ਕੈਪਟਨ ਝੱਗੜ ਸਿੰਘ ਵਾਰ ਮੈਮੋਰੀਅਲ ਵਿਖੇ ਅੱਜ ਮਨਾਇਆ ਜਾਵੇਗਾ ਹਥਿਆਰਬੰਦ ਸੈਨਾ ਝੰਡਾ ਦਿਵਸ:ਕਰਨਲ ਚਾਹਲ

Last Updated: Dec 06 2018 18:38

ਇਸ ਵਾਰ ਵੀ ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ 2018, ਦਿਨ ਸ਼ੁੱਕਰਵਾਰ ਨੂੰ ਕੈਪਟਨ ਝੱਗੜ ਸਿੰਘ ਵਾਰ ਮੈਮੋਰੀਅਲ ਕਪੂਰਥਲਾ ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਪੂਰਥਲਾ ਕਰਨਲ ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਮਿਲਟਰੀ ਸਟੇਸ਼ਨ ਕਪੂਰਥਲਾ ਦੇ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਡੀ. ਪਾਲਸੋਕਰ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਕਪੂਰਥਲਾ ਮੁਹੰਮਦ ਤਇਅਬ, ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਅਤੇ ਹੋਰ ਉੱਚ ਸਿਵਲ ਤੇ ਆਰਮੀ ਅਧਿਕਾਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਰਨਲ ਚਾਹਲ ਨੇ ਕਿਹਾ ਕਿ ਸੈਨਿਕਾਂ ਨੇ ਆਪਣੀਆਂ ਜਵਾਨੀਆਂ ਅਤੇ ਜਿੰਦੜੀਆਂ ਦੇਸ਼ ਦੇ ਲੇਖੇ ਲਾ ਕੇ ਦੇਸ਼ ਦੀ ਆਜ਼ਾਦੀ, ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਰਾਸ਼ਟਰ ਆਪਣੇ ਬਹਾਦਰ ਸੈਨਿਕਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ ਅਤੇ ਸੇਵਾ ਕਰ ਰਹੇ ਸੈਨਿਕਾਂ ਦੀ ਬਹਾਦਰੀ ਪ੍ਰਤੀ ਸਲੂਟ ਕਰਨ ਦਾ ਇਹ ਇੱਕ ਸੁਨਹਿਰੀ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਦੇਸ਼ਵਾਸੀ ਆਪਣੀਆਂ ਸੁਰੱਖਿਆ ਸੈਨਾਵਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਇੱਕਜੁੱਟਤਾ ਦਰਸਾਉਂਦੇ ਹਨ ਅਤੇ ਬੜੇ ਫ਼ਖ਼ਰ ਨਾਲ ਆਪਣੇ ਸੀਨੇ 'ਤੇ ਇਨ੍ਹਾਂ ਸੈਨਾਵਾਂ ਦੇ ਸਟਿੱਕਰ ਫਲੈਗ ਨੂੰ ਲਗਾਉਂਦੇ ਹਨ ਅਤੇ ਬਦਲੇ ਵਿੱਚ ਸਵੈ-ਇੱਛਤ ਧਨ ਰਾਸ਼ੀ ਦਾਨ ਵਜੋਂ ਦਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਝੰਡੇ ਦੇ ਸਨਮਾਨ ਵਿੱਚ ਇਕੱਤਰ ਕੀਤਾ ਫ਼ੰਡ ਕੇਂਦਰ ਅਤੇ ਰਾਜਾਂ ਦੇ ਸੈਨਿਕ ਬੋਰਡਾਂ ਵੱਲੋਂ ਲਾਗੂ ਕੀਤੀਆਂ ਕਈ ਪ੍ਰਕਾਰ ਦੀਆਂ ਭਲਾਈ ਸਕੀਮਾਂ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਨੇ ਕਪੂਰਥਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕੰਮ ਵਿੱਚ ਹਿੱਸੇਦਾਰ ਬਣਨ ਅਤੇ ਦੇਸ਼ ਦੀ ਰੱਖਿਆ ਖ਼ਾਤਰ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਦਿਲ ਖੋਲ੍ਹ ਕੇ ਦਾਨ ਕਰਨ, ਇਹ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦਾਨ ਨਕਦ/ਚੈੱਕ/ਬੈਂਕ ਡਰਾਫ਼ਟ ਰਾਹੀਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਕਪੂਰਥਲਾ ਨੂੰ ਭੇਜਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਨੋਟੀਫ਼ਿਕੇਸ਼ਨ ਤਹਿਤ ਸੈਨਾ ਝੰਡਾ ਦਿਵਸ ਸਬੰਧੀ ਦਾਨ ਦੀ ਰਾਸ਼ੀ ਆਮਦਨ ਕਰ ਤੋਂ ਮੁਕਤ ਹੈ।