ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ

Last Updated: Dec 07 2018 19:15
Reading time: 2 mins, 27 secs

ਜ਼ਿਲ੍ਹਾ ਪੱਧਰ ਦਾ ਹਥਿਆਰਬੰਦ ਸੈਨਾ ਝੰਡਾ ਦਿਵਸ ਅੱਜ ਕੈਪਟਨ ਝੱਗੜ ਸਿੰਘ ਵਾਰ ਮੈਮੋਰੀਅਲ ਕਪੂਰਥਲਾ ਵਿਖੇ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਮਿਲਟਰੀ ਸਟੇਸ਼ਨ ਕਪੂਰਥਲਾ ਦੇ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਡੀ. ਪਾਲਸੋਕਰ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਉੱਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਲੈਫਟੀਨੈਂਟ ਕਰਨਲ (ਸੇਵਾਮੁਕਤ) ਬਲਦੇਵ ਸਿੰਘ ਖਿੰਡਾ, ਜ਼ਿਲ੍ਹਾ  ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਪੂਰਥਲਾ ਕਰਨਲ ਅਮਰਬੀਰ ਸਿੰਘ ਚਾਹਲ ਤੋਂ ਇਲਾਵਾ ਸਿਵਲ ਅਤੇ ਆਰਮੀ ਯੂਨਿਟਾਂ ਦੇ ਕਮਾਂਡਿੰਗ ਅਫ਼ਸਰਾਂ ਵੱਲੋਂ ਵਾਰ ਮੈਮੋਰੀਅਲ ਵਿਖੇ ਸ਼ਹੀਦ ਸੈਨਿਕਾਂ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਫ਼ੌਜ ਦੀ 22 ਮੈਕ ਇੰਨਫੈਂਟਰੀ ਦੀ ਟੁਕੜੀ ਦੇ ਬੈਂਡ ਨੇ ਮਧੁਰ ਧੁਨਾਂ ਵਜਾਈਆਂ ਅਤੇ ਗਾਰਦ ਨੇ ਹਥਿਆਰ ਉਲਟੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਮੌਨ ਧਾਰਨ ਕੀਤਾ। 

ਇਸ ਮੌਕੇ ਬਹਾਦਰ ਸੂਰਬੀਰ ਅਫ਼ਸਰਾਂ ਤੇ ਸੈਨਿਕਾਂ, ਜਿਨ੍ਹਾਂ ਨੇ ਜੰਗਾਂ ਦੌਰਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ, ਨੂੰ ਯਾਦ ਕੀਤਾ ਗਿਆ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਘੰਟਾ ਘਰ ਕਪੂਰਥਲਾ ਦੀਆਂ ਵਿਦਿਆਰਥਣਾਂ ਨੇ ਸ਼ਬਦ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਇਸ ਮੌਕੇ 28 ਲਾਭਪਾਤਰੀਆਂ ਨੂੰ 1 ਲੱਖ 16 ਹਜ਼ਾਰ ਰੁਪਏ ਦੀ ਗ੍ਰਾਂਟ ਦੇ ਚੈੱਕ ਭੇਟ ਕੀਤੇ ਗਏ। ਇਸ ਤੋਂ ਇਲਾਵਾ 16 ਵਿਭਾਗਾਂ ਅਤੇ ਸੰਸਥਾਵਾਂ ਨੂੰ ਪਿਛਲੇ ਸਾਲ 10 ਹਜ਼ਾਰ ਰੁਪਏ ਤੋਂ ਵੱਧ ਦਾਨ ਦੀ ਰਾਸ਼ੀ ਇਕੱਤਰ ਕਰਨ ਲਈ ਟ੍ਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। 

ਮੁੱਖ ਮਹਿਮਾਨ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਡੀ. ਪਾਲਸੋਕਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਨਿਕ ਜਦੋਂ ਫ਼ੌਜ ਵਿੱਚ ਸੇਵਾ ਕਰਦੇ ਹਨ ਤਾਂ ਉਹ ਸਿਵਲ ਨਾਲੋਂ ਕੱਟੇ ਜਾਂਦੇ ਹਨ ਅਤੇ ਜਦੋਂ ਉਹ ਸੇਵਾਮੁਕਤ ਹੋ ਕੇ ਆਪਣੇ ਘਰ ਆਉਂਦੇ ਹਨ ਤਾਂ ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਹਰੇਕ ਤਰ੍ਹਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਫ਼ੌਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਅਤੇ ਸਵੈ ਸੇਵੀ ਸੰਸਥਾਵਾਂ ਅਤੇ ਐਨ. ਸੀ. ਸੀ ਕੈਡਿਟਾਂ ਨੂੰ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। 

ਇਸ ਮੌਕੇ ਉਨ੍ਹਾਂ ਸਾਬਕਾ ਸੈਨਿਕਾਂ ਵਾਸਤੇ ਸਹੂਲਤਾਂ ਵਧਾਉਣ ਦਾ ਵੀ ਭਰੋਸਾ ਦਿੱਤਾ। ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਸਾਬਕਾ ਸੈਨਿਕਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ। ਉਨ੍ਹਾਂ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਹਰੇਕ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ, ਸੰਸਥਾਵਾਂ, ਵਿਦਿਅਕ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਨੂੰ ਸੈਨਿਕਾਂ ਦੀ ਭਲਾਈ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਝੰਡਾਂ ਦਿਵਸ ਫੰਡ ਦੀ ਮਹੱਤਤਾ, ਸੰਗਠਨ ਅਤੇ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਸਵੈ-ਇੱਛਤ ਦਾਨ ਵੀਰ ਨਾਰੀਆਂ, ਅਪੰਗ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ ਦਿੱਤਾ ਜਾਂਦਾ ਹੈ। 

ਇਸ ਲਈ ਸਾਰਿਆਂ ਨੂੰ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ  58 ਆਰਮਡ ਬ੍ਰਿਗੇਡ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਗਮ ਬਾਖੂਬੀ ਨੇਪਰੇ ਚੜਿਆ। ਇਸ ਮੌਕੇ ਲੈਫਟੀਨੈਂਡ ਕਮਾਂਡਰ ਦਿਲਪ੍ਰੀਤ ਸਿੰਘ ਕੰਗ, ਡੀ. ਐਸ. ਪੀ (ਹੈੱਡਕੁਆਰਟਰ) ਡਾ. ਮੁਕੇਸ਼, ਸਿਵਲ ਸਰਜਨ ਡਾ. ਬਲਵੰਤ ਸਿੰਘ, ਸਹਾਇਕ ਕਮਿਸ਼ਨਰ ਲੇਬਰ ਬਲਜੀਤ ਸਿੰਘ, ਏ. ਪੀ. ਆਰ. ਓ ਹਰਦੇਵ ਸਿੰਘ ਆਸੀ, ਸਮਾਜ ਸੇਵੀ ਗੁਰਮੁਖ ਸਿੰਘ ਢੋਡ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੈਨਿਕ, ਸਾਬਕਾ ਸੈਨਿਕ, ਉਨਾਂ ਦੇ ਪਰਿਵਾਰਕ ਮੈਂਬਰ ਅਤੇ ਸਿਵਲ ਤੇ ਸੈਨਿਕ ਅਧਿਕਾਰੀ ਹਾਜ਼ਰ ਸਨ।