ਸ਼੍ਰੀ ਰਾਮ ਮੰਦਰ ਮਾਮਲੇ ਨੂੰ ਲੈ ਕੇ ਭਾਜਪਾ ਬੰਦ ਕਰੇ ਲਾਰਾ ਲੱਪਾ ਲਾਉਣਾ - ਕੁਲਦੀਪ ਸੋਨੀ

Last Updated: Dec 07 2018 13:40

ਭਗਵਾ ਦਿਵਸ ਦੀ ਯਾਦ 'ਚ ਬਜਰੰਗ ਦਲ ਹਿੰਦੁਸਤਾਨੀ ਦੀ ਇੱਕ ਮੀਟਿੰਗ ਕੌਮੀ ਪ੍ਰਧਾਨ ਜੇ.ਕੇ ਭਾਈ ਚਗਰਾ ਦੇ ਦਿਸ਼ਾ ਨਿਰਦੇਸ਼ 'ਤੇ ਕੌਮੀ ਪ੍ਰਚਾਰਕ ਕੁਲਦੀਪ ਸੋਨੀ ਦੀ ਅਗਵਾਈ ‘ਚ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੁਲਾਰ ‘ਚ ਹੋਈ। ਮੀਟਿੰਗ ‘ਚ ਬਾਬਰੀ ਢਾਂਚੇ ਨੂੰ ਗਿਰਾਉਣ ਦੇ ਸਮੇਂ ਸ਼ਹੀਦ ਹੋਏ ਕਾਰਸੇਵਕਾਂ ਨੂੰ ਯਾਦ ਕਰਦਿਆ ਉਨ੍ਹਾਂ ਦੀ ਯਾਦ 'ਚ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ । ਇਸ ਮੌਕੇ ਦਲ ਦੇ ਕੌਮੀ ਪ੍ਰਚਾਰਕ ਕੁਲਦੀਪ ਸੋਨੀ ਨੇ ਦੱਸਿਆ ਕਿ 26 ਸਾਲ ਪਹਿਲਾ ਅਯੋਧਿਆ 'ਚ ਬਾਬਰੀ ਢਾਂਚੇ ਨੂੰ ਗਿਰਾਇਆ ਸੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਰਾਮ ਮੰਦਰ ਬਣਾਉਣ 'ਚ ਦਿਲਚਸਪੀ ਨਹੀਂ ਰੱਖਦੀ ਸਗੋਂ ਉਸਨੂੰ ਸਿਰਫ ਚੋਣਾਂ ਨੇੜੇ, ਚੁਣਾਵੀ ਮਾਹੋਲ ਬਣਾਉਣ ‘ਚ ਦਿਲਚਸਪੀ ਹੈ। 

ਉਨ੍ਹਾਂ ਕਿਹਾ ਕਿ ਪ੍ਰਤਖਦਰਸ਼ੀ ਦੱਸਦੇ ਹਨ ਕਿ ਜਦ ਬਾਬਰੀ ਢਾਂਚੇ ਨੂੰ ਗਿਰਾਇਆ ਜਾ ਰਿਹਾ ਸੀ ਉਸ ਸਮੇਂ ਭਾਜਪਾ ਦੇ ਆਗੂਆਂ ਵੱਲੋਂ ਸੰਜਮ ਬਰਤਨ ਦੀ ਅਪੀਲ ਕੀਤੀ ਜਾ ਰਹੀ ਸੀ ਪਰ ਸ਼੍ਰੀ ਰਾਮ ਭਗਤਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਹਿੰਦੂ ਏਕਤਾ ਦੀ ਮਿਸਾਲ ਕਾਇਮ ਕੀਤੀ। ਇਸ ਲਈ ਇਸ ਦਿਨ ਨੂੰ ਭਗਵਾ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲਾ ਹੁਣ ਮਾਨਯੋਗ ਅਦਾਲਤ 'ਚ ਵਿਚਾਰਾਧੀਨ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ 'ਚ ਕਾਬਜ਼ ਭਾਜਪਾ ਸਰਕਾਰ ਚੋਣਾਂ ਦੇ ਨੇੜੇ ਸ਼੍ਰੀ ਰਾਮ ਮੰਦਰ ਨਿਰਮਾਣ ਦਾ ਮੁੱਦਾ ਸ਼ੁਰੂ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀ ਹੈ, ਇਸ ਲਈ ਉਹ ਸਰਕਾਰ ਨੂੰ ਚੇਤਾਵਨੀ ਦਿੰਦੇ ਹਨ ਕਿ ਮੰਦਰ ਨਿਰਮਾਣ ਨੂੰ ਲੈ ਕੇ ਲਾਰੇ ਲੱਪਾ ਬਣਦਾ ਕੀਤਾ ਜਾਵੇ ਅਤੇ ਅਧਿਆਦੇਸ਼ ਲਿਆਇਆ ਜਾਵੇ ਨਹੀ ਤਾਂ ਬਜਰੰਗ ਦਲ ਹਿੰਦੁਸਤਾਨ ਹਿੰਦੂ ਸੰਗਠਨਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਵੇਗਾ।