ਜ਼ਾਕਿਰ ਮੂਸਾ, ਲੱਗਦੈ ਇੰਝ ਹੀ ਲਾਉਂਦਾ ਰਹੂਗਾ ਧੁੰਦ 'ਚ ਪੰਜਾਬ ਦੀਆਂ ਗੇੜੀਆਂ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 07 2018 13:14

ਸੁਰੱਖਿਆ ਏਜੰਸੀਆਂ ਦੇ ਮੁਤਾਬਿਕ ਤਾਂ ਅੰਸਾਰ ਗਜਵਤ ਉਲ-ਹਿੰਦ ਦੇ ਮੁਖੀ ਅੱਤਵਾਦੀ ਕਮਾਂਡਰ ਜ਼ਾਕਿਰ ਮੂਸਾ ਪੰਜਾਬ ਦੇ ਅੰਦਰ ਛੁਪਿਆ ਹੋਇਆ ਹੈ। ਕਿਹੜੇ ਸੂਬੇ, ਜ਼ਿਲ੍ਹੇ, ਕਸਬੇ ਜਾਂ ਫਿਰ ਕਿਹੜੇ ਪਿੰਡ ਵਿੱਚ ਅੱਤਵਾਦੀ ਮੂਸਾ ਛੁਪਿਆ ਹੋਇਆ ਹੈ, ਇਸ ਬਾਰੇ ਹੁਣ ਤੱਕ ਕੋਈ ਵੀ ਏਜੰਸੀ ਖੁੱਲ ਕੇ ਨਹੀਂ ਦੱਸ ਸਕੀ। ਅੱਤਵਾਦੀਆਂ ਦੇ ਛੁਪੇ ਹੋਣ ਦੀ ਖ਼ਬਰ ਪੰਜਾਬ ਵਿੱਚ ਤਾਂ ਇੰਝ ਫੈਲਦੀ ਹੈ, ਜਿਵੇਂ ਕਿਸੇ ਮੁਲਕ ਦੇ ਨਾਲ ਜੰਗ ਲੱਗਣੀ ਹੋਵੇ। ਕਿਉਂਕਿ ਜਦੋਂ ਜੰਗ ਲੱਗਣੀ ਹੁੰਦੀ ਤਾਂ ਪਹਿਲੋਂ ਹੀ ਸੁਰੱਖਿਆ ਤੇ ਖੂਫੀਆ ਏਜੰਸੀਆਂ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ।

ਸੁਰੱਖਿਆ ਏਜੰਸੀਆਂ ਦੇ ਮੁਤਾਬਿਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਸਮੇਂ ਜ਼ਾਕਿਰ ਮੂਸਾ ਅੱਤਵਾਦੀ ਘੁੰਮ ਰਿਹਾ ਹੈ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਲੱਗੇ ਪੁਲਿਸ ਦੇ ਨਾਕੇ ਵੀ ਮੂਸਾ ਤੋੜ ਰਿਹਾ ਹੈ। ਕਿਉਂਕਿ ਸੁਰੱਖਿਆ ਏਜੰਸੀਆਂ ਵੱਲੋਂ ਕਦੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅੱਤਵਾਦੀ ਜ਼ਾਕਿਰ ਮੂਸਾ ਦੇ ਹੋਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਕਦੇ ਫਾਜ਼ਿਲਕਾ, ਬਠਿੰਡਾ ਤੋਂ ਇਲਾਵਾ ਅੰਮ੍ਰਿਤਸਰ ਵਿੱਚ। ਪਰ ਇਹ ਜ਼ਾਕਿਰ ਮੂਸਾ ਕਿਹੜੇ ਜ਼ਿਲ੍ਹੇ ਵਿੱਚ ਲੁੱਕ ਕੇ ਬੈਠਾ ਹੈ ਅਤੇ ਇਹ ਇੱਕ ਤੋਂ ਦੂਜੀ ਜਗ੍ਹਾ 'ਤੇ ਕਿਵੇਂ ਆਉਂਦਾ ਜਾਂਦਾ ਹੈ, ਇਸ ਦੇ ਬਾਰੇ ਵਿੱਚ ਕੋਈ ਵੀ ਅਧਿਕਾਰੀ ਜਾਂ ਫਿਰ ਕਰਮਚਾਰੀ ਨਹੀਂ ਦੱਸ ਸਕਿਆ। 

ਵਿਭਾਗੀ ਸੂਰਤਾਂ ਦੀ ਮੰਨੀਏ ਤਾਂ ਜਦੋਂ ਵੀ ਪੰਜਾਬ ਅੰਦਰ ਸਰਦੀਆਂ ਦਾ ਮੌਸਮ ਆਉਂਦਾ ਹੈ ਤਾਂ ਪੁਲਿਸ ਨੂੰ ਐਕਟਿਵ ਕਰਨ ਦੇ ਵਾਸਤੇ ਏਜੰਸੀਆਂ ਦੇ ਵੱਲੋਂ ਅਲਰਟ ਪੱਤਰ ਜਾਰੀ ਕੀਤੇ ਜਾਂਦੇ ਹਨ। ਕਿਉਂਕਿ ਸਰਦੀਆਂ ਵਿੱਚ ਪੈਂਦੀ ਧੁੰਦ ਦਾ ਫ਼ਾਇਦਾ ਚੁੱਕ ਕੇ ਕਈ ਵਾਰ ਦੇਸ਼ ਵਿਰੋਧੀ ਅਨਸਰ ਸਰਹੱਦਾਂ ਪਾਰ ਕਰਕੇ ਦੇਸ਼ ਦਾ ਨੁਕਸਾਨ ਕਰਦੇ ਹਨ। ਭਾਵੇਂ ਹੀ ਸਰਹੱਦਾਂ ਦੇ ਉੱਤੇ ਸੁਰਹੱਦੀ ਸੁਰੱਖਿਆ ਬਲ ਦੇ ਜਵਾਨ 24 ਘੰਟੇ ਤਾਇਨਾਤ ਹਨ, ਪਰ ਫਿਰ ਵੀ ਏਜੰਸੀਆਂ ਨੂੰ ਕਿਤੇ ਨਾ ਕਿਤੇ ਸ਼ੱਕ ਪੈਂਦਾ ਹੀ ਰਹਿੰਦਾ ਹੈ ਕਿ ਸਰਹੱਦ ਪਾਰ ਕਰਕੇ ਹੀ ਅੱਤਵਾਦੀ ਪੰਜਾਬ ਅੰਦਰ ਦਾਖਲ ਹੋ ਸਕਦੇ ਹਨ। 

ਇਸ ਸਮੇਂ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਉਹ ਕਿਸੇ ਤੋਂ ਛੁਪਿਆ ਨਹੀਂ ਹੈ। ਕਿਉਂਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੋਈ ਨਾਕੇਬੰਦੀ ਇਹ ਹੀ ਦਰਸਾ ਰਹੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦੀ ਪਹੁੰਚ ਚੁੱਕੇ ਹਨ, ਪਰ ਕਿਹੜੇ ਜ਼ਿਲ੍ਹੇ ਵਿੱਚ ਇਸ ਬਾਰੇ ਕੋਈ ਵੀ ਅਧਿਕਾਰੀ ਦੱਸਣ ਨੂੰ ਤਿਆਰ ਨਹੀਂ। ਸੁਰੱਖਿਆ ਏਜੰਸੀਆਂ ਦੇ ਵੱਲੋਂ ''ਤੀਰ ਤੁੱਕਾ'' ਲਗਾ ਕੇ ਕਦੇ ਫਿਰੋਜ਼ਪੁਰ ਵਿੱਚ ਅੱਤਵਾਦੀ ਹੋਣ ਦਾ ਸ਼ੱਕ ਜਤਾਇਆ ਜਾਂਦਾ ਹੈ ਅਤੇ ਕਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਅੱਤਵਾਦੀਆਂ ਦੇ ਛੁਪੇ ਹੋਣ ਦੀਆਂ ਗੱਲਾਂ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ। 

ਇੱਥੇ ਦੱਸ ਦਈਏ ਕਿ ਕਰੀਬ ਇੱਕ ਮਹੀਨੇ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਚਿਪਕਾਏ ਜਾ ਰਹੇ ਹਨ ਤਾਂ ਜੋ ਜ਼ਾਕਿਰ ਮੂਸਾ ਨੂੰ ਫੜਿਆ ਜਾ ਸਕੇ, ਪਰ ਹੁਣ ਤੱਕ ਮੂਸਾ ਕਿਸੇ ਦੇ ਹੱਥ ਵੀ ਨਹੀਂ ਆਇਆ। ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਲੱਗਣ ਤੋਂ ਬਾਅਦ ਜਿੱਥੇ ਸੂਬੇ ਦੇ ਲੋਕ ਕਾਫੀ ਜ਼ਿਆਦਾ ਘਬਰਾਏ ਪਏ ਹਨ, ਉੱਥੇ ਹੀ ਲੋਕ ਹੁਣ ਘਰਾਂ ਤੋਂ ਵੀ ਨਿਕਲਣਾ ਠੀਕ ਨਹੀਂ ਸਮਝ ਰਹੇ। ਉਧਰ ਦੂਜੇ ਪਾਸੇ ਟੀਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਲੱਗੀਆਂ ਮੂਸੇ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਲੋਕਾਂ ਨੂੰ ਡਰਾ ਰਹੀਆਂ ਹਨ। 

ਸੂਰਤਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਏਜੰਸੀਆਂ 'ਤੀਰ ਤੁੱਕੇ' ਲਗਾ ਕੇ ਅਲਰਟ ਜਾਰੀ ਕਰ ਰਹੀਆਂ ਹਨ, ਉਸ ਤੋਂ ਇੰਝ ਹੀ ਜਾਪ ਰਿਹਾ ਕਿ ਇਸ ਵਾਰ ਸਰਦੀਆਂ ਦੇ ਮੌਸਮ ਵਿੱਚ ਪੈਣ ਵਾਲੀ ਧੁੰਦ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਤਵਾਦੀ ਜ਼ਾਕਿਰ ਮੂਸਾ ਇੰਝ ਹੀ ਗੇੜੀਆਂ ਲਾਉਂਦਾ ਰਹੇਗਾ। ਇੱਥੇ ਵਿਸ਼ੇਸ਼ ਤੌਰ 'ਤੇ ਦੱਸ ਦਈਏ ਕਿ ਕਰੀਬ ਢਾਈ ਹਫਤੇ ਪਹਿਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਲਗਾਏ ਗਏ ਸਨ, ਜਿਸ ਤੋਂ ਕੁਝ ਦਿਨ ਬਾਅਦ ਹੀ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ 'ਤੇ ਰੇਲਵੇ ਪੁਲਿਸ ਵੱਲੋਂ ਮੋਸਟ ਵਾਟਿੰਡ ਜ਼ਾਕਿਰ ਮੂਸਾ ਦੇ ਪੋਸਟਰ ਚਿਪਕਾ ਦਿੱਤੇ ਗਏ। 

ਸੋ ਦੋਸਤੋਂ, ਏਜੰਸੀਆਂ ਦੇ ਅਲਰਟਾਂ ਤੋਂ ਬਾਅਦ ਪੰਜਾਬ ਅੰਦਰ ਸੁਰੱਖਿਆ ਕਾਫੀ ਜ਼ਿਆਦਾ ਵਧਾ ਦਿੱਤੀ ਗਈ ਹੈ ਅਤੇ ਅੱਤਵਾਦੀ ਜ਼ਾਕਿਰ ਮੂਸਾ ਨੂੰ ਕਾਬੂ ਕਰਨ ਦੇ ਲਈ ਨਾਕੇਬੰਦੀ ਕਰਕੇ ਹਰ ਸ਼ੱਕੀ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸੂਰਤਾਂ ਦੇ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਕੁਝ ਸਵਾਲ ਪੈਦਾ ਹੁੰਦੇ ਹਨ ਕਿ ਕੀ ਅੱਤਵਾਦੀ ਜ਼ਾਕਿਰ ਮੂਸਾ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ ਜਾਂ ਫਿਰ ਅੰਮ੍ਰਿਤਸਰ ਵਿੱਚ ਹੀ ਛੁਪਿਆ ਹੋਇਆ ਹੈ? ਸਵਾਲ ਕੀ ਜ਼ਾਕਿਰ ਮੂਸਾ ਨਾਕੇ ਤੋੜ ਕੇ ਇੱਕ ਤੋਂ ਦੂਜੇ ਜ਼ਿਲ੍ਹੇ ਅੰਦਰ ਜਾ ਰਿਹਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਹੁਣ ਤੱਕ ਕੋਈ ਅਧਿਕਾਰੀ ਨਹੀਂ ਦੇ ਸਕਿਆ। ਦੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਪੁਲਿਸ ਜ਼ਾਕਿਰ ਮੂਸਾ ਅੱਤਵਾਦੀ ਨੂੰ ਫੜ ਪਾਉਂਦੀ ਹੈ ਜਾਂ ਫਿਰ ਨਹੀਂ..!!

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।