ਲੱਗਣਗੇ ਡੇਰਿਆਂ ਨੂੰ ਪੱਕੇ ਤਾਲੇ, ਬੋਲਣਗੇ 'ਉੱਲੂ'.? (ਨਿਊਜ਼ਨੰਬਰ ਖਾਸ ਖ਼ਬਰ)

Last Updated: Jan 15 2019 12:38
Reading time: 3 mins, 9 secs

''ਰਾਮ ਰਹੀਮ'' ਜਿਸ ਦਾ ਨਾਮ ਸੁਣਦਿਆਂ ਹੀ ਸਾਰਿਆਂ ਦੇ ਮੂੰਹੋਂ ਇਹੀ ਸੁਣਨ ਨੂੰ ਮਿਲਦਾ ਹੈ ਕਿ ''ਬਲਾਤਕਾਰੀ ਬਾਬਾ''। ਦਰਅਸਲ, ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਣਯੋਗ ਅਦਾਲਤ ਦੇ ਵੱਲੋਂ 25 ਅਗਸਤ 2017 ਨੂੰ ਦੋ ਸਾਧਵੀਆਂ ਦੇ ਜਿਣਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਸੀ। ਇਸ ਬਲਾਤਕਾਰੀ ਬਾਬੇ ਦੇ ਵਿਰੁੱਧ ਇਕੱਲੀਆਂ ਸਾਧਵੀਆਂ ਦੇ ਜਿਣਸੀ ਸ਼ੋਸ਼ਣ ਦਾ ਮਾਮਲਾ ਹੀ ਨਹੀਂ, ਸਗੋਂ ਹੋਰ ਵੀ ਅਨੇਕਾਂ ਮਾਮਲੇ ਸੁਣਵਾਈ ਅਧੀਨ ਹਨ। 

ਦਰਅਸਲ, 11 ਜਨਵਰੀ 2019 ਨੂੰ ਮਾਣਯੋਗ ਅਦਾਲਤ ਦੇ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਨੀਅਰ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਜੱਜ ਸਾਹਿਬ ਵੱਲੋਂ ਸਜ਼ਾ ਸੁਣਾਈ ਜਾਣੀ ਹਾਲੇ ਬਾਕੀ ਹੈ, ਪਰ ਮਾਹਿਰਾਂ ਵੱਲੋਂ ਇਸ ਕੇਸ ਵਿੱਚ ਬਲਾਤਕਾਰੀ ਬਾਬੇ ਨੂੰ ਉਮਰ ਕੈਦ ਦੀ ਸਜ਼ਾ ਹੋਣ ਦਾ ਆਸਾਰ ਜਤਾਇਆ ਜਾ ਰਿਹਾ ਹੈ। ਸੋ ਖੈਰ.!! ਜੋ ਵੀ ਹੈ, ਉਹ ਤਾਂ ਆਉਣ ਵਾਲੇ 2-4 ਦਿਨਾਂ ਵਿੱਚ ਪਤਾ ਲੱਗ ਜਾਵੇ ਕਿ ਬਲਾਤਕਾਰੀ ਬਾਬੇ ਰਾਮ ਰਹੀਮ ਨੂੰ ਕਿੰਨੇ ਸਾਲ ਦੀ ਸਜ਼ਾ ਹੁੰਦੀ ਹੈ?

ਦੱਸ ਦਈਏ ਕਿ ਕਿਸੇ ਵੇਲੇ ਗੁਰਮੀਤ ਰਾਮ ਰਹੀਮ ਦੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਦਿੱਲੀ ਆਦਿ ਰਾਜਾਂ ਵਿੱਚ ਕਰੋੜਾਂ ਭਗਤ ਸਨ, ਹੁਣ ਵੀ ਬਹੁਤ ਹਨ। ਇਨ੍ਹਾਂ ਰਾਜਾਂ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਸੈਂਕੜੇ ਡੇਰੇ ਸਨ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ਮੁਤਾਬਿਕ 28 ਅਗਸਤ 2017 ਤੋਂ ਬਾਅਦ ਸੀਲ ਕਰ ਦਿੱਤਾ ਗਿਆ ਸੀ। ਕੁਝ ਡੇਰੇ ਤਾਂ ਖੁੱਲ੍ਹ ਗਏ, ਪਰ ਸੈਂਕੜੇ ਡੇਰਿਆਂ ਨੂੰ ਹੁਣ ਵੀ ਤਾਲੇ ਲੱਗੇ ਪਏ ਹਨ। ਸਿਰਸਾ ਵਿਖੇ ਬਣੇ ਰਾਮ ਰਹੀਮ ਦੇ ਵੱਡੇ ਡੇਰੇ ਵਿੱਚ ਹੁਣ ''ਉੱਲੂ'' ਜਿਹੇ ਬੋਲਣ ਦੀਆਂ ਅਵਾਜ਼ਾਂ ਆਉਂਦੀਆਂ ਹਨ। 

ਕਿਉਂਕਿ ਡੇਰੇ ਦੇ ਅੰਦਰ ਬਹੁਤ ਹੀ ਘੱਟ ਸੰਗਤ ਜਾਂਦੀ ਹੈ ਅਤੇ ਕਈ ਜਗ੍ਹਾਵਾਂ ਤਾਂ 28 ਅਗਸਤ 2017 ਤੋਂ ਬਾਅਦ ਖੁੱਲ੍ਹੀਆਂ ਹੀ ਨਹੀਂ। ਮਾਣਯੋਗ ਅਦਾਲਤ ਦੇ ਹੁਕਮਾਂ ਮੁਤਾਬਿਕ ਰਾਮ ਰਹੀਮ ਦੇ ਡੇਰੇ ਨਾਲ ਜੁੜੇ ਕਾਰਖ਼ਾਨੇ, ਜੋ ਐਮ.ਐਸ.ਜੀ. ਦੇ ਨਾਂਅ ਹੇਠ ਖੁਰਾਕ ਪਦਾਰਥ ਤੇ ਹੋਰ ਘਰੇਲੂ ਸਮਾਨ ਦੀ ਸਮੱਗਰੀ ਤਿਆਰ ਕਰਦੇ ਸਨ, ਉਨ੍ਹਾਂ 'ਤੇ ਵੀ ਹੁਣ ਤਾਲੇ ਲੱਗੇ ਹਨ। ਡੇਰੇ ਦੀ ਬੇਕਰੀ ਵੀ ਬੰਦ ਪਈ ਹੈ। ਡੇਰੇ ਦੀ ਆਈਸਕਰੀਮ ਬਣਾਉਣ ਵਾਲੀ ਫੈਕਟਰੀ ਵੀ ਬੰਦ ਹੈ ਅਤੇ ਆਈਸਕਰੀਮ ਵੇਚਣ ਲਈ ਤਿਆਰ ਕੀਤੀਆਂ ਰੇਹੜੀਆਂ ਡੇਰੇ ਦੇ ਰੈਸਟੋਰੈਂਟ ਵਿੱਚ ਧੂੜ ਫੱਕ ਰਹੀਆਂ ਹਨ। 

ਵਿਸੇਸ਼ ਤੌਰ 'ਤੇ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਨੂੰ ਜਿਸ ਵੇਲੇ ਮਾਣਯੋਗ ਅਦਾਲਤ ਦੇ ਵੱਲੋਂ ਬਲਾਤਕਾਰ ਕੇਸ ਵਿੱਚ ਸਜਾ ਸੁਣਾਈ ਗਈ ਸੀ ਤਾਂ ਰਾਮ ਰਹੀਮ ਦੇ ਭਗਤਾਂ ਨੇ ਅਦਾਲਤ ਦੇ ਬਾਹਰ ਹੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਮੀਡੀਆ 'ਤੇ ਵੀ ਹਮਲੇ ਕੀਤੇ ਸਨ। ਜਿਸ ਦੇ ਚੱਲਦਿਆ ਕੁਝ ਦਿਨਾਂ ਬਾਅਦ ਹੀ ਮਾਣਯੋਗ ਅਦਾਲਤ ਵੱਲੋਂ ਰਾਮ ਰਹੀਮ ਦੀਆਂ ਫੈਕਟਰੀਆਂ ਨੂੰ ਸੀਲ ਕਰਦਿਆ ਹੋਇਆ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਰਾਮ ਰਹੀਮ ਨੂੰ ਚੋਖਾ ਜੁਰਮਾਨਾ ਵੀ ਕੀਤਾ ਗਿਆ ਸੀ। ਜਿਸ ਦੇ ਕਾਰਨ ਬਲਾਤਕਾਰੀ ਬਾਬੇ ਰਾਮ ਰਹੀਮ ਦੇ ਕਾਰੋਬਾਰ ਨੂੰ ਸੀਲ ਕਰਦਿਆਂ ਹੋਇਆ ਭਰਪਾਈ ਹੋਈ ਸੀ। 

ਭਰੋਸੇਯੋਗ ਸੂਤਰਾਂ ਦੇ ਮੁਤਾਬਿਕ ਪੰਜਾਬ ਦੇ ਮਾਲਵਾ ਖੇਤਰ ਵਿੱਚ ਰਾਮ ਰਹੀਮ ਦੇ ਭਗਤ ਕਾਫੀ ਜ਼ਿਆਦਾ ਹਨ ਅਤੇ ਪਿਛਲੀ 11 ਜਨਵਰੀ 2019 ਨੂੰ ਜਦੋਂ ਮਾਣਯੋਗ ਅਦਾਲਤ ਵੱਲੋਂ ਪੱਤਰਕਾਰ ਛੱਤਰਪਤੀ ਕਤਲ ਕੇਸ ਰਾਮ ਰਹੀਮ ਨੂੰ ਸਜਾ ਸੁਣਾਈ ਜਾਣੀ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਬਾਹਰਲੇ ਰਾਜਾਂ ਤੋਂ ਵੱਖ ਵੱਖ ਸੁਰੱਖਿਆ ਫੋਰਸਾਂ ਅਤੇ ਖੂਫੀਆਂ ਏਜੰਸੀਆਂ ਦੇ ਵੱਲੋਂ ਕਾਫੀ ਜ਼ਿਆਦਾ ਚੌਕਸੀ ਵਰਤੀ ਗਈ ਸੀ। ਰਾਮ ਰਹੀਮ ਦੋਸ਼ੀ ਠਹਿਰਾਏ ਜਾਣ ਤੋਂ ਪਹਿਲੋਂ ਅਤੇ ਬਾਅਦ ਨਾਮਚਰਚਾ ਘਰਾਂ ਦੇ ਬਾਹਰ ਪੁਲਿਸ ਦਾ ਪਹਿਰਾ ਲੱਗਿਆ ਰਿਹਾ, ਜੋ ਹੁਣ ਵੀ ਕਈ ਡੇਰਿਆਂ ਦੇ ਬਾਹਰ ਜਾਰੀ ਹੈ। 

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਿਸ ਤਰੀਕੇ ਨਾਲ ਰਾਮ ਰਹੀਮ ਦੇ ਖਿਲਾਫ ਲਗਾਤਾਰ ਫੈਸਲੇ ਆ ਰਹੇ ਹਨ, ਇਸ ਤੋਂ ਇੰਝ ਜਾਪ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਾਮ ਰਹੀਮ ਦੇ ਸਾਰੇ ਡੇਰਿਆਂ ਨੂੰ ਵੀ ਪੱਕੇ ਤਾਲੇ ਲੱਗ ਜਾਣਗੇ। ''ਨਾਮਚਰਚਾ ਘਰਾਂ ਤੋਂ ਇਲਾਵਾ ਡੇਰਿਆਂ'' ਦੇ ਵਿੱਚ ਉੱਲੂ ਬੋਲਣਗੇ। ਦੱਸਿਆ ਜਾ ਰਿਹਾ ਹੈ ਕਿ ਜੇਕਰ ਰਾਮ ਰਹੀਮ ਦੇ ਭਗਤ 25 ਅਗਸਤ 2017 ਨੂੰ ਅਦਾਲਤ ਦੇ ਬਾਹਰ ਭੰਨਤੋੜ ਨਾ ਕਰਦੇ ਤਾਂ ਰਾਮ ਰਹੀਮ ਕਾਫੀ ਹੱਦ ਤੱਕ ਬਚ ਸਕਦਾ ਸੀ, ਪਰ ਅਜਿਹਾ ਨਹੀਂ ਹੋਇਆ। ਸੋ ਦੋਸਤੋਂ, ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਬਾਬਿਆਂ ਤੋਂ ਦੂਰ ਰਿਹਾ ਜਾਵੇ ਤਾਂ ਜੋ ਇਨ੍ਹਾਂ ਬਾਬਿਆਂ ਦੇ ਘਟੀਆ ਕਾਰਨਾਮਿਆਂ ਤੋਂ ਬਚਿਆ ਜਾ ਸਕੇ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।