ਸੂਬਾ ਸਰਕਾਰ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਵਚਨਬੱਧ- ਵਿਧਾਇਕ ਸ. ਪਾਹੜਾ

Last Updated: Dec 07 2018 13:34

ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਖੇਤੀਬਾੜੀ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਵੱਲ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੁੱਧ ਅਤੇ ਦੁੱਧ ਪਦਾਰਥਾਂ ਦਾ ਸਿੱਧਾ ਮੰਡੀਕਰਨ ਤੇ ਵਿਸ਼ੇਸ਼ ਕਰਕੇ ਘਰਾਂ ਤੱਕ ਪਹੁੰਚ ਕਰਨਾ ਦੁੱਧ ਉਤਪਾਦਕਾਂ ਲਈ ਨਾ ਕੇਵਲ ਆਮਦਨ ਵਧਾਉਣ ਲਈ ਲਾਹੇਵੰਦ ਹੈ ਸਗੋਂ ਇਸ ਨਾਲ ਵਿਚੋਲਿਆਂ ਦੀ ਮਾਰ ਤੋਂ ਵੀ ਬਚਿਆ ਜਾ ਸਕਦਾ ਹੈ।

ਸ. ਪਾਹੜਾ ਨੇ ਕਿਹਾ ਕਿ ਦੁੱਧ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਦੀ ਆਮਦਨ ਵਧਾਉਣ ਹਿੱਤ ਹੁਣ ਵਿਚੋਲਿਆਂ ਨੂੰ ਦੁੱਧ ਵੇਚਣ ਦੇ ਪੁਰਾਣੇ ਤੇ ਰਵਾਇਤੀ ਢੰਗ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਡੇਅਰੀ ਕਿਸਾਨਾਂ, ਦੁੱਧ ਉਤਪਾਦਕ ਕੰਪਨੀਆਂ, ਸੈਲਫ ਹੈਲਪ ਗਰੁੱਪਾਂ ਜਿਨ੍ਹਾਂ ਕੋਲ 50 ਦੁਧਾਰੂ ਹਨ ਅਤੇ 500 ਲੀਟਰ ਦੁੱਧ ਦਾ ਰੋਜ਼ਾਨਾ ਉਤਪਾਦਨ ਕੀਤਾ ਜਾਂਦਾ ਹੈ, ਨੂੰ ਆਟੋਮੈਟਿਕ ਦੁੱਧ ਚੁਆਈ ਯੂਨਿਟ ਸਥਾਪਤ ਕਰਨ ਲਈ 4 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੀੜ ਦੁਸਾਂਝ, ਨਾਭਾ ਵਿਖੇ ਦੇਸੀ ਗਾਵਾਂ ਨੂੰ ਪਾਲਣ ਤੇ ਬਚਾਉਣ ਹਿੱਤ 12.5 ਕਰੋੜ ਰੁਪਏ ਦੀ ਲਾਗਤ ਨਾਲ 75 ਏਕੜ ਦੇ ਰਕਬੇ ਵਿੱਚ ਇੱਕ ਗੋਕਲ ਗਰਾਮ ਵੀ ਬਣਵਾਇਆ ਜਾ ਰਿਹਾ ਹੈ ਅਤੇ ਦੇਸੀ ਗਾਵਾਂ ਦੀ ਇੱਕ ਹਰੀ-ਭਰੀ ਸਫ਼ਾਰੀ ਵੀ ਸਥਾਪਤ ਕੀਤੀ ਜਾਵੇਗੀ। ਇਸ ਸਫ਼ਾਰੀ ਵਿੱਚ 600 ਪ੍ਰਕਾਰ ਦੀਆਂ ਦੇਸੀ ਗਾਵਾਂ ਜਿਵੇਂ ਸਾਹੀਵਾਲ, ਗਿਰ, ਥਾਰਪਰਕਰ ਅਤੇ ਰੈਡਸਿੰਧੀ ਆਦਿ ਰੱਖੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਗੋਕਲ ਗਰਾਮ ਵਿੱਚ ਹੁਣ 200 ਗਾਵਾਂ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਚੰਗੀ ਨਸਲ ਦੀਆਂ ਗਾਵਾਂ ਨੂੰ ਭਵਿੱਖ ਵਿੱਚ ਬ੍ਰੀਡਿੰਗ ਲਈ ਸਾਂਡ ਪੈਦਾ ਕਰਨ ਲਈ ਵਰਤਿਆ ਜਾਵੇਗਾ।

ਵਿਧਾਇਕ ਸ. ਪਾਹੜਾ ਨੇ ਅੱਗੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਖੇਤੀਬਾੜੀ ਦੇ ਨਾਲ ਉਦਯੋਗਿਕ ਖੇਤਰ ਨੂੰ ਪ੍ਰਫੁਲਿਤ ਕੀਤਾ ਜਾ ਰਿਹਾ ਹੈ ਤੇ ਸੂਬੇ ਅੰਦਰ ਸਰਬਪੱਖੀ ਵਿਕਾਸ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ।