ਪਹਿਲੀ ਵਾਰ ਵੱਡੇ ਪਰਦੇ ਤੇ ਦੇਖਣ ਨੂੰ ਮਿਲੇਗੀ ਯੋਗਰਾਜ ਸਿੰਘ ਅਤੇ ਗੁੱਗੂ ਗਿੱਲ ਦੀ ਦੋਸਤੀ

Last Updated: Dec 07 2018 15:32

ਕਿਸੇ ਵੀ ਕਹਾਣੀ ਦਾ ਸਭ ਤੋਂ ਜ਼ਰੂਰੀ ਹਿੱਸਾ ਹੁੰਦੇ ਹਨ ਹੀਰੋ ਅਤੇ ਵਿਲੇਨ। ਇੱਥੇ ਕੁਝ ਹੀਰੋ-ਵਿਲੇਨ ਜੋੜੀਆਂ ਹਨ ਜਿਨ੍ਹਾਂ ਨੂੰ ਆਪਾਂ ਦੋਸਤਾਂ ਦੇ ਰੂਪ ਵਿੱਚ ਸੋਚ ਵੀ ਨਹੀਂ ਸਕਦੇ। ਅਜਿਹੀ ਹੀ 80 ਅਤੇ 90 ਦੇ ਦਹਾਕੇ ਦੀ ਇੱਕ ਹੀਰੋ-ਵਿਲੇਨ ਦੀ ਜੋੜੀ ਹੈ ਯੋਗਰਾਜ ਸਿੰਘ ਅਤੇ ਗੁੱਗੂ ਗਿੱਲ ਦੀ। ਅਸੀਂ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਦੇਖੀਆਂ ਹਨ ਜਿਸ ਵਿੱਚ ਇਹਨਾਂ ਨੇ ਦੁਸ਼ਮਣੀ ਦਾ ਇੱਕ ਨਵਾਂ ਮਿਆਰ ਰਚਿਆ ਹੈ ਕਿ ਅੱਜ ਕੱਲ੍ਹ ਦੇ ਅਦਾਕਾਰ ਇਹਨਾਂ ਨੂੰ ਦੇਖ ਕੇ ਦੁਸ਼ਮਣੀ ਕਰਨਾ ਸਿੱਖਦੇ ਹਨ। ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਉਣ ਵਾਲੀ ਫ਼ਿਲਮ 'ਲੁੱਕਣ ਮੀਚੀ' ਲਈ ਯੋਗਰਾਜ ਸਿੰਘ ਅਤੇ ਗੁੱਗੂ ਗਿੱਲ ਵੱਡੇ ਪਰਦੇ ਤੇ ਦੋਸਤਾਂ ਦੇ ਰੂਪ 'ਚ ਦਿਖਣਗੇ। 

ਹਾਲ ਹੀ ਵਿੱਚ ਇਸੀ ਫ਼ਿਲਮ ਦੇ ਇੱਕ ਗੀਤ ਦਾ ਸ਼ੂਟ ਲੁਧਿਆਣਾ ਦੇ ਇੱਕ ਪਿੰਡ ਰਕਬਾ ਵਿਖੇ ਕੀਤਾ ਗਿਆ ਜੋ ਇਹਨਾਂ ਦੀ ਦੋਸਤੀ ਨੂੰ ਦਰਸ਼ਾਉਂਦੇ ਹੋਏ ਫਿਲਮਾਇਆ ਗਿਆ ਹੈ। ਇਸ ਗੀਤ ਦੇ ਸ਼ੂਟ ਦੇ ਦੌਰਾਨ ਗੁੱਗੂ ਗਿੱਲ ਨੇ ਕਿਹਾ, "ਅਸੀਂ ਹਮੇਸ਼ਾ ਇੱਕ ਦੂਜੇ ਦੇ ਖਿਲਾਫ ਦੁਸ਼ਮਣਾਂ ਦੀ ਤਰ੍ਹਾਂ ਹੀ ਕੰਮ ਕੀਤਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਸਾਨੂੰ ਪਰਦੇ ਤੇ ਦੋਸਤ ਬਣਨ ਦਾ ਮੌਕਾ ਮਿਲਿਆ। ਪਰ ਅਸਲ ਵਿੱਚ ਅਸੀਂ ਬਹੁਤ ਹੀ ਵਧੀਆ ਦੋਸਤ ਹਾਂ। ਯੋਗਰਾਜ ਸਿੰਘ ਮੇਰੇ ਲਈ ਮੇਰੇ ਵੱਡੇ ਭਰਾ ਦੀ ਤਰ੍ਹਾਂ ਹਨ। ਅਸੀਂ ਬਹੁਤ ਸਾਰੇ ਪ੍ਰੋਜੈਕਟਾਂ ਤੇ ਇਕੱਠੇ ਕੰਮ ਕੀਤਾ ਹੈ ਕਿ ਅਸੀਂ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ। ਇਸ ਫ਼ਿਲਮ ਵਿੱਚ ਕੰਮ ਕਰਨਾ ਖਾਸ ਕਰ ਇਸ ਗੀਤ ਵਿੱਚ ਇੱਕ ਬਹੁਤ ਹੀ ਅੱਧਭੂਤ ਅਨੁਭਵ ਰਿਹਾ। ਅਸੀਂ ਬਹੁਤ ਮਜ਼ਾ ਕੀਤਾ। ਮੈਂ ਉਮੀਦ ਕਰਦਾ ਹਾਂ ਕਿ ਲੋਕ ਸਾਡਾ ਕੰਮ ਪਸੰਦ ਕਰਨਗੇ।"

ਯੋਗਰਾਜ ਸਿੰਘ ਨੇ ਕਿਹਾ, "ਦਰਸ਼ਕਾਂ ਲਈ ਮੈਂ ਅਤੇ ਗੁੱਗੂ ਗਿੱਲ ਹਮੇਸ਼ਾ ਇੱਕ ਦੂਜੇ ਦੇ ਖਿਲਾਫ ਹੀ ਰਹੇ ਹਾਂ। ਪਰ ਮੇਰੇ ਲਈ ਉਹ ਮੇਰੇ ਪਰਿਵਾਰ ਦਾ ਇੱਕ ਹਿੱਸਾ ਹੈ। ਅਸੀਂ ਚਾਹੇ ਇੱਕ ਦੂਜੇ ਨਾਲ ਮਹੀਨਿਆਂ ਤੱਕ ਗੱਲ ਨਾ ਕਰੀਏ ਪਰ ਸਾਨੂੰ ਪਤਾ ਹੈ ਕਿ ਅਸੀਂ ਇੱਕ ਦੂਸਰੇ ਲਈ ਹਾਂ। ਜਦੋਂ ਮੈਨੂੰ ਇਸ ਫ਼ਿਲਮ ਦਾ ਆਫ਼ਰ ਆਇਆ ਤਾਂ ਇਸਨੂੰ ਸਾਈਨ ਕਰਨ ਦਾ ਮੇਰਾ ਪਹਿਲਾ ਅਤੇ ਸਭ ਤੋਂ ਜ਼ਰੂਰੀ ਕਾਰਨ ਸੀ ਇਸ ਫ਼ਿਲਮ ਦੀ ਸਕਰਿਪਟ ਜਿਸ ਵਿੱਚ ਮੈਨੂੰ ਤੇ ਗੁੱਗੂ ਗਿੱਲ ਨੂੰ ਦੋਸਤਾਂ ਦੇ ਰੂਪ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਸਾਡੇ ਕਰੀਅਰ ਦੇ ਇਸ ਪੜਾਵ ਤੇ ਆ ਕੇ ਅਸੀਂ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਮੰਗ ਸਕਦੇ। ਮੈਂ ਉਮੀਦ ਕਰਦਾ ਹਾਂ ਕਿ ਸਾਡੇ ਸਾਰੇ ਪਹਿਲੇ ਕੰਮਾਂ ਦੀ ਤਰ੍ਹਾਂ ਹੀ ਦਰਸ਼ਕ ਇਸਨੂੰ ਵੀ ਬਹੁਤ ਪਿਆਰ ਦੇਣਗੇ।" ਦੱਸ ਦੇਈਏ ਕਿ ਫਿਲਮ 'ਲੁੱਕਣ ਮੀਚੀ' ਅਪ੍ਰੈਲ 2019 ਵਿੱਚ ਰਿਲੀਜ਼ ਹੋਵੇਗੀ।