18-19 ਸਾਲ ਦੇ ਅਤੇ ਐਨ.ਆਰ.ਆਈ ਵੋਟਰ ਦੀ ਵੱਧ ਰਜਿਸ਼ਟਰੇਸ਼ਨ ਕੀਤੀ ਜਾਵੇ- ਐਸ.ਡੀ.ਐਮ ਗੁਰਦਾਸਪੁਰ

Last Updated: Dec 07 2018 13:34

ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਬਹੁਤ ਜਰੂਰੀ ਹੈ, ਇਸ ਲਈ ਜ਼ਿਲ੍ਹੇ ਅੰਦਰ 18-19 ਸਾਲ ਦੇ ਨੌਜਵਾਨ ਵੋਟਰਾਂ ਅਤੇ ਐਨ.ਆਰ.ਆਈ ਵੋਟਰਾਂ ਦੀ ਰਜਿਸ਼ਟਰੇਸ਼ਨ ਵੱਧ ਤੋਂ ਵੱਧ ਕੀਤੀ ਜਾਵੇ। ਇਹ ਪ੍ਰਗਟਾਵਾ ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ ਨੇ ਸਥਾਨਕ ਪੰਚਾਇਤ ਭਵਨ ਵਿਖੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਤੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।

ਮੀਟਿੰਗ ਦੌਰਾਨ ਬੱਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੀ ਅਗਵਾਈ ਹੇਠ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ 18-19 ਸਾਲ ਦੇ ਨੌਜਵਾਨ ਲੜਕੇ-ਲੜਕੀਆਂ ਦੀ ਵੋਟਾਂ ਬਣਾਉਣ ਲਈ ਸਵੀਪ ਤਹਿਤ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਉਨਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਹਰ ਹਲਕੇ ਅੰਦਰ ਪੋਲਿੰਗ ਬੂਥ ਏਜੰਟਾਂ ਦੀ ਨਿਯੁਕਤੀ ਜਰੂਰ ਕਰਨ ਅਤੇ ਜਿਨਾਂ ਦੀ ਅਜੇ ਤੱਕ ਵੋਟ ਨਹੀਂ ਬਣੀ ਤੇਉਨ੍ਹਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਪ੍ਰਵਾਸੀ ਭਾਰਤੀ ਦੀ ਗਿਣਤੀ ਬਹੁਤ ਜਿਆਦਾ ਹੈ, ਇਸ ਲਈ ਪ੍ਰਵਾਸੀ ਭਾਰਤੀ ਵੋਟਰਾਂ ਦੀ ਰਜਿਸ਼ਟਰੇਸ਼ਨ ਵੀ ਵੱਧ ਤੋਂ ਵੱਧ ਕਰਵਾਈ ਜਾਵੇ। ਇਸ ਤੋਂ ਇਲਾਵਾ ਦਿਵਆਂਗ ਵੋਟਰਾਂ ਦੀ ਰਜ਼ਿਸਟਰੇਸ਼ਨ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਨਾਂਅ ਵੋਟਰ ਸੂਚੀ ਵਿੱਚ ਕੱਟੇ ਜਾਣ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਪ੍ਰੀ-ਰਵੀਜਨ ਅਤੇ ਯੋਗਤਾ ਮਿਤੀ 1-1-2019 ਦੇ ਆਧਾਰ ਤੇ  ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਕੀਤੀ ਜਾ ਰਹੀ ਹੈ। ਵੋਟਰ ਸੂਚੀ ਦੀ ਅੰਤਿਮ ਸੂਚੀ 4 ਜਨਵਰੀ 2019 ਨੂੰ ਜਾਰੀ ਕੀਤੀ ਜਾਵੇਗੀ। ਉਨਾਂ ਨੇ ਦੱਸਿਆ ਕਿ ਪਹਿਲੀ ਸਤੰਬਰ ਨੂੰ ਵੋਟਰ ਸੂਚੀ ਦੀ ਡਰਾਫਟ ਸੂਚੀ ਜਾਰੀ ਕੀਤੀ ਗਈ ਸੀ। ਪਹਿਲੀ ਸਤੰਬਰ 2018 ਤੋਂ 31 ਅਕਤੂਬਰ 2018 ਤਕ ਇਤਰਾਜ ਪ੍ਰਾਪਤ ਕੀਤੇ ਗਏ ਸਨ। 8 ਸਤੰਬਰ ਤੋਂ 15 ਸਤੰਬਰ ਤੱਕ ਪਿੰਡ ਦੀਆਂ ਪੰਚਾਇਤਾਂ ਵਿੱਚ ਸੂਚੀਆਂ ਪੜ੍ਹੀਆਂ ਗਈਆਂ ਸਨ। 9 ਸਤੰਬਰ ਤੇ 16 ਸਤੰਬਰ 2018 ਨੂੰ ਸਪੈਸ਼ਲ ਕੈਂਪ ਲਗਾਏ ਸਨ। 31 ਨਵੰਬਰ ਤੱਕ ਦਾਅਵੇ ਤੇ ਇਤਰਾਜ ਡਿਸਪੋਜਲ ਕੀਤੇ ਗਏ ਸਨ।

ਉਨ੍ਹਾਂ ਨੇ  ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁਲ 7 ਵਿਧਾਨ ਸਭਾ ਹਲਕਿਆਂ ਅੰਦਰ ਕੁਲ 1475 ਪੋਲਿੰਗ ਸਟੇਸ਼ਨ ਹਨ। ਕੁਲ 11 ਲੱਖ 93 ਹਜ਼ਾਰ 771 ਵੋਟਰ ਹਨ। ਜਿਨ੍ਹਾਂ ਵਿੱਚ ਮਰਦ 6 ਲੱਖ 31 ਹਜ਼ਾਰ 49 ਅਤੇ ਅੋਰਤਾਂ 5 ਲੱਖ 62 ਹਜ਼ਾਰ 701 ਹਨ। ਥਰਡ ਜੇਂਡਰ 21 ਹਨ।

ਇਸ ਮੌਕੇ ਸਰਵ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰੋਹਿਤ ਗੁਪਤਾ ਐਸ.ਡੀ.ਐਮ ਬਟਾਲਾ, ਅਰਵਿੰਦ ਸਲਵਾਨ ਤਹਿਸੀਲਦਾਰ ਡੇਰਾ ਬਾਬਾ ਨਾਨਕ, ਬਲਦੇਵ ਸਿੰਘ ਰੰਧਾਵਾ ਆਰ.ਟੀ.ਓ, ਹਰਜਿੰਦਰ ਸਿੰਘ ਸੰਧੂ ਡੀ.ਡੀ.ਪੀ.ਓ, ਰਾਜਵਿੰਦਰ ਕੌਰ ਬਾਜਵਾ ਏ.ਈ.ਟੀ.ਸੀ, ਸ੍ਰੀ ਮਨਜਿੰਦਰ ਸਿੰਘ ਚੋਣ ਕਾਨੂੰਗੋ, ਸ੍ਰੀ ਗੁਰਵਿੰਦਰ ਲਾਲ ਜਨਰਲ ਸਕੱਤਰ ਜ਼ਿਲਾ ਕਾਂਗਰਸ ਪਾਰਟੀ, ਧਿਆਨ ਸਿੰਘ ਠਾਕੁਰ ਜਿਲਾ ਸਕੱਤਰ ਸੀ.ਪੀ.ਆਈ (ਐਮ), ਕਾਮਰੇਡ ਬਲਬੀਰ ਸਿੰਘ ਸੀ.ਪੀ.ਆਈ, ਜੋਗਿੰਦਰ ਸਿੰਘ ਆਪ ਪਾਰਟੀ ਤੋਂ, ਰਾਜਪਾਲ ਬਸਪਾ ਤੋਂ, ਅਸ਼ੋਕ ਕੁਮਾਰ ਸ਼ਰੋਮਣੀ ਅਕਾਲੀ ਦਲ ਤੋ ਅਰੁਣ ਕੁਮਾਰ ਅਤੇ ਸਬੰਧਿਤ ਚੋਣ ਅਧਿਕਾਰੀ ਮੋਜੂਦ ਸਨ।