ਜੱਥੇਦਾਰ ਕੋਲਿਆਂਵਾਲੀ ਨੂੰ ਇੱਕ ਹੋਰ ਝਟਕਾ, ਸਮਰਪਣ ਨਹੀਂ ਕਰਨ ਤੇ ਭਗੌੜਾ ਕਰਾਰ ਕਰਨ ਦੀ ਤਿਆਰੀ

Last Updated: Dec 07 2018 12:40

ਬਾਦਲ ਪਰਿਵਾਰ ਦੇ ਨਜ਼ਦੀਕੀ ਸੀਨੀਅਰ ਅਕਾਲੀ ਆਗੂ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਹੁਣ ਮੋਹਾਲੀ ਦੀ ਸੈਸ਼ਨ ਜੱਜ ਅਦਾਲਤ ਵੱਲੋਂ ਵੀ ਅਗਾਉ ਜ਼ਮਾਨਤ ਅਰਜ਼ੀ ਰੱਦ ਕਰ ਝਟਕਾ ਦਿੱਤਾ ਗਿਆ ਹੈ। ਇਸ ਮਾਮਲੇ ਦੇ ਬਾਅਦ ਹੁਣ ਜੱਥੇਦਾਰ ਕੋਲਿਆਂਵਾਲੀ ਦੀ ਗ੍ਰਿਫ਼ਤਾਰੀ ਜਾਂ ਆਤਮਸਮਰਪਣ ਦੀਆਂ ਸੰਭਾਵਨਾਵਾਂ ਹੋਰ ਵੱਧ ਗਈਆਂ ਹਨ। ਜ਼ਿਕਰਯੋਗ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੀ ਰਾਹਤ ਕੱਲ੍ਹ ਖ਼ਤਮ ਹੋ ਚੁੱਕੀ ਹੈ ਅਤੇ ਮਾਨਯੋਗ ਹਾਈਕੋਰਟ ਪਹਿਲਾਂ ਹੀ ਜੱਥੇਦਾਰ ਦੀ ਅਗਾਉ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤਾਜ਼ਾ ਸੁਣਵਾਈ ਦੇ ਬਾਅਦ ਕੋਲਿਆਂਵਾਲੀ ਦੇ ਕੋਲ ਆਤਮਸਮਰਪਣ ਤੋਂ ਸਿਵਾਏ ਹੋਰ ਕੋਈ ਚਾਰਾ ਬਾਕੀ ਨਹੀਂ ਰਿਹਾ ਹੈ। ਦੂਜੇ ਪਾਸੇ ਵਿਜੀਲੈਂਸ ਦੇ ਵੱਲੋਂ 15 ਦਸੰਬਰ ਤੱਕ ਕੋਲਿਆਂਵਾਲੀ ਦੇ ਪੇਸ਼ ਨਹੀਂ ਹੋਣ ਦੀ ਸੂਰਤ ਵੱਲੋਂ ਭਗੌੜਾ ਕਰਾਰ ਦੇਣ ਦੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਜੱਥੇਦਾਰ ਕੋਲਿਆਂਵਾਲੀ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਚੱਲ ਰਿਹਾ ਹੈ ਬੀਤੀ 1 ਜੁਲਾਈ ਨੂੰ ਦਰਜ ਹੋਏ ਇਸ ਮਾਮਲੇ ਕਾਰਨ ਕੋਲਿਆਂਵਾਲੀ ਜੂਨ ਮਹੀਨੇ ਤੋਂ ਹੀ ਰੂਪੋਸ਼ ਚੱਲ ਰਹੇ ਹਨ।