ਫੈਕਟਰੀ ਮੁਲਾਜ਼ਮ ਨੂੰ ਗੋਲੀ ਮਾਰਕੇ ਬਾਈਕ ਸਵਾਰ ਲੁਟੇਰੇ 20 ਲੱਖ ਰੁਪਏ ਕੈਸ਼ ਲੁੱਟ ਕੇ ਹੋਏ ਫਰਾਰ...!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 06 2018 19:25

ਬੈਂਕ 'ਚੋਂ ਕੈਸ਼ ਕਢਵਾਕੇ ਵਾਪਸ ਮੰਡੀ ਗੋਬਿੰਦਗੜ ਸਥਿਤ ਸਟੀਲ ਇੰਡਸਟਰੀ 'ਚ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਫੈਕਟਰੀ ਮੁਲਾਜ਼ਮ ਨੂੰ ਨੈਸ਼ਨਲ ਹਾਈਵੇ ਸਥਿਤ ਸ਼ਨੀਦੇਵ ਮੰਦਿਰ ਕੋਲ ਗੋਲੀ ਮਾਰਕੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰੇ 20 ਲੱਖ ਰੁਪਏ ਨਗਦੀ ਵਾਲਾ ਬੈਗ ਖੋਹਕੇ ਫਰਾਰ ਹੋ ਗਏ। ਗੋਲੀ ਲੱਗਣ ਦੇ ਕਾਰਨ ਜ਼ਖਮੀ ਹੋਈ ਫੈਕਟਰੀ ਮੁਲਾਜ਼ਮ ਨੂੰ ਨਜ਼ਦੀਕੀ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਐਸਐਸਪੀ ਦਫ਼ਤਰ ਤੋਂ ਕਰੀਬ 200 ਮੀਟਰ ਦੀ ਦੂਰੀ ਤੇ ਸ਼ਰੇਆਮ ਹੋਈ ਲੁੱਟ ਦੀ ਵਾਰਦਾਤ ਸਬੰਧੀ ਸੂਚਨਾ ਮਿਲਣ ਦੇ ਬਾਅਦ ਐਸ.ਪੀ (ਆਈ) ਜਸਵੀਰ ਸਿੰਘ ਦੀ ਅਗਵਾਈ 'ਚ ਉੱਚ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ।

ਮਿਲੀ ਜਾਣਕਾਰੀ ਦੇ ਮੁਤਾਬਕ ਮੰਡੀ ਗੋਬਿੰਦਗੜ ਸਥਿਤ ਰਾਜ ਸਟੀਲ ਇੰਡਸਟਰੀ 'ਚ ਕੰਮ ਕਰਦਾ ਫੈਕਟਰੀ ਮੁਲਾਜ਼ਮ ਮੇਹਤਾਬ ਸਿੰਘ ਵਾਸੀ ਪਿੰਡ ਜਲਾਲਪੁਰ (ਜ਼ਿਲ੍ਹਾ ਫਤਹਿਗੜ ਸਾਹਿਬ) ਮੋਟਰਸਾਈਕਲ ਤੇ ਸਵਾਰ ਹੋ ਕੇ ਖੰਨਾ ਸਥਿਤ ਜੇ.ਐਂਡ.ਕੇ ਬੈਂਕ ਦੀ ਬ੍ਰਾਂਚ 'ਚੋਂ ਕੈਸ਼ ਕਢਵਾਉਣ ਲਈ ਆਇਆ ਸੀ। ਬੈਂਕ 'ਚੋਂ 20 ਲੱਖ ਰੁਪਏ ਨਗਦੀ ਕਢਵਾਉਣ ਦੇ ਬਾਅਦ ਮੇਹਤਾਬ ਸਿੰਘ ਆਪਣੇ ਟੀਵੀਐਸ ਮੋਟਰਸਾਈਕਲ ਨੰ.ਪੀਬੀ-10ਜੀਈ-2813 ਤੇ ਸਵਾਰ ਹੋ ਕੇ ਨਗਦੀ ਵਾਲਾ ਬੈਗ ਲੈ ਕੇ ਫੈਕਟਰੀ ਨੂੰ ਜਾ ਰਿਹਾ ਸੀ।

ਜਦੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਦੇ ਦਫ਼ਤਰ ਤੋਂ ਕਰੀਬ 200 ਮੀਟਰ ਦੀ ਦੂਰੀ ਤੇ ਨੈਸ਼ਨਲ ਹਾਈਵੇ ਉੱਪਰ ਸਥਿਤ ਸ਼ਨੀਦੇਵ ਮੰਦਿਰ ਕੋਲ ਪਹੁੰਚਿਆ ਤਾਂ ਪਿੱਛੋਂ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਕਤ ਫੈਕਟਰੀ ਮੁਲਾਜ਼ਮ ਦੇ ਪੱਟ 'ਚ ਗੋਲੀ ਮਾਰ ਦਿੱਤੀ ਅਤੇ ਬਾਈਕ ਸਮੇਤ ਸੜਕ ਤੇ ਡਿੱਗੇ ਜ਼ਖਮੀ ਦੇ ਕੋਲੋਂ ਵੀਹ ਲੱਖ ਰੁਪਏ ਨਗਦੀ ਵਾਲਾ ਬੈਗ ਖੋਹਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਵਾਲੀ ਥਾਂ ਇਕੱਠੇ ਹੋਏ ਰਾਹਗੀਰਾਂ ਵੱਲੋਂ ਜ਼ਖਮੀ ਹਾਲਤ 'ਚ ਮਹਿਤਾਬ ਸਿੰਘ ਨੂੰ ਇਲਾਜ ਲਈ ਨਜ਼ਦੀਕੀ ਆਈ.ਵੀ.ਵਾਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਫੈਕਟਰੀ ਮੁਲਾਜ਼ਮ ਨੂੰ ਗੋਲੀ ਮਾਰਕੇ ਨਗਦੀ ਲੁੱਟਣ ਦੀ ਘਟਨਾ ਸਬੰਧੀ ਸੂਚਨਾ ਦੇ ਬਾਅਦ ਐਸ.ਪੀ (ਆਈ) ਜਸਬੀਰ ਸਿੰਘ, ਡੀਐਸਪੀ (ਖੰਨਾ) ਦੀਪਕ ਰਾਏ, ਐਸਐਚਓ ਸਿਟੀ-1 ਇੰਸਪੈਕਟਰ ਵਿਨੋਦ ਕੁਮਾਰ ਅਤੇ ਐਸਐਚਓ ਥਾਣਾ ਸਦਰ ਦੇ ਐਸਐਚਓ ਗੁਰਮੇਲ ਸਿੰਘ ਭਾਰੀ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ ਗਈ। ਫੈਕਟਰੀ ਮੁਲਾਜ਼ਮ ਮੰਡੀ ਗੋਬਿੰਦਗੜ ਦੀ ਮਿਲ 'ਚ ਕੰਮ ਕਰਦੇ ਹੋਣ ਦੇ ਕਾਰਨ ਜ਼ਿਲ੍ਹਾ ਫਤਹਿਗੜ ਸਾਹਿਬ ਦੇ ਪੁਲਿਸ ਅਧਿਕਾਰੀ ਵੀ ਜਾਂਚ ਕਰਨ ਲਈ ਮੌਕੇ ਤੇ ਪਹੁੰਚੇ। ਪੁਲਿਸ ਨੇ ਲੁਟੇਰਿਆਂ ਦਾ ਸੁਰਾਗ ਲਗਾਉਣ ਸਬੰਧੀ ਘਟਨਾ ਵਾਲੀ ਥਾਂ ਨਜ਼ਦੀਕ ਸ਼ਨੀਦੇਵ ਮੰਦਿਰ, ਪੈਟਰੋਲ ਪੰਪ ਅਤੇ ਇੱਕ ਮਿਲ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਸ਼ੁਰੂ ਕੀਤੀ। ਪ੍ਰੰਤੂ ਜਾਂਚ ਦੌਰਾਨ ਪਾਇਆ ਗਿਆ ਸ਼ਨੀਦੇਵ ਮੰਦਿਰ 'ਚ ਲੱਗੇ ਸੀਸੀਟੀਵੀ ਕੈਮਰੇ ਪਿਛਲੇ ਕਰੀਬ 7 ਮਹੀਨੇ ਤੋਂ ਖਰਾਬ ਪਏ ਹਨ।

ਪੁਲਿਸ ਮੁਲਾਜ਼ਮ ਦਾ ਭਤੀਜਾ ਇੱਕ ਸਾਲ ਪਹਿਲਾਂ ਫੈਕਟਰੀ 'ਚ ਲੱਗਿਆ ਸੀ ਕੰਮ ਕਰਨ
ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਜਲਾਲਪੁਰ ਦਾ ਰਹਿਣ ਵਾਲਾ ਫੈਕਟਰੀ ਮੁਲਾਜ਼ਮ ਮਹਿਤਾਬ ਸਿੰਘ ਪਿਛਲੇ ਕਰੀਬ ਇੱਕ ਸਾਲ ਪਹਿਲਾਂ ਮੰਡੀ ਗੋਬਿੰਦਗੜ ਦੀ ਸਟੀਲ ਮਿੱਲ ਰਾਜ ਸਟੀਲ ਇੰਡਸਟਰੀ 'ਚ ਕੰਮ ਕਰਨ ਲੱਗਾ ਸੀ। ਜ਼ਖਮੀ ਫੈਕਟਰੀ ਮੁਲਾਜ਼ਮ ਪੰਜਾਬ ਪੁਲਿਸ ਵਿਭਾਗ ਵਿੱਚ ਬਤੌਰ ਹੌਲਦਾਰ ਫ਼ਤਿਹਗੜ੍ਹ ਸਾਹਿਬ 'ਚ ਤਾਇਨਾਤ ਨਰਿੰਦਰ ਸਿੰਘ ਦੀ ਭਤੀਜਾ ਹੈ। ਉਹ ਬੈਂਕ 'ਚ ਕੈਸ਼ ਕਢਵਾਉਣ ਸਬੰਧੀ ਮੋਟਰਸਾਈਕਲ ਤੇ ਸਵਾਰ ਹੋ ਕੇ ਇਕੱਲਾ ਹੀ ਖੰਨਾ ਆਇਆ ਸੀ। ਜਦਕਿ ਇਸ ਤੋਂ ਪਹਿਲਾਂ ਉਹ ਫੈਕਟਰੀ ਦੇ ਹੋਰ ਮੁਲਾਜ਼ਮ ਨਾਲ ਕੈਸ਼ ਕਢਵਾਉਣ ਲਈ ਆਉਂਦਾ ਸੀ। ਘਟਨਾ ਦਾ ਪਤਾ ਲੱਗਣ ਬਾਅਦ ਉਸਦਾ ਚਾਚਾ ਵੀ ਭਤੀਜੇ ਦਾ ਹਾਲ ਜਾਣਨ ਲਈ ਖੰਨਾ ਹਸਪਤਾਲ ਪਹੁੰਚੇ।

ਪੁਲਿਸ ਨੂੰ ਨਹੀਂ ਮਿਲਿਆ ਵਾਰਦਾਤ ਵਾਲੀ ਥਾਂ ਤੋਂ ਖਾਲੀ ਖੋਲ
ਫੈਕਟਰੀ ਮੁਲਾਜ਼ਮ ਨੂੰ ਗੋਲੀ ਮਾਰਕੇ ਜ਼ਖਮੀ ਕਰਨ ਦੇ ਬਾਅਦ 20 ਲੱਖ ਰੁਪਏ ਨਗਦੀ ਲੁੱਟੇ ਜਾਣ ਦੀ ਵਾਰਦਾਤ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮੌਕਾ ਮੁਆਇਨਾ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ। ਪ੍ਰੰਤੂ ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਗੋਲੀ ਦਾ ਚੱਲਿਆ ਹੋਇਆ ਖਾਲੀ ਖੋਲ ਬਰਾਮਦ ਨਹੀਂ ਹੋ ਸਕਿਆ ਹੈ। ਲੁਟੇਰਿਆਂ ਵੱਲੋਂ ਫੈਕਟਰੀ ਮੁਲਾਜ਼ਮ ਨੂੰ ਪੱਟ 'ਚ ਗੋਲੀ ਮਾਰੇ ਜਾਣ ਨੂੰ ਲੈ ਕੇ ਵੀ ਅਲੱਗ ਨਜ਼ਰੀਏ ਤੋਂ ਦੇਖ ਰਹੀ ਹੈ।

ਕੀ ਕਹਿਣਾ ਹੈ ਐਸ.ਪੀ (ਆਈ) ਜਸਵੀਰ ਸਿੰਘ ਦਾ
ਲੁੱਟ ਦੀ ਵਾਰਦਾਤ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਪੀ (ਆਈ) ਜਸਵੀਰ ਸਿੰਘ ਦਾ ਕਹਿਣਾ ਹੈ ਕਿ ਜ਼ਖਮੀ ਮੁਲਾਜ਼ਮ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਲੁੱਟ ਸਬੰਧੀ ਹਰੇਕ ਐਂਗਲ ਨੂੰ ਧਿਆਨ 'ਚ ਰੱਖਦੇ ਹੋਏ ਵੱਖ-ਵੱਖ ਥਿਊਰੀਆਂ ਤੇ ਤਫਤੀਸ਼ ਕੀਤੀ ਜਾ ਰਹੀ ਹੈ। ਲੁਟੇਰਿਆਂ ਦਾ ਸੁਰਾਗ ਲਗਾਉਣ ਸਬੰਧੀ ਵਾਰਦਾਤ ਵਾਲੀ ਥਾਂ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਤੋਂ ਇਲਾਵਾ ਬੈਂਕ ਅੰਦਰ ਅਤੇ ਬਾਹਰ ਲੱਗੇ ਕੈਮਰਿਆਂ ਦੀ ਵੀ ਚੈਕਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਲੁਟੇਰੇ ਕੋਈ ਵੀ ਹੋਣ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।