ਡਾ. ਅੰਬੇਡਕਰ ਦੀ ਸੋਚ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦੀ ਲੋੜ : ਅਵਤਾਰ ਸਿੰਘ ਭੁੱਲਰ

Last Updated: Dec 06 2018 18:22

ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਸਥਾਨਕ ਅੰਬੇਡਕਰ ਭਵਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਦਫ਼ਤਰ ਜ਼ਿਲ੍ਹਾ ਭਲਾਈ ਅਫ਼ਸਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਹਾਇਕ ਕਮਿਸ਼ਨਰ (ਜ) ਡਾ. ਸ਼ਿਖਾ ਭਗਤ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਤਰਫ਼ੋਂ ਕੈਪਟਨ ਬਲਜੀਤ ਸਿੰਘ ਬਾਜਵਾ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਡਾ. ਅੰਬੇਡਕਰ ਦੇ ਬੁੱਤ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। 

ਸਮਾਗਮ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਕਿਹਾ ਕਿ  ਡਾ. ਅੰਬੇਦਕਰ ਵੱਲੋਂ ਸਮਾਨਤਾ ਆਧਾਰਿਤ ਸਮਾਜ ਸਿਰਜਣ ਦੇ ਸੁਨੇਹੇ ਨੂੰ ਅਸੀਂ ਤਾਂ ਹੀ ਸਾਰਥਕ ਕਰ ਸਕਦੇ ਹਾਂ ਜੇਕਰ ਅਸੀਂ ਉਨ੍ਹਾਂ ਦੀ ਸੋਚ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਅਪਣਾਈਏ ਅਤੇ ਹਰ ਸ਼ੋਸ਼ਿਤ ਅਤੇ ਕਮਜ਼ੋਰ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰੀਏ। ਉਨ੍ਹਾਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਸਾਨੂੰ ਸਰਬੋਤਮ ਸੰਵਿਧਾਨ ਲਿਖ ਕੇ ਦਿੱਤਾ ਹੈ ਅਤੇ ਹੁਣ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਸੰਵਿਧਾਨ ਵਿੱਚ ਮਿਲੇ ਅਧਿਕਾਰਾਂ ਅਤੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਮੰਨ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਈਏ। ਸਹਾਇਕ ਕਮਿਸ਼ਨਰ (ਜ) ਡਾ. ਸ਼ਿਖਾ ਭਗਤ ਨੇ ਕਿਹਾ ਕਿ ਡਾ. ਅੰਬੇਡਕਰ ਨੇ ਦੱਬੇ-ਕੁਚਲੇ ਲੋਕਾਂ ਅਤੇ ਔਰਤਾਂ ਨੂੰ ਬਰਾਬਰੀ ਅਤੇ ਤਰੱਕੀ ਦੇ ਹੱਕ ਦਿਵਾਏ। ਉਨ੍ਹਾਂ ਨੇ ਕਿਹਾ ਕਿ ਇਹ ਬਾਬਾ ਸਾਹਿਬ ਦੀ ਹੀ ਦੇਣ ਹੈ ਕਿ ਅੱਜ ਸਮਾਜ ਵਿੱਚ ਨਾਬਰਾਬਰੀ ਦੀ ਕੁਰੀਤੀ ਖ਼ਤਮ ਹੋਣ 'ਤੇ ਆਈ ਹੈ ਅਤੇ ਸਭ ਨੂੰ ਬਰਾਬਰ ਮੌਕੇ ਮਿਲਣ ਲੱਗੇ ਹਨ। ਕੈਪਟਨ ਬਲਜੀਤ ਸਿੰਘ ਬਾਜਵਾ ਨੇ ਡਾ. ਅੰਬੇਡਕਰ ਦੇ ਜੀਵਨ ਅਤੇ ਫ਼ਲਸਫ਼ੇ ਤੋਂ ਪ੍ਰੇਰਨਾ ਲੈ ਕੇ ਇੱਕ ਵਧੀਆ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ। ਇਸ ਦੌਰਾਨ ਹੋਰਨਾਂ ਵੱਖ-ਵੱਖ ਬੁਲਾਰਿਆਂ ਨੇ ਵੀ ਡਾ: ਭੀਮ ਰਾਓ ਅੰਬੇਦਕਰ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਮਾਨਤਾ ਦੇ ਸਿਧਾਂਤ ਦੀ ਵਿਆਖਿਆ ਕਰਦਿਆਂ ਉਨ੍ਹਾਂ ਨੂੰ ਇੱਕ ਯੁੱਗ ਪਲਟਾਊ ਇਨਸਾਨ ਦੱਸਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰ ਸਿੰਘ ਅਤੇ ਡਾ. ਅੰਬੇਦਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਢੋਡ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਗੁਰਦਰਸ਼ਨ ਕੁੰਡਲ, ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਮੈਡਮ ਨੀਲਮ ਮਹੇ, ਗੁਰਦੀਪ ਸਿੰਘ ਬਿਸ਼ਨਪੁਰ, ਏ. ਪੀ. ਆਰ. ਓ ਹਰਦੇਵ ਸਿੰਘ ਆਸੀ, ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ, ਸ੍ਰੀਮਤੀ ਪਰਵੀਨ ਚੰਕਾਰੀਆ, ਮੈਡਮ ਸਤਨਾਮ ਕੌਰ, ਸੁਖਰਾਜ ਸਿੰਘ,  ਸੁਖਵਿੰਦਰ ਮੋਹਨ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਗੋਪੀ, ਜਗਰੂਪ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਮੈਡਮ ਸੁਨੀਤਾ ਸਿੰਘ ਨੇ ਬਾਖ਼ੂਬੀ ਕੀਤਾ।