ਹੁਣ ਚੰਡੀਗੜ੍ਹ ਤੋਂ ਵੀ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਉਡਾਣ ਸ਼ੁਰੂ: ਡੀ.ਪੀ. ਸਿੰਘ ਚਾਵਲਾ

Last Updated: Dec 14 2018 17:43
Reading time: 1 min, 18 secs

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਸ਼ਾਸਨਿਕ ਅਧਿਕਾਰੀ ਸਰਦਾਰ ਡੀ.ਪੀ. ਸਿੰਘ ਚਾਵਲਾ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲ ਪੁਰਖ ਦੀ ਕਿਰਪਾ ਸਦਕਾ ਹੁਣ ਚੰਡੀਗੜ੍ਹ ਤੋਂ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਵੀ ਏਅਰ ਇੰਡੀਆ ਦੀ ਉਡਾਣ ਸ਼ੁਰੂ ਹੋਣ ਦੀ ਮਨਜ਼ੂਰੀ ਮਿਲ ਗਈ ਹੈ ਤੇ ਇਹ ਉਡਾਣ 8 ਜਨਵਰੀ 2019 ਤੋਂ ਹਰ ਮੰਗਲਵਾਰ ਅਤੇ ਬੁੱਧਵਾਰ ਚੱਲਿਆ ਕਰੇਗੀ। ਸਰਦਾਰ ਚਾਵਲਾ ਨੇ ਦੱਸਿਆ ਕਿ ਇਸ ਉਡਾਣ ਨੂੰ ਸ਼ੁਰੂ ਕਰਵਾਉਣ ਵਿੱਚ ਏਅਰ ਇੰਡੀਆ ਦੇ ਡਾਇਰੈਕਟਰ ਸ੍ਰੀ ਐਸ.ਐਸ. ਓਬਰਾਏ ਅਤੇ ਸਰਦਾਰ ਦੀਪਇੰਦਰ ਸਿੰਘ ਗਿੱਲ ਪਾਇਲਟ ਦਾ ਵੱਡਾ ਯੋਗਦਾਨ ਹੈ। ਸਰਦਾਰ ਚਾਵਲਾ ਨੇ ਦੱਸਿਆ ਕਿ ਪਹਿਲਾ ਹੀ ਅੰਮ੍ਰਿਤਸਰ ਅਤੇ ਦਿੱਲੀ ਤੋਂ ਸ੍ਰੀ ਹਜ਼ੂਰ ਸਾਹਿਬ ਆਉਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਉਡਾਣਾਂ ਚਲ ਰਹੀਆਂ ਹਨ ਤੇ ਹੁਣ ਚੰਡੀਗੜ੍ਹ ਤੋਂ ਫਲਾਈਟ ਦੇ ਚੱਲਣ ਨਾਲ ਸੰਗਤਾਂ ਨੂੰ ਹੋਰ ਸੁਵਿਧਾ ਹੋ ਜਾਵੇਗੀ।

ਇਸ ਮੌਕੇ ਉਨ੍ਹਾਂ ਨੇ ਸੰਸਾਰ ਭਰ ਵਿੱਚ ਵੱਸਦੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਹਜ਼ੂਰ ਸਾਹਿਬ ਆ ਕੇ ਗੁਰੂ ਸਾਹਿਬ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ। ਦੱਸਣਾ ਬਣਦਾ ਹੈ ਕਿ ਜਦੋਂ ਦਾ ਸਰਦਾਰ ਡੀ.ਪੀ. ਸਿੰਘ ਚਾਵਲਾ ਨੇ ਤਖ਼ਤ ਸਾਹਿਬ ਦੇ ਪ੍ਰਸ਼ਾਸਨਿਕ ਅਧਿਕਾਰੀ ਦਾ ਚਾਰਜ ਸੰਭਾਲਿਆ ਹੈ ਉਨ੍ਹਾਂ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਅੰਮ੍ਰਿਤਸਰ, ਦਿੱਲੀ ਅਤੇ ਹੁਣ ਚੰਡੀਗੜ੍ਹ ਤੋਂ ਉਡਾਣ ਸ਼ੁਰੂ ਕਰਵਾਉਣ ਵਿੱਚ ਸਰਦਾਰ ਚਾਵਲਾ ਵੱਲੋਂ ਬੀਤੇ ਸਮੇਂ ਵਿੱਚ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਜਿਸ ਦਾ ਨਤੀਜਾ ਇਹ ਉਡਾਣਾਂ ਸ਼ੁਰੂ ਹੋ ਸਕੀਆਂ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਸਰਦਾਰ ਚਾਵਲਾ ਵੱਲੋਂ ਆਪਣੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਤਖ਼ਤ ਸੱਚਖੰਡ ਬੋਰਡ ਤੋਂ ਕੋਈ ਤਨਖਾਹ ਵੀ ਨਹੀਂ ਲਈ ਜਾਂਦੀ ਤੇ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਜੋ ਅੱਜ ਕੱਲ੍ਹ ਦੇ ਪਦਾਰਥਵਾਦੀ ਸਮੇਂ ਵਿੱਚ ਬਹੁਤ ਘੱਟ ਲੋਕਾਂ ਵਿੱਚ ਵੇਖਣ ਨੂੰ ਮਿਲਦੀ ਹੈ।