15 ਸੂਬਿਆਂ ਦੇ ਅਧਿਕਾਰੀਆਂ ਨੇ ਕਮਿਊਨਿਟੀ ਸਿਹਤ ਕੇਂਦਰ ਖੇੜਾ 'ਚ ਹਵਾ ਜਾਂਚ ਯੰਤਰ ਦਾ ਕੀਤਾ ਨਿਰੀਖਣ

Last Updated: Dec 07 2018 18:56

ਹਵਾ ਦੇ ਪ੍ਰਦੂਸ਼ਣ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਹਾਨੀਕਾਰਕ ਪ੍ਰਭਾਵਾਂ ਦਾ ਜਾਇਜ਼ਾ ਲੈਣ ਸਬੰਧੀ ਪੀ.ਜੀ.ਆਈ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਾਂਝੇ ਤੌਰ ਤੇ ਤਿੰਨ ਰੋਜ਼ਾ ਨੈਸ਼ਨਲ ਪੱਧਰ ਦੀ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ। ਜਿਸ ਤਹਿਤ ਦੇਸ਼ ਭਰ ਦੇ 15 ਸੂਬਿਆਂ ਤੋਂ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੇ ਅਧਿਕਾਰੀਆਂ ਦੀ ਟੀਮ ਨੇ ਸਕੂਲ ਆਫ਼ ਪਬਲਿਕ ਹੈਲਥ ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ ਦੇ ਸਹਿਯੋਗ ਨਾਲ ਕਮਿਊਨਿਟੀ ਸਿਹਤ ਕੇਂਦਰ ਖੇੜਾ ਵਿਖੇ ਲਗਾਏ ਗਏ ਹਵਾ ਜਾਂਚ ਯੰਤਰ ਦਾ ਨਿਰੀਖਣ ਕਰਨ ਤਹਿਤ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਫ਼ੀਲਡ ਵਿਜ਼ਟ ਕੀਤੀ।

ਇਸ ਸਬੰਧ 'ਚ ਸਿਵਲ ਸਰਜਨ ਡਾ. ਐਨ.ਕੇ ਅਗਵਾਲ ਨੇ ਦੱਸਿਆ ਕਿ ਹਵਾ ਦੇ ਪ੍ਰਦੂਸ਼ਣ ਅਤੇ ਹੋਰ ਨਾਨ ਕਮਿਊਨੀਕੇਬਲ ਬਿਮਾਰੀਆਂ ਸਬੰਧੀ ਜ਼ਿਲ੍ਹੇ ਵਿੱਚ ਲਗਾਤਾਰ ਸਰਵੇ ਕਰਵਾਇਆ ਜਾਂਦਾ ਹੈ ਜਿਸਦਾ ਡਾਟਾ ਜ਼ਿਲ੍ਹਾ ਪੱਧਰ ਤੇ ਇਕੱਤਰ ਕਰਕੇ ਵੱਖ-ਵੱਖ ਇਲਾਕਿਆਂ ਵਿੱਚ ਬਿਮਾਰੀ ਦੇ ਪ੍ਰਭਾਵਾਂ ਦਾ ਪਤਾ ਲਗਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਵੱਲੋਂ ਹੈਲਥ ਸੈਂਟਰ ਖੇੜਾ ਵਿਖੇ ਲਗਾਏ ਗਏ ਯੰਤਰ ਨਾਲ ਹਵਾ ਦਾ ਪ੍ਰਦੂਸ਼ਣ ਚੈਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਪ੍ਰਦੂਸ਼ਣ ਤੋਂ ਫੈਲਣ ਵਾਲੀਆਂ ਬਿਮਾਰੀਆਂ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

ਸੈਮੀਨਾਰ ਦੌਰਾਨ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਡਾ. ਸ੍ਰੀਕਾਂਤ, ਪੀਜੀਆਈ ਚੰਡੀਗੜ੍ਹ ਤੋਂ ਡਾ. ਰਵਿੰਦਰਾ ਖੈਵਾਲ, ਇੰਜੀਨੀਅਰ ਨੇਹਾ ਅਗਰਵਾਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਮਲ ਮੌਰ ਅਤੇ ਇੰਜ. ਤਨਬੀਰ ਸਿੰਘ ਨੇ ਹਵਾ ਪ੍ਰਦੂਸ਼ਣ ਜਾਂਚ ਯੰਤਰ ਦੀ ਕਾਰਜ ਪ੍ਰਣਾਲੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਦਕਿ ਸਕੂਲ ਆਫ਼ ਪਬਲਿਕ ਹੈਲਥ ਪੀਜੀਆਈ ਚੰਡੀਗੜ੍ਹ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਰਵਿੰਦਰਾ ਖੈਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੇੜਾ ਬਲਾਕ ਦੇ 30 ਪਿੰਡਾਂ ਵਿੱਚ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਕਿ ਘਰਾਂ ਵਿੱਚ ਖਾਣਾ ਤਿਆਰ ਕਰਨ ਲਈ ਧੂੰਏਂ ਵਾਲੇ ਚੁੱਲ੍ਹਿਆਂ ਦਾ ਇਸਤੇਮਾਲ ਕਰਦੇ ਹਨ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕਿਰਪਾਲ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਨਵਜੋਤ ਕੌਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਬੀਰ ਸਿੰਘ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।