ਚੱਢਾ ਸ਼ੂਗਰ ਮਿੱਲ ਦਾ ਨਿਗਰਾਨ ਕਮੇਟੀ ਨੇ ਕੀਤਾ ਦੌਰਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 07 2018 19:42

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੱਢਾ ਸ਼ੂਗਰ ਮਿੱਲ ਦੇ ਮਾਮਲੇ 'ਚ ਚੱਲ ਰਹੀ ਜਾਂਚ ਬਾਰੇ ਵੱਖ-ਵੱਖ ਵਿਭਾਗਾਂ ਵੱਲੋਂ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਨੂੰ ਘੋਖਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ 'ਚ ਹੋਈ ਮੀਟਿੰਗ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚੰਦਰਾ ਬਾਬੂ ਨੇ ਬਿਆਸ ਦਰਿਆ ਵਿੱਚ ਚੱਢਾ ਸ਼ੂਗਰ ਮਿੱਲ ਦੀ ਲਾਪਰਵਾਹੀ ਕਾਰਨ ਘੁਲੇ ਸੀਰੇ ਦੀਆਂ ਰਿਪੋਰਟਾਂ ਲਈਆਂ।

ਨਿਗਰਾਨ ਕਮੇਟੀ ਨੇ ਕੀੜੀ ਅਫਗਾਨਾ ਵਿੱਚ ਮੌਕੇ 'ਤੇ ਜਾ ਕੇ ਉਸ ਥਾਂ ਦਾ ਦੌਰਾ ਕੀਤਾ ਜਿੱਥੋਂ ਸੀਰੇ ਦੇ ਭੰਡਾਰ ਵਿੱਚ ਧਮਾਕਾ ਹੋਇਆ ਸੀ ਤੇ ਵੱਡੀ ਪੱਧਰ 'ਤੇ ਸ਼ੀਰਾ ਡਰੇਨ ਰਾਹੀਂ ਹੁੰਦਾ ਹੋਇਆ ਬਿਆਸ ਦਰਿਆ ਵਿੱਚ ਰਲ ਗਿਆ ਸੀ। ਜਿਸ ਕਾਰਨ ਵੱਡੇ ਪੱਧਰ 'ਤੇ ਮੱਛੀਆਂ ਸਮੇਤ ਹੋਰ ਜਲਚਰ ਜੀਵਾਂ ਦੀ ਮੌਤ ਹੋ ਗਈ ਸੀ। ਚੱਢਾ ਸ਼ੂਗਰ ਮਿੱਲ ਦੀ ਲਾਪਰਵਾਹੀ ਕਾਰਨ ਵਾਪਰੇ ਇਸ ਵੱਡੇ ਹਾਦਸੇ ਬਾਰੇ ਆਪ ਦੇ ਬਾਗੀ ਆਗੂ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਨ.ਜੀ.ਟੀ 'ਚ ਰਿੱਟ ਦਾਇਰ ਕੀਤੀ ਹੋਈ ਸੀ। ਇਸ ਬਾਰੇ ਐਨ.ਜੀ.ਟੀ ਵੱਲੋਂ ਇਹ ਕੇਸ ਵੀ ਨਿਗਰਾਨ ਕਮੇਟੀ ਨੂੰ ਦਿੱਤਾ ਹੋਇਆ ਹੈ ਜਿਸ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹਨ।

ਨਿਗਰਾਨ ਕਮੇਟੀ ਨੇ ਪਹਿਲੀ ਵਾਰ ਚੱਢਾ ਸ਼ੂਗਰ ਮਿੱਲ ਦੇ ਉਸ ਥਾਂ ਦਾ ਦੌਰਾ ਕੀਤਾ ਜਿੱਥੋਂ ਸੀਰੇ ਦੇ ਭੰਡਾਰ ਦਾ ਬੰਨ੍ਹ ਟੁੱਟਾ ਸੀ। ਜਾਣਕਾਰੀ ਅਨੁਸਾਰ ਕੀੜੀ ਅਫਗਾਨਾ 'ਚ ਕਮੇਟੀ ਵੱਲੋਂ ਦੌਰਾ ਕਰਨ ਤੋਂ ਪਹਿਲਾਂ ਕੀਤੀ ਗਈ ਮੀਟਿੰਗ ਵਿੱਚ ਮਿੱਲ ਦੇ ਅਧਿਕਾਰੀ ਵੀ ਸ਼ਾਮਲ ਹੋਏ ਸਨ ਤੇ ਉਨ੍ਹਾਂ ਕੋਲੋਂ ਵੀ ਨਿਗਰਾਨ ਕਮੇਟੀ ਨੇ ਜਾਣਕਾਰੀ ਇਕੱਠੀ ਕੀਤੀ ਕਿ ਕਿਵੇਂ ਸੀਰੇ ਨੂੰ ਸੰਭਾਲਣ ਦੇ ਪ੍ਰਬੰਧ ਕੀਤੇ ਹੋਏ ਹਨ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੀਰਾ ਰਿਸਣ ਦੇ ਮਾਮਲੇ ਵਿੱਚ ਕੀ-ਕੀ ਪੇਸ਼ਬੰਦੀਆਂ ਕੀਤੀਆਂ ਗਈਆਂ, ਉਸ ਬਾਰੇ ਜਾਣਕਾਰੀ ਲਈ ਗਈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਸ ਬਾਰੇ ਵੀ ਐਨ.ਜੀ.ਟੀ ਨੂੰ ਤਿੰਨ ਮਹੀਨਿਆਂ ਵਿੱਚ ਰਿਪੋਰਟ ਸੌਂਪੀ ਜਾਣੀ ਹੈ ਤੇ ਇਸ ਬਾਰੇ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਹਨ।

ਯਾਦ ਰਹੇ ਕਿ ਐਨਜੀਟੀ ਵੱਲੋਂ ਨਿਰਧਾਰਿਤ ਕੀਤੀ ਗਈ ਨਿਗਰਾਨ ਕਮੇਟੀ ਦੇ ਮੈਂਬਰ ਹੁੰਦਿਆਂ ਸੰਤ ਸੀਚੇਵਾਲ ਨੇ ਸਤਲੁਜ ਤੇ ਬਿਆਸ ਦਰਿਆ ਨੂੰ ਪਲੀਤ ਕਰਨ ਬਾਰੇ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਦੇ ਦਰਿਆਵਾਂ ਨੂੰ ਪਲੀਤ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਏਨੀ ਮੋਟੀ ਰਕਮ ਦਾ ਜੁਰਮਾਨਾ ਹੋਇਆ ਹੋਵੇ। ਇਸ ਜੁਰਮਾਨੇ ਨੂੰ ਉਗਰਾਹੁਣ ਬਾਰੇ ਤੇ ਦਰਿਆਵਾਂ ਨੂੰ ਸਾਫ਼ ਸੁਥਰਾ ਰੱਖਣ ਬਾਰੇ ਐਨਜੀਟੀ 'ਚ ਅਗਲੀ ਪੇਸ਼ੀ 22 ਫਰਵਰੀ 2019 ਨੂੰ ਹੋਵੇਗੀ।