ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਅਜੀਜਪੁਰ ਵਿਖੇ ਮਨਾਇਆ ਵਿਸ਼ਵ ਮਿੱਟੀ ਦਿਹਾੜਾ

Last Updated: Dec 06 2018 18:29

ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਤਤਾ ਨੂੰ ਸਮਝਣਾ ਪਵੇਗਾ ਅਤੇ ਅਜਿਹੀਆਂ ਤਕਨੀਕਾਂ ਅਪਨਾਉਣੀਆਂ ਪੈਣਗੀਆਂ ਜਿਸ ਨਾਲ ਮਿੱਟੀ ਦਾ ਪੁਰਾਣਾ ਰੂਪ ਵਾਪਸ ਆ ਸਕੇ ਤਾਂ ਜੋ ਭਵਿੱਖ ਵਿੱਚ ਇਸ ਮਿੱਟੀ ਤੋਂ ਸਿਹਤਮੰਦ ਭੋਜਨ ਪ੍ਰਾਪਤ ਕਰ ਸਕੀਏ ਅਤੇ ਪੰਜਾਬ ਨੂੰ ਤੰਦਰੁਸਤ ਬਣਾ ਸਕੀਏ। ਇਹ ਵਿਚਾਰ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫ਼ਸਰ (ਸ.ਮ.) ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਠਾਕੁਰ ਅਵਤਾਰ ਸਿੰਘ ਸਹਿਯੋਗ ਨਾਲ ਮਨਾਏ ਗਏ ਵਿਸ਼ਵ ਮਿੱਟੀ ਦਿਵਸ ਮੌਕੇ ਇੱਕਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਵਿਭਾਗੀ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਡਾ. ਹਰਿੰਦਰ ਸਿੰਘ ਬੈਂਸ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਮਹਿਸੂਸ ਕੀਤਾ ਗਿਆ ਹੈ ਕਿ ਮਿੱਟੀ ਹੀ ਅਜਿਹੀ ਕੁਦਰਤ ਵੱਲੋਂ ਬਖਸ਼ੀ ਅਨਮੋਲ ਦਾਤ ਹੈ ਜਿਸ ਤੋਂ ਭੋਜਨ, ਪਾਣੀ, ਲੱਕੜ ਆਦਿ ਅਨੇਕਾਂ ਮਨੁੱਖੀ ਜੀਵਨ ਲਈ ਲੋੜੀਂਦੇ ਪਦਾਰਥ ਮਿਲਦੇ ਹਨ ਪਰ ਬਹੁਤ ਲੰਮੇ ਸਮੇਂ ਤੱਕ ਮਿੱਟੀ ਦੀ ਮਹੱਤਤਾ ਨੂੰ ਅਣਗੌਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿੱਟੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵੱਲੋਂ ਸਰਬਸਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ ਦਸੰਬਰ ਮਹੀਨੇ ਵਿਸ਼ਵ ਮਿੱਟੀ ਦਿਵਸ ਮਨਾਇਆ ਜਾਵੇ ਤਾਂ ਜੋ ਕਿਸਾਨਾਂ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਡਾ. ਅਮਰੀਕ ਸਿੰਘ ਨੇ ਮਿੱਟੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਨਾ ਕਰਨ ਪੰਜਾਂ ਦਰਿਆਵਾਂ ਦੀ ਜਰਖੇਜ਼ ਮਿੱਟੀ ਬੰਜਰ ਬਨਣ ਦੇ ਨੇੜੇ ਪਹੁੰਚ ਗਈ ਹੈ ਅਤੇ ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਤਤਾ ਨੂੰ ਸਮਝਣਾ ਪਵੇਗਾ ਅਤੇ ਅਜਿਹੀਆਂ ਯੋਜਨਾਵਾਂ ਬਨਾਉਣੀਆਂ ਪੈਣਗੀਆਂ ਜਿਸ ਨਾਲ ਮਿੱਟੀ ਦਾ ਪੁਰਾਣਾ ਰੂਪ ਵਾਪਸ ਆ ਸਕੇ ਤਾਂ ਜੋ ਭਵਿੱਖ ਵਿੱਚ ਇਸ ਮਿੱਟੀ ਤੋਂ ਸਿਹਤਮੰਦ ਭੋਜਨ ਪ੍ਰਾਪਤ ਕਰ ਸਕੀਏ। ਉਨ੍ਹਾਂ ਕਿਹਾ ਕਿ ਮਿੱਟੀ ਦੀ ਉਤਪਾਦਨ ਸ਼ਕਤੀ ਲਗਾਤਾਰ ਖਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਕਿਸੇ ਵੀ ਫਸਲ ਦੀ ਸਫਲ ਕਾਸ਼ਤ ਲਈ ਜ਼ਰੂਰੀ ਹੈ ਕਿ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ਖਾਦਾਂ ਦੀ ਵਰਤੋਂ ਅਨੁਪਾਤ 4:2:1 ਹੋਣਾ ਚਾਹੀਦਾ ਜਦ ਕਿ ਇਸ ਵਕਤ ਪੰਜਾਬ ਵਿੱਚ ਕਿਸਾਨਾਂ ਵੱਲੋਂ ਕੇਵਲ ਫਾਸਫੋਰਸ ਅਤੇ ਨਾਈਟਰੋਜਨ ਖਾਦਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਿਆਰੀ ਉਤਪਾਦਨ ਲੈਣ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਗਰ ਅਸੀਂ ਜਾਗਰੂਕ ਹੋਵੇਗੇ ਤੱਦ ਹੀ ਪੰਜਾਬ ਨੂੰ ਤੰਦਰੁਸਤ ਬਣਾਇਆ ਜਾ ਸਕਦਾ ਹੈ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ। 

ਗੁਰਦਿੱਤ ਸਿੰਘ ਨੇ ਕਿਹਾ ਕਿ ਸ਼ਹਿਰਾਂ ਵਿੱਚ ਸੀਵਰੇਜ ਦੇ ਅਣਸੋਧੇ ਪਾਣੀ ਦੇ ਦਰਿਆਵਾਂ ਦੇ ਪਾਣੀ ਨਾਲ ਮਿਲ ਕੇ ਜ਼ਮੀਨ ਵਿੱਚ ਜੀਰਨ ਨਾਲ ਮਿੱਟੀ ਦੀ ਪ੍ਰਦੂਸ਼ਤਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਮਨੁੱਖੀ ਸਿਹਤ ਲਈ ਬਹੁਤ ਮਾੜਾ ਹੈ। ਉਨ੍ਹਾਂ ਕਿਸਾਨਾਂ ਨੂੰ ਫਸਲਾਂ ਦੀ ਜ਼ਰੂਰਤ ਅਨੁਸਾਰ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ ਤਾਂ ਸਾਨੂੰ ਸ਼ੁੱਧ ਭੋਜਨ ਪੈਦਾ ਕਰਨ ਲਈ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਦੇਸੀ ਖਾਦਾਂ ਦੀ ਵਰਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਜਲਾਇਆਂ ਜ਼ਮੀਨ ਵਿੱਚ ਵਾਹੁਣ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਅਗਾਂਹਵਧੂ ਕਿਸਾਨ ਗੌਰਵ ਕੁਮਾਰ ਨੇ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਜੇਕਰ ਹੁਣ ਵੀ ਅਸੀਂ ਨਾ ਸੰਭਲੇ ਤਾਂ ਬਹੁਤ ਦੇਰ ਹੋ ਜਾਵੇਗੀ ਜਿਸ ਕਰਕੇ ਭਵਿੱਖ ਦੀ ਕਿਸਾਨੀ ਸਾਨੂੰ ਕਾਫੀ ਨਹੀਂ ਕਰੇਗੀ। ਅੰਸ਼ੁਮਨ ਕੁਮਾਰ ਨੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਸਲਾਂ ਤੋਂ ਲਾਹੇਵੰਦ ਝਾੜ ਲੈਣ ਲਈ ਖਾਦਾਂ ਦੀ ਸਹੀ ਮਾਤਰਾ ਵਿੱਚ ਉਚਿੱਤ ਸਮੇਂ ਤੇ ਅਤੇ ਯੋਗ ਢੰਗ ਨਾਲ ਵਰਤੋ ਜ਼ਰੂਰੀ ਹੈ। ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡ ਵੀ ਵੰਡੇ ਗਏ।