ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕਣਕ ਦੀ ਫਸਲ ਤੇ ਚਲਾਇਆ ਟਰੈਕਟਰ, ਦੋ ਵਿਅਕਤੀ ਨਾਮਜ਼ਦ

Last Updated: Dec 07 2018 19:34

ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਜ਼ਦੀਕੀ ਪਿੰਡ ਪੱਦੀ ਵਿਖੇ ਦੋ ਵਿਅਕਤੀਆਂ ਨੇ ਖੇਤਾਂ 'ਚ ਖੜੀ ਕਣਕ ਦੀ ਖੜੀ ਫਸਲ ਤੇ ਟਰੈਕਟਰ ਚਲਾ ਕੇ ਫਸਲ ਨੂੰ ਤਹਿਸ ਨਹਿਸ ਕਰ ਦਿੱਤਾ। ਇਸ ਘਟਨਾ ਦੇ ਸਬੰਧ 'ਚ ਸ਼ਿਕਾਇਤਕਰਤਾ ਸੁਰਜੀਤ ਸਿੰਘ ਵਾਸੀ ਪਿੰਡ ਪੱਦੀ ਦੀ ਸ਼ਿਕਾਇਤ ਤੇ ਪੁਲਿਸ ਨੇ ਕੁਲਦੀਪ ਸਿੰਘ ਵਾਸੀ ਪਿੰਡ ਢੰਡਾਰੀ ਕਲਾਂ ਅਤੇ ਜੱਗਾ ਸਿੰਘ ਵਾਸੀ ਪਿੰਡ ਭੁੱਟਾ ਦੇ ਖਿਲਾਫ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ ਕਰਨ ਅਤੇ ਫਸਲ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਡੇਹਲੋਂ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਇਸ ਮਾਮਲੇ ਸਬੰਧੀ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ਿਕਾਇਤਕਰਤਾ ਸੁਰਜੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨ 'ਚ ਦੱਸਿਆ ਹੈ ਕਿ ਪਿੰਡ 'ਚ ਉਨ੍ਹਾਂ ਦੀ ਜੱਦੀ ਪੁਸ਼ਤੀ ਜ਼ਮੀਨ ਪਈ ਹੈ। ਉਸ ਜ਼ਮੀਨ 'ਚੋਂ ਉਹ ਚਾਰ ਭਰਾ ਹਿੱਸੇਦਾਰ ਹਨ, ਜਿਸਦੇ ਚੱਲਦੇ ਉਹ ਪੁਸ਼ਤੈਨੀ ਜ਼ਮੀਨ 'ਚੋਂ ਬਣਦੇ ਆਪਣੇ ਹਿੱਸੇ ਆਉਂਦੀ ਜਮੀਨ ਤੇ ਖੇਤੀਬਾੜੀ ਕਰਦਾ ਹੈ ਤੇ ਉਸਨੇ ਆਪਣੇ ਹਿੱਸੇ ਦੀ ਜ਼ਮੀਨ ਤੇ ਕਣਕ ਦੀ ਫਸਲ ਬੀਜੀ ਹੋਈ ਹੈ।

ਸ਼ਿਕਾਇਤਕਰਤਾ ਸੁਰਜੀਤ ਸਿੰਘ ਨੇ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਆਰੋਪੀ ਕੁਲਦੀਪ ਸਿੰਘ ਨੇ ਦੂਸਰੇ ਸਾਥੀ ਜੱਗਾ ਸਿੰਘ ਦਾ ਟਰੈਕਟਰ ਲੈ ਕੇ ਉਸਦੀ ਜ਼ਮੀਨ ਉੱਪਰ ਨਜਾਇਜ਼ ਤੌਰ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਖੇਤਾਂ 'ਚ ਖੜੀ ਕਣਕ ਦੀ ਫਸਲ ਨੂੰ ਟਰੈਕਟਰ ਨਾਲ ਵਾਹ ਕੇ ਤਹਿਸ ਨਹਿਸ ਕਰ ਦਿੱਤਾ। ਜਦੋਂ ਉਸ ਨੂੰ ਇਸ ਸਬੰਧ 'ਚ ਪਤਾ ਲੱਗਿਆ ਤਾਂ ਉਸਨੇ ਆਰੋਪੀ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਦੂਜੇ ਪਾਸੇ, ਇਸ ਮਾਮਲੇ ਸਬੰਧੀ ਥਾਣਾ ਡੇਹਲੋਂ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਸੁਰਜੀਤ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਆਰੋਪੀ ਕੁਲਦੀਪ ਸਿੰਘ ਅਤੇ ਜੱਗਾ ਸਿੰਘ ਦੇ ਖਿਲਾਫ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ ਕਰਨ, ਫਸਲ ਨੂੰ ਖਰਾਬ ਕਰਨ ਅਤੇ ਜਾਨਲੇਵਾ ਧਮਕੀਆਂ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਇਸ ਮਾਮਲੇ ਸਬੰਧੀ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।