ਪੰਚਾਇਤੀ ਚੋਣਾਂ ਸ਼ਹੀਦੀ ਦਿਹਾੜਿਆਂ ਵਿੱਚ ਨਾ ਕਰਵਾਏ ਜਾਣ ਦੀ ਉੱਠਣ ਲੱਗੀ ਮੰਗ

Last Updated: Dec 06 2018 19:09

ਪਿਛਲੇ ਕਈ ਮਹੀਨਿਆਂ ਤੋਂ ਲਟਕਦੀਆਂ ਆ ਰਹੀਆਂ ਪੰਚਾਇਤੀ ਚੋਣਾਂ ਦਸੰਬਰ ਮਹੀਨੇ ਵਿੱਚ ਵੀ ਨਾ ਕਰਵਾਏ ਜਾਣ ਦੀ ਮੰਗ ਉੱਠਣ ਲੱਗੀ ਹੈ, ਕਿਉਂਕਿ ਇਸ ਮਹੀਨੇ ਵਿੱਚ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀਆਂ ਸ਼ਹੀਦੀਆਂ ਹੋਈਆਂ ਸਨ, ਜਿਨ੍ਹਾਂ ਦੇ ਸਬੰਧ ਵਿੱਚ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਵੱਖ-ਵੱਖ ਸਥਾਨਾਂ 'ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ, ਕਿਉਂਕਿ ਰਾਖਵੇਂਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਰਕੇ ਇਹ ਚੋਣਾਂ ਸਹੀ ਸਮੇਂ 'ਤੇ ਨਹੀਂ ਕਰਵਾਈਆਂ ਜਾ ਸਕੀਆਂ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਸੰਭਾਵਨਾ ਪ੍ਰਗਟ ਕੀਤੀ ਗਈ ਸੀ ਕਿ 17 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਚੋਣਾਂ ਦੀ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ, ਪਰ ਲੱਗਦਾ ਹੈ ਕਿ ਇਹ ਚੋਣਾਂ ਹੁਣ ਹੋਰ ਅੱਗੇ ਪੈ ਸਕਦੀਆਂ ਹਨ, ਕਿਉਂਕਿ 30 ਦਸੰਬਰ ਨੂੰ ਪੰਚਾਇਤੀ ਚੋਣਾਂ ਕਰਵਾਏ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਸਿੱਖ ਸੰਗਤਾਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਮੰਗ ਉੱਠਣ ਲੱਗੀ ਸੀ ਕਿ 30 ਦਸੰਬਰ ਨੂੰ ਪੰਚਾਇਤੀ ਚੋਣਾਂ ਨਾ ਕਰਵਾਈਆਂ ਜਾਣ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ, ਮਾਤਾ ਗੁਜ਼ਰੀ ਜੀ ਅਤੇ ਕਈ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਸਨ। 

ਸੰਗਤਾਂ ਦਾ ਕਹਿਣਾ ਹੈ ਕਿ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੌਰਾਨ ਸਮੁੱਚਾ ਸਿੱਖ ਜਗਤ ਵੈਰਾਗਮਈ ਹੁੰਦਾ ਹੈ। ਸਿੱਖ ਸੰਗਤ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਪਿੰਡਾਂ ਵਿੱਚ ਵਿਆਹਾਂ ਵਰਗਾ ਮਾਹੌਲ ਹੁੰਦਾ ਹੈ ਅਤੇ ਚੋਣਾਂ ਵਿੱਚ ਸ਼ਰਾਬ ਵਗੈਰਾ ਦੀ ਵਰਤੋਂ ਆਮ ਹੁੰਦੀ ਹੈ, ਅਜਿਹੇ ਵਿੱਚ ਜਿੱਥੇ ਸਿੱਖ ਸੰਗਤਾਂ ਵੱਲੋਂ ਕਰਵਾਏ ਜਾਣ ਵਾਲੇ ਵੈਰਾਗਮਈ ਧਾਰਮਿਕ ਸਮਾਗਮਾਂ ਵਿੱਚ ਖਲਨ ਪਵੇਗਾ ਉੱਥੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੇਗੀ।

ਸਿੱਖ ਸੰਗਤਾਂ ਵੱਲੋਂ ਸ਼ਹੀਦੀ ਦਿਹਾੜਿਆਂ ਵਿੱਚ ਪੰਚਾਇਤੀ ਚੋਣਾਂ ਨਾ ਕਰਵਾਏ ਜਾਣ ਦੀ ਕੀਤੀ ਜਾ ਰਹੀ ਮੰਗ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪੰਚਾਇਤੀ ਚੋਣਾਂ ਦਸੰਬਰ ਦੇ ਅਖੀਰਲੇ ਹਫਤੇ ਨਾ ਕਰਵਾਉਣ ਦੀ ਅਪੀਲ ਕੀਤੀ ਹੈ। ਇਹ ਵੀ ਦੱਸਣਯੋਗ ਹੈ ਕਿ ਜੇਕਰ ਪੰਜਾਬ ਸਰਕਾਰ 31 ਦਸੰਬਰ ਤੱਕ ਪੰਚਾਇਤੀ ਚੋਣਾਂ ਕਰਵਾਉਣ ਵਿੱਚ ਅਸਮਰਥ ਰਹਿੰਦੀ ਹੈ ਤਾਂ 1 ਜਨਵਰੀ 2019 ਤੋਂ ਬਾਅਦ ਵਿਧਾਨਿਕ ਤੌਰ 'ਤੇ ਸੋਧੀਆਂ ਹੋਈਆਂ ਵੋਟਰ ਸੂਚੀਆਂ ਅਨੁਸਾਰ ਹੀ ਚੋਣਾਂ ਹੋ ਸਕਣਗੀਆਂ ਅਤੇ ਇਸ ਚੋਣ ਪ੍ਰਕਿਰਿਆ ਲਈ ਘੱਟੋ-ਘੱਟ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ।