ਬਸਪਾ ਨੇ ਮਨਾਇਆ ਡਾਕਟਰ ਭੀਮ ਰਾਓ ਅੰਬੇਦਕਰ ਦਾ ਪ੍ਰੀ-ਨਿਰਵਾਨ ਦਿਵਸ..!!

Last Updated: Dec 07 2018 16:23

ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਪ੍ਰੀ-ਨਿਰਵਾਨ ਦਿਵਸ ਵਾਲਮੀਕਿ ਆਸ਼ਰਮ ਬਾਰਡਰ ਰੋਡ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਮੱਲਵਾਲ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ। ਇਸ ਸਮਾਗਮ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਕੱਤਰ ਜਗਦੀਪ ਸਿੰਘ ਗੋਗੀ ਤਲਵੰਡੀ ਸਾਬੋ ਮੁੱਖ ਮਹਿਮਾਨ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਐਡਵੋਕੇਟ ਚੁੰਨੀ ਲਾਲ ਭਾਰੀ, ਸੁਖਦੇਵ ਸਿੰਘ ਸ਼ੀਰਾ ਇੰਚਾਰਜ ਲੋਕ ਸਭਾ ਜੋਨ ਫ਼ਿਰੋਜ਼ਪੁਰ ਪਹੁੰਚੇ। 

ਇਸ ਮੌਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਜਗਦੀਪ ਸਿੰਘ ਗੋਗੀ ਸਕੱਤਰ ਪੰਜਾਬ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹੀ ਹੈ ਕਿ ਜੋ ਸੁਪਨਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੇ ਲਿਆ ਸੀ ਉਹ ਸੁਪਨਾ 2019 ਵਿੱਚ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਵਿੱਚ ਪੂਰਾ ਹੋਣ ਵਾਲਾ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ ਅਤੇ ਇਸ ਸਰਕਾਰ ਨੇ ਨੋਟਬੰਦੀ ਅਤੇ ਜੀਐਸਟੀ ਲਗਾ ਕੇ ਲੋਕਾਂ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

ਇਸ ਮੌਕੇ 'ਤੇ ਸੁਖਦੇਵ ਸਿੰਘ ਸ਼ੀਰਾ, ਪੂਰਨ ਭੱਟੀ, ਰੇਸ਼ਮ ਭੱਟੀ, ਦਰਸ਼ਨ ਮੰਡ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ, ਜ਼ਿਲ੍ਹਾ ਫ਼ਿਰੋਜ਼ਪੁਰ ਇੰਚਾਰਜ ਚੀਮਾ ਜੋਧਪੁਰ, ਉਪ ਪ੍ਰਧਾਨ ਤਾਰਾ ਸਿੰਘ ਮਹਾਲਮ, ਸਕੱਤਰ ਬੂਟਾ ਸਿੰਘ ਵਾਹਗੇਵਾਲਾ, ਯੂਥ ਆਗੂ ਜ਼ਿਲ੍ਹਾ ਫ਼ਿਰੋਜ਼ਪੁਰ ਰਾਕੇਸ਼ ਭਾਰਤੀ, ਕੁਲਵੰਤ ਸਿੰਘ, ਹਾਕਮ, ਜਗਰੂਪ ਸਿੰਘ ਫਿੱਡੇ, ਨਛੱਤਰ ਸਿੰਘ ਬਾਰੇ ਕੇ, ਰਜਿੰਦਰ ਸਿੰਘ ਰਾਜੂ, ਸੁਖਦੇਵ ਸਿੰਘ ਸੁੱਖਾ ਆਦਿ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਖਿਲਾਫ ਰੋਸ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਸੱਤਾ ਵਿੱਚ ਆਉਣ ਤੋਂ ਪਹਿਲੋਂ ਜੋ ਕੈਪਟਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਨਾਲ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਪੂਰਿਆ ਕੀਤਾ ਜਾਵੇ।