ਪੁਸ਼ਤੈਲੀ ਸ਼ਿਵਾਲਾ ਮੰਦਰ ਵਿੱਚੋਂ ਚੋਰੀ ਕਰਨ ਵਾਲੇ 2 ਕਾਬੂ!!

Last Updated: Dec 06 2018 18:45

ਬੀਤੇ ਦਿਨੀਂ ਸਥਾਨਕ ਸ਼ਹਿਰ ਦੇ ਟਾਹਲੀ ਮੁਹੱਲਾ ਸਥਿਤ ਪੁਸ਼ਤੈਲੀ ਸ਼ਿਵਾਲਾ ਮੰਦਰ ਲਾਲ ਕੋਟੂ ਮੱਲ ਚੰਬਾ ਮੱਲ ਦੇ ਵਿੱਚੋਂ ਪਿੱਤਲ ਦੀਆਂ ਮੂਰਤੀਆਂ ਚੋਰੀ ਹੋ ਗਈਆਂ ਸਨ। ਸਿਟੀ ਪੁਲਿਸ ਵੱਲੋਂ ਫੁਰਤੀ ਵਿਖਾਉਂਦੀਆਂ ਹੋਇਆ 24 ਘੰਟਿਆਂ ਵਿੱਚ ਮੂਰਤੀਆਂ ਚੋਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਸਿਟੀ ਪੁਲਿਸ ਦੇ ਐਸ ਐਚ ਓ ਪੁਸ਼ਪਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਤਰੁਣ ਜਿੰਦਲ ਪੁੱਤਰ ਸੋਹਣ ਲਾਲ ਵਾਸੀ ਗਲੀ ਰਾਮਾ ਨੰਦ ਟਾਹਲੀ ਮੁਹੱਲਾ ਫ਼ਿਰੋਜ਼ਪੁਰ ਸ਼ਹਿਰ ਨੇ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਗਾਇਆ ਸੀ ਕਿ ਪੁਸ਼ਤੈਲੀ ਸ਼ਿਵਾਲਾ ਮੰਦਰ ਲਾਲ ਕੋਟੂ ਮੱਲ ਚੰਬਾ ਮੱਲ ਵਿੱਚੋਂ 2 ਵਿਅਕਤੀ ਪਿੱਤਲ ਦੀਆਂ ਮੂਰਤੀਆਂ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧ ਵਿੱਚ ਸਿਟੀ ਪੁਲਿਸ ਵੱਲੋਂ ਪੀਟਰ ਪੁੱਤਰ ਮਾਹਨਾ ਵਾਸੀ ਬਸਤੀ ਸ਼ੇਖ਼ਾਂ ਵਾਲੀ ਅਤੇ ਨੀਰਜ ਦੇ ਖ਼ਿਲਾਫ਼ 295-ਏ, 457, 380 ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਉਕਤ ਦੋਵੇਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਐਸ ਐਚ ਓ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਦਲੀਪ ਕੁਮਾਰ ਵੱਲੋਂ ਅੱਜ ਗੁਪਤ ਸੂਚਨਾ ਦੇ ਅਧਾਰ ਤੇ ਉਕਤ ਵਿਅਕਤੀਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਹੋਇਆਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀਆਂ ਮੂਰਤੀਆਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।