ਪੰਜਾਬ ਦਾ ਸਭ ਤੋਂ ਵੱਡਾ ਜੰਗਲ ''ਚੱਕ ਸਰਕਾਰ'' ਨੂੰ ਏਜੰਸੀਆਂ ਨੇ ਖੰਘਾਲਿਆ!!!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 06 2018 19:08

ਪੰਜਾਬ ਅੰਦਰ ਅੱਤਵਾਦੀ ਜ਼ਾਕਿਰ ਮੂਸਾ ਅਤੇ ਉਸ ਦੇ ਸਾਥੀਆਂ ਦੀ ਪਠਾਨਕੋਟ ਰਸਤੇ ਦਾਖਿਲ ਹੋਣ ਦੀ ਸ਼ੰਕਾ ਦੇ ਚੱਲਦਿਆਂ ਪੰਜਾਬ ਅੰਦਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਉਕਤ ਅੱਤਵਾਦੀ ਦੀ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਉਹ ਹੁਣ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਬਠਿੰਡਾ ਵਿੱਚ ਘੁੰਮ ਰਿਹਾ ਹੈ, ਜਿਸ ਦੇ ਚੱਲਦਿਆਂ ਬੀਤੀ ਦੇਰ ਸ਼ਾਮ ਤੋਂ ਮਮਦੋਟ ਬਲਾਕ ਅਧੀਨ ਆਉਂਦੇ ਪਿੰਡ ਬਸਤੀ ਗੁਲਾਬ ਸਿੰਘ ਵਾਲਾ ਵਿਖੇ ਸੁਰੱਖਿਆ ਬਲਾਂ ਵੱਲੋਂ ਭਾਰੀ ਪੁਲਿਸ ਫੋਰਸ ਅਤੇ ਐੱਸਟੀਐੱਫ ਸਮੇਤ ਸਰਚ ਅਪ੍ਰੇਸ਼ਨ ਚਲਾਇਆ ਗਿਆ ਜੋ ਕੇ ਦੇਰ ਰਾਤ ਤੱਕ ਚੱਲਦਾ ਰਿਹਾ। ਉਸੇ ਤਹਿਤ ਅੱਜ ਵੀ ਬਸਤੀ ਗੁਲਾਬ ਸਿੰਘ ਵਾਲਾ ਵਿੱਚ ਸਰਚ ਅਪ੍ਰੇਸ਼ਨ ਚੱਲਿਆ ਅਤੇ ਘਰ ਘਰ ਦੀ ਤਲਾਸ਼ੀ ਕੀਤੀ ਗਈ। ਇਸ ਉਪਰੰਤ ਮਮਦੋਟ ਨਜ਼ਦੀਕ ਹਿੰਦ-ਪਾਕਿ ਦੀ ਜ਼ੀਰੋ ਲਾਈਨ ਤੇ ਲੱਗੀ ਕੰਡਿਆਲੀ ਤਾਰ ਦੇ ਨਜ਼ਦੀਕ ਪੈਂਦੇ ਪੰਜਾਬ ਦੇ ਸਭ ਤੋਂ ਵੱਡੇ ਜੰਗਲ ''ਚੱਕ ਸਰਕਾਰ'' ਵਿਖੇ ਸੁਰੱਖਿਆ ਏਜੰਸੀਆਂ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਜੋ ਕਿ ਇਹ ਜੰਗਲ 1083 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਜੰਗਲ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਬੰਬ ਨਕਾਰਾ ਕਰਨ ਵਾਲੇ ਅਤੇ ਕਮਾਂਡੋ ਦਸਤਿਆਂ ਨੂੰ ਨਾਲ ਲੈ ਕੇ ਪੂਰੀ ਮੁਸ਼ਤੈਦੀ ਨਾਲ ਖੰਘਾਲਿਆ ਜਾ ਰਿਹਾ ਹੈ। ਇਸ ਤਲਾਸ਼ੀ ਅਭਿਆਨ ਦੀ ਅਗਵਾਈ ਐੱਸਪੀਐੱਚ ਮਨਮਿੰਦਰ ਸਿੰਘ ਅਤੇ ਡੀਐੱਸਪੀ ਲਖਬੀਰ ਸਿੰਘ ਕਰ ਰਹੇ ਸਨ ਅਤੇ ਉਨ੍ਹਾਂ ਨਾਲ ਥਾਣਾ ਮੁਖੀ ਮਮਦੋਟ ਰਣਜੀਤ ਸਿੰਘ, ਥਾਣਾ ਕੁੱਲਗੜੀ ਦੇ ਮੁਖੀ ਜਸਵੰਤ ਸਿੰਘ ਭੱਟੀ, ਥਾਣਾ ਤਲਵੰਡੀ ਦੇ ਮੁਖੀ ਅਭਿਨਵ ਚੌਹਾਨ ਅਤੇ ਭਾਰੀ ਪੁਲਿਸ ਫੋਰਸ ਸ਼ਾਮਿਲ ਸੀ। ਦੇਰ ਸ਼ਾਮ ਹੋਣ ਤੱਕ ਪੁਲਿਸ ਦੇ ਹੱਥ ਇਸ ਅਪ੍ਰੇਸ਼ਨ ਦੌਰਾਨ ਕੁਝ ਨਹੀਂ ਲੱਗਾ ਅਤੇ ਫੇਰ ਵੀ ਦੇਰ ਸ਼ਾਮ ਤੱਕ ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਜੰਗਲ ਦੀ ਤਲਾਸ਼ੀ ਮੁਹਿੰਮ ਜਾਰੀ ਸੀ।