ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ, 30 ਦਸੰਬਰ ਨੂੰ ਹੋਵੇਗੀ ਵੋਟਿੰਗ

Last Updated: Dec 07 2018 19:45

ਪੰਜਾਬ ਵਿੱਚ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਸਾਰੀਆਂ ਅਟਕਲਾਂ ਦੂਰ ਹੋ ਗਈਆਂ ਹਨ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਪੰਚਾਇਤੀ ਚੋਣਾਂ ਦੀ ਪੱਕੀ ਤਰੀਕ ਪੰਜਾਬ ਇਲੈਕਸ਼ਨ ਕਮਿਸ਼ਨ ਵੱਲੋਂ 30 ਦਸੰਬਰ 2018 ਮੁਕੱਰਰ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਭਾਵੇਂ ਸੂਬਾ ਸਰਕਾਰ ਵੱਲੋਂ ਪੰਚਾਇਤੀ ਚੋਣਾਂ 30 ਦਸੰਬਰ ਨੂੰ ਕਰਵਾਏ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ, ਪਰ ਦਸੰਬਰ ਦੇ ਆਖਰੀ ਹਫਤੇ ਵਿੱਚ 'ਸ਼੍ਰੀ ਗੁਰੂ ਗੋਬਿੰਦ ਸਿੰਘ ਜੀ' ਦੇ ਸਾਹਿਬਜ਼ਾਦਿਆਂ ਅਤੇ 'ਮਾਤਾ ਗੁਜ਼ਰੀ ਜੀ' ਦੀਆਂ ਹੋਈਆਂ ਸ਼ਹੀਦੀਆਂ ਦਾ ਹਵਾਲਾ ਦਿੰਦੇ ਹੋਏ ਸਿੱਖ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸੰਬਰ ਦੇ ਆਖਰੀ ਹਫਤੇ ਵਿੱਚ ਪੰਚਾਇਤੀ ਚੋਣਾਂ ਨਾ ਕਰਵਾਉਣ ਦੀ ਮੰਗ ਪੰਜਾਬ ਸਰਕਾਰ ਤੋਂ ਕੀਤੀ ਜਾ ਰਹੀ ਸੀ। ਜਿਸ ਨੂੰ ਵੇਖਦੇ ਹੋਏ ਲੱਗਦਾ ਸੀ ਕਿ ਪੰਚਾਇਤੀ ਚੋਣਾਂ ਹੁਣ ਹੋਰ ਅੱਗੇ ਪੈ ਸਕਦੀਆਂ ਹਨ।

ਮੌਜੂਦਾ ਸਮੇਂ ਇਨ੍ਹਾਂ ਹਾਲਾਤਾਂ ਨੂੰ ਲੈ ਕੇ ਪੰਜਾਬ ਸਰਕਾਰ ਵੀ ਦੁਚਿੱਤੀ ਵਿੱਚ ਸੀ, ਕਿਉਂਕਿ ਜੇਕਰ ਸੂਬਾ ਸਰਕਾਰ ਇਸ ਮਹੀਨੇ ਵਿੱਚ ਪੰਚਾਇਤੀ ਚੋਣਾਂ ਨਾ ਕਰਵਾ ਪਾਉਂਦੀ ਤਾਂ ਫਿਰ ਇਹ ਚੋਣਾਂ ਅਗਲੇ ਸਾਲ 2019 ਵਿੱਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਤੋਂ ਬਾਅਦ ਹੀ ਹੋ ਪਾਉਣੀਆਂ ਸਨ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਪ੍ਰੈਸ-ਨੋਟ ਜਾਰੀ ਕਰਕੇ ਪੰਚਾਇਤੀ ਚੋਣਾਂ 30 ਦਸੰਬਰ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਇਲੈਕਸ਼ਨ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦੇ ਜਾਰੀ ਕੀਤੇ ਸ਼ਡਿਊਲ ਅਨੁਸਾਰ ਇਨ੍ਹਾਂ ਚੋਣਾਂ ਲਈ ਨੋਟੀਫਿਕੇਸ਼ਨ 15 ਦਸੰਬਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 19 ਦਸੰਬਰ ਰੱਖੀ ਗਈ ਹੈ। ਉਮੀਦਵਾਰਾਂ ਵੱਲੋਂ ਭਰੇ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 20 ਦਸੰਬਰ ਨੂੰ ਹੋਵੇਗੀ, ਜਦਕਿ ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖਰੀ ਤਰੀਕ 21 ਦਸੰਬਰ ਰੱਖੀ ਗਈ ਹੈ। 30 ਦਸੰਬਰ ਨੂੰ ਪੰਜਾਬ ਦੀਆਂ 13276 ਗ੍ਰਾਮ ਪੰਚਾਇਤਾਂ ਦੀ ਚੋਣ ਹੋਵੇਗੀ। 

ਇਨ੍ਹਾਂ ਚੋਣਾਂ ਵਿੱਚ 13276 ਸਰਪੰਚਾਂ ਅਤੇ ਕੁੱਲ 83831 ਵਾਰਡਾਂ ਵਿੱਚੋਂ 83831 ਪੰਚ ਚੁਣੇ ਜਾਣਗੇ। ਇਨ੍ਹਾਂ 83831 ਪੰਚਾਂ ਵਿੱਚੋਂ 17811 ਸੀਟਾਂ ਅਨੁਸੂਚਿਤ ਜਾਤੀਆਂ, 12634 ਐਸ.ਸੀ. ਔਰਤਾਂ, 22690 ਔਰਤਾਂ, 26315 ਜਨਰਲ ਜਦਕਿ 4381 ਸੀਟਾਂ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਮੌਜੂਦਾ ਸਮੇਂ ਪੰਜਾਬ ਦੇ ਕੁੱਲ ਵੋਟਰਾਂ ਦੀ ਸੰਖਿਆ 1,27,87,395 ਹੈ, ਜਿਨ੍ਹਾਂ ਵਿੱਚੋਂ 66,88,245 ਮਰਦ ਵੋਟਰ ਅਤੇ 60,99,053 ਔਰਤ ਵੋਟਰ ਹਨ, ਜਦਕਿ 97 ਲੋਕ ਤੀਸਰੇ ਲਿੰਗ ਨਾਲ ਸਬੰਧਿਤ ਹਨ। ਇਨ੍ਹਾਂ ਚੋਣਾਂ ਲਈ ਕੁੱਲ 17268 ਪੋਲਿੰਗ ਬੂਥ ਲਗਾਏ ਜਾਣਗੇ ਅਤੇ ਚੋਣਾਂ ਦੌਰਾਨ ਬੈਲਟ-ਪੇਪਰ ਦੀ ਵਰਤੋਂ ਹੋਵੇਗੀ। ਇਨ੍ਹਾਂ ਚੋਣਾਂ ਵਿੱਚ ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰ ਲਈ ਚੋਣ ਖਰਚੇ ਦੀ ਹੱਦ 30 ਹਜ਼ਾਰ ਜਦਕਿ ਪੰਚ ਲਈ 20 ਹਜ਼ਾਰ ਰੁਪਏ ਰੱਖੀ ਗਈ ਹੈ। ਇਨ੍ਹਾਂ ਪੰਚਾਇਤੀ ਚੋਣਾਂ ਦੌਰਾਨ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ।