ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ

Last Updated: Dec 07 2018 13:31

ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਦੇ ਇੰਚਾਰਜ ਡਾ. ਸਰਬਜੀਤ ਸਿੰਘ ਔਲਖ ਦੀ ਅਗਵਾਈ ਹੇਠ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਅਗਾਂਹ ਵਧੂ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਤੇ ਡਾ. ਭੁਪਿੰਦਰ ਸਿੰਘ, ਸਹਿਯੋਗੀ ਡੀਨ, ਖੇਤੀਬਾੜੀ ਸੰਸਥਾ ਨੇ ਆਪਣੇ ਵਿਚਾਰ ਰੱਖਦਿਆਂ ਹੋਇਆਂ ਕਿਹਾ ਕਿ ਮਿੱਟੀ ਕੁਦਰਤ ਵੱਲੋਂ ਬਖਸ਼ੀ ਇੱਕ ਅਨਮੋਲ ਦਾਤ ਹੈ ਜਿਸਨੂੰ ਆਉਣ ਵਾਲੀਆਂ ਪੁਸ਼ਤਾਂ ਲਈ ਉਪਜਾਊ ਰੱਖਣਾ ਸਮੇਂ ਦੀ ਮੰਗ ਹੈ।

ਡਾ. ਸੁਮੇਸ਼ ਚੋਪੜਾ, ਪਸਾਰ ਮਾਹਿਰ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਨਾ ਕਰਨ ਕਰਕੇ ਪੰਜਾਬ ਦੀਆਂ ਜ਼ਮੀਨਾਂ ਦੇ ਮਿਆਰ ਵਿੱਚ ਨਿਘਾਰ ਆ ਰਿਹਾ ਹੈ ਅਤੇ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣ ਲਈ ਕਿਸਾਨਾਂ ਨੂੰ ਭੂਮੀ ਦੀ ਸਿਹਤ ਬਣਾਈ ਰੱਖਣ ਦੀ ਅਪੀਲ ਕੀਤੀ। ਡਾ. ਸਤਵਿੰਦਰਜੀਤ ਕੌਰ, ਸਹਾਇਕ ਪ੍ਰੋਫ਼ੈਸਰ ਨੇ ਕਿਹਾ ਕਿ ਭੂਮੀ ਵਿੱਚ ਤੱਤਾਂ ਦਾ ਸੰਤੁਲਨ ਵਿਗੜ ਰਿਹਾ ਹੈ। ਫ਼ਸਲਾਂ ਤੋਂ ਸਹੀ ਉਤਪਾਦਨ ਲੈਣ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਦ ਕਿ ਬਹੁਤ ਸਾਰੇ ਕਿਸਾਨ ਵੀਰ ਲੋੜ ਤੋਂ ਵੱਧ ਨਾਈਟ੍ਰੋਜਨ ਅਤੇ ਫ਼ਾਸਫੋਰਸ ਖਾਦਾਂ ਪਾਉਂਦੇ ਹਨ ਜਿਸਦਾ ਸਿੱਧੇ-ਅਸਿੱਧੇ ਰੂਪ ਵਿੱਚ ਭੂਮੀ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਨੇ ਮਿੱਟੀ ਅਤੇ ਪਾਣੀ ਪਰਖ ਕਰਾਉਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। 

ਡਾ. ਰਵਿੰਦਰ ਸਿੰਘ ਛੀਨਾ, ਸਹਿਯੋਗੀ ਪ੍ਰੋਫੈਸਰ ਨੇ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਦਾ ਜ਼ਮੀਨ ਵਿੱਚ ਮਿਲਾਉਣਾ ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਉਨ੍ਹਾਂ ਨੇ ਇਸ ਨਾਲ ਸਬੰਧਿਤ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਡਾ. ਮਨਦੀਪ ਕੌਰ ਸੈਣੀ, ਸਹਾਇਕ ਪ੍ਰੋਫ਼ੈਸਰ ਨੇ ਕਿਸਾਨਾਂ ਨੂੰ ਭੂਮੀ ਦਿਵਸ ਬਾਰੇ ਜਾਣੂੰ ਕਰਵਾਉਂਦੇ ਹੋਏ ਦੱਸਿਆ ਕਿ ਭੂਮੀ ਦੀ ਮਹੱਤਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੰਯੁਕਤ ਰਾਸ਼ਟਰ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ 5 ਦਸੰਬਰ ਨੂੰ ਵਿਸ਼ਵ ਭੂਮੀ ਦਿਵਸ ਮਨਾਇਆ ਜਾਵੇ ਤਾਂ ਜੋ ਸਮੂਹ ਮਾਨਵ ਜਾਤੀ ਇਸ ਸੰਬੰਧ ਵਿੱਚ ਜਾਗਰੂਕ ਹੋਵੇ।

ਡਾ. ਯਾਮਿਨੀ ਸ਼ਰਮਾ, ਸਹਾਇਕ ਪ੍ਰੋਫ਼ੈਸਰ ਨੇ ਇਕੱਠ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਭੂਮੀ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਪ੍ਰੇਰਿਆ। ਇਸ ਮੌਕੇ ਤੇ ਸ. ਗੁਰਦਿਆਲ ਸਿੰਘ ਸੱਲੋਪੁਰ, ਸ. ਤਰਸੇਮ ਸਿੰਘ, ਸ. ਰਾਮ ਸਿੰਘ ਭੰਗਵਾਂ, ਰਮੇਸ਼ ਲਾਲ ਪੱਚੋਵਾਲ, ਸਰਬਜੀਤ ਸਿੰਘ ਭਾਗੋ ਕਾਂਵਾਂ, ਨਿਰਮਲ ਸਿੰਘ ਮੀਰਪੁਰ ਅਤੇ ਹੋਰ ਅਗਾਂਹ ਵਧੂ ਕਿਸਾਨ ਸ਼ਾਮਿਲ ਸਨ। ਇਸ ਮੌਕੇ ਤੇ ਕਿਸਾਨਾਂ ਨੇ ਅਹਿਦ ਲਿਆ ਕੇ ਉਹ ਇਸ ਵਿਸ਼ੇ ਸਬੰਧੀ ਸਮਾਜ ਵਿੱਚ ਚੇਤਨਾ ਲਿਆਉਣ ਦਾ ਪੂਰਾ ਯਤਨ ਕਰਨਗੇ।