਜ਼ਨਲ ਜੰਗਲਾਤ ਅਫਸਰ ਕਲਪਨਾ ਸਿੰਘ ਵੱਲੋਂ ਮੁੱਖ ਮਹਿਮਾਨ ਨਵਜੋਤ ਸਿੰਘ ਸਿੱਧੂ ਦਾ ਰਸਮੀ ਸਵਾਗਤ ਕਰਦਿਆਂ ਹਾਜ਼ਰ ਲੋਕਾਂ ਨੂੰ ਜਲਗਾਹਾਂ ਦੀ ਮਹੱਤਤਾ ਅਤੇ ਵਾਤਾਵਰਨ ਸੰਤੁਲਨ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾਇਰੈਕਟਰ ਟੂਰਿਜ਼ਮ ਐੱਮ.ਐੱਸ. ਜੱਗੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਮੀਤ ਸਿੰਘ ਮੁਲਤਾਨੀ, ਐਗਜੀਕਊਟਿਵ ਡਾਇਰੈਕਟਰ ਟੂਰਿਜ਼ਮ ਆਰ.ਐਸ. ਅਰੋੜਾ, ਐਸ.ਡੀ.ਐਮ. ਜ਼ੀਰਾ ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਅਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।