ਕਿਸਾਨਾਂ ਦੇ ਧਰਨੇ ਸਮਾਪਤ ਹੋਣ ਤੋਂ ਬਾਅਦ ਸੜਕਾਂ 'ਤੇ ਆਵਾਜਾਈ ਹੋਈ ਬਹਾਲ

Last Updated: Dec 06 2018 19:43

ਸਹਿਕਾਰੀ ਅਤੇ ਨਿਜੀ ਖੰਡ ਮਿੱਲਾਂ ਵੱਲੋਂ ਕਿਸਾਨਾਂ ਦੇ ਗੰਨੇ ਦਾ ਬਕਾਇਆ ਜਾਰੀ ਨਾ ਕਰਨ, ਬੰਦ ਪਈਆਂ ਮਿੱਲਾਂ ਚਾਲੂ ਕਰਨ ਅਤੇ ਗੰਨੇ ਦੇ ਭਾਅ ਵਿੱਚ ਵਾਧਾ ਕਰਨ ਨੂੰ ਲੈ ਕੇ ਖੰਡ ਮਿੱਲ ਫਗਵਾੜਾ, ਦਸੂਹਾ ਅਤੇ ਮੁਕੇਰੀਆਂ ਦੇ ਬਾਹਰ ਗੰਨੇ ਨਾਲ ਭਰੀਆਂ ਟਰਾਲੀਆਂ ਨਾਲ ਕਈ ਦਿਨਾਂ ਤੋਂ ਧਰਨਿਆਂ 'ਤੇ ਡਟੇ ਹੋਏ ਕਿਸਾਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਵੱਲੋਂ ਪੂਰੀਆਂ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਆਪਣੇ ਰੋਸ ਧਰਨੇ ਸਮਾਪਤ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਜਾਮ ਕੀਤੀਆਂ ਸੜਕਾਂ 'ਤੇ ਆਵਾਜਾਈ ਬਹਾਲ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਗੰਨੇ ਦਾ ਭਾਅ 310 ਰੁਪਏ ਕਰਨ ਅਤੇ 25 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ, ਬੰਦ ਪਈਆਂ ਖੰਡ ਮਿਲਾਂ ਚਾਲੂ ਕਰਨ ਅਤੇ ਕਿਸਾਨਾਂ ਦੇ ਗੰਨੇ ਦਾ 400 ਕਰੋੜ ਦੇ ਕਰੀਬ ਪਿਛਲਾ ਬਕਾਇਆ 15 ਜਨਵਰੀ ਤੱਕ ਹਰ ਹਾਲਤ ਵਿੱਚ ਜਾਰੀ ਕਰਨ ਆਦਿ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਲਗਾਏ ਗਏ ਧਰਨੇ ਚੁੱਕ ਲਏ ਗਏ ਸਨ।

ਇਹਨਾਂ ਧਰਨਿਆਂ ਕਾਰਨ ਜਿੱਥੇ ਪੰਜਾਬ ਸਰਕਾਰ ਅਤੇ ਮਿੱਲ ਮਾਲਕਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਸੀ, ਉੱਥੇ ਕਿਸਾਨਾਂ ਵੱਲੋਂ ਜਾਮ ਕੀਤੀਆਂ ਗਈਆਂ ਸੜਕਾਂ ਦੀ ਵਜ੍ਹਾ ਕਰਕੇ ਆਉਣ-ਜਾਣ ਵਾਲੇ ਆਮ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਹ ਧਰਨੇ ਸਮਾਪਤ ਹੋਣ ਤੋਂ ਬਾਅਦ ਕਈ ਦਿਨਾਂ ਤੋਂ ਸੜਕਾਂ 'ਤੇ ਡੇਰੇ ਲਾਈ ਬੈਠੇ ਕਿਸਾਨ ਵੀ ਆਪਣੇ ਘਰਾਂ ਨੂੰ ਪਰਤ ਗਏ ਹਨ ਅਤੇ ਸੜਕਾਂ 'ਤੇ ਆਵਾਜਾਈ ਵੀ ਆਮ ਦੀ ਤਰ੍ਹਾਂ ਹੋ ਗਈ ਹੈ।