ਡਰੈਗਨ ਸਮੇਤ 39 ਕਿਸਮਾਂ ਦੇ ਫਲਾਂ ਦੀ ਆਰਗੈਨਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਖੇਤੀ, ਪ੍ਰਸ਼ਾਸਨ ਕਰੇਗਾ ਸਨਮਾਨਿਤ

Last Updated: Dec 06 2018 17:53

ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਸਰਹੱਦੀ ਕਿਸਾਨਾਂ ਨੂੰ ਰਵਾਇਤੀ ਖੇਤੀ ਦੇ ਚੱਕਰ ਵਿੱਚੋਂ ਨਿਕਲ ਕੇ ਬਾਗਬਾਨੀ ਧੰਦੇ ਨਾਲ ਜੁੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਘੱਟ ਪਾਣੀ ਵਾਲੀਆਂ ਫਸਲਾਂ ਦੇ ਨਾਲ-ਨਾਲ ਆਰਗੈਨਿਕ ਖੇਤੀ ਕਰਨ 'ਤੇ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਜ਼ਿਲ੍ਹੇ ਦੇ ਆਰਗੈਨਿਕ ਖੇਤੀ ਨਾਲ ਜੁੜੇ ਕਿਸਾਨ ਰਵੀ ਧੀਂਗੜਾ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ ਹੈ ਜਿਨ੍ਹਾਂ ਵੱਲੋਂ ਭਾਰਤ-ਪਾਕਿ ਸਰਹੱਦ ਦੇ ਬਿਲਕੁਲ ਨੇੜੇ ਬਾਗਾਂ ਦੀ ਆਰਗੈਨਿਕ ਤਰੀਕੇ ਨਾਲ ਖੇਤੀ ਕਰਕੇ ਆਪਣਾ ਤੇ ਜ਼ਿਲ੍ਹੇ ਦਾ ਨਾਮ ਚਮਕਾਇਆ ਜਾ ਰਿਹਾ ਹੈ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਅਗਾਂਹਵਧੂ ਸੋਚ ਦੇ ਮਾਲਕ ਕਿਸਾਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਜੋ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾ ਰਹੇ ਹਨ ਤੇ ਬੇਲੋੜੀਆਂ ਖਾਦਾਂ ਦੀ ਵਰਤੋਂ ਨਾ ਕਰਕੇ ਖੇਤੀ ਖਰਚੇ ਘਟਾ ਕੇ ਆਪਣੀ ਆਮਦਨ ਵਿੱਚ ਵੀ ਵਾਧਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਆਰਗੈਨਿਕ ਤਰੀਕੇ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਤੰਤਰਤਾ ਤੇ ਗਣਤੰਤਰਤਾ ਦਿਵਸ ਮੌਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਭਾਰਤ-ਪਾਕਿ ਸਰਹੱਦ ਨੇੜੇ ਪੈਂਦੇ ਪਿੰਡ ਮੁਹੰਮਦ ਪੀਰਾ ਵਿਖੇ ਫਲਾਂ ਦੀ ਖੇਤੀ ਕਰਕੇ ਫਾਜ਼ਿਲਕਾ ਦਾ ਨਾਮ ਬਾਗਬਾਨਾਂ ਦੀ ਦੁਨੀਆ ਵਿੱਚ ਚਮਕਾ ਰਹੇ ਅਗਾਂਹਵਧੂ ਸੋਚ ਦੇ ਮਾਲਕ ਕਿਸਾਨ ਰਵੀ ਧੀਂਗੜਾ ਨੇ ਦੱਸਿਆ ਕਿ ਉਹ 1968 ਤੋਂ ਹੀ ਫਲਾਂ ਦੀ ਖੇਤੀ ਕਰ ਰਿਹਾ ਹੈ। ਇਸ ਬਾਗਬਾਨ ਦਾ ਇਹ ਵੀ ਕਹਿਣਾ ਹੈ ਕਿ ਉਸ ਵੱਲੋਂ ਪਿਛਲੇ 50 ਸਾਲਾਂ ਤੋਂ ਹੀ ਆਰਗੈਨਿਕ ਤਰੀਕੇ ਨਾਲ ਫਲਾਂ ਦੀ ਖੇਤੀ ਕੀਤੀ ਜਾ ਰਹੀ ਹੈ।   

13 ਸਾਲ ਦੀ ਉਮਰ ਤੋਂ ਫਲਾਂ ਦੀ ਖੇਤੀ ਕਰ ਰਹੇ ਇਸ ਬਾਗਬਾਨ ਦਾ ਕਹਿਣਾ ਹੈ ਕਿ ਉਸ ਨੂੰ ਕਦੇ ਵੀ ਅੱਜ ਤੱਕ ਆਪਣੇ ਫਲਾਂ ਨੂੰ ਵੇਚਣ ਲਈ ਮੁਸ਼ਕਲ ਨਹੀਂ ਆਈ। ਉਸ ਨੂੰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਕੇਂਦਰੀ ਰਾਜਧਾਨੀ ਦਿੱਲੀ ਤੱਕ ਦੇ ਫਲ ਵਿਕਰੇਤਾ ਵੱਲੋਂ ਖੁਦ ਉਸ ਕੋਲ ਆ ਕੇ ਅਡਵਾਂਸ ਵਿੱਚ ਹੀ ਫਲਾਂ ਦੀ ਬੁਕਿੰਗ ਕਰਵਾ ਦਿੱਤੀ ਜਾਂਦੀ ਹੈ। ਪਿਛਲੇ 50 ਸਾਲਾਂ ਤੋਂ ਲਗਭਗ 16 ਏਕੜ ਵਿੱਚ ਵੱਖ-ਵੱਖ ਕਿਸਮ ਦੇ ਵਪਾਰਕ ਤੇ ਘਰੇਲੂ ਫਲਾਂ ਦੀ ਆਰਗੈਨਿਕ ਤਰੀਕੇ ਨਾਲ ਖੇਤੀ ਕਰ ਰਹੇ ਇਸ ਬਾਗਬਾਨ ਵੱਲੋਂ ਪਿਛਲੇ ਸਾਲ ਤੋਂ ਵਿਸ਼ੇਸ਼ ਤੌਰ 'ਤੇ ਸ੍ਰੀਲੰਕਾ ਤੋਂ ਢਾਈ ਹਜ਼ਾਰ ਪੌਦੇ ਮੰਗਵਾ ਕੇ ਲਗਭਗ 3 ਏਕੜ ਵਿੱਚ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਗਈ ਹੈ। ਅਗਲੇ ਸਾਲ ਉਸ ਵੱਲੋਂ ਪੰਜ ਏਕੜ ਹੋਰ ਡਰੈਗਨ ਫਲ ਉਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਜਿਸ ਵਾਸਤੇ ਉਸ ਵੱਲੋਂ ਖੁਦ ਪਨੀਰੀ ਤਿਆਰ ਕੀਤੀ ਜਾ ਚੁੱਕੀ ਹੈ।

ਡਰੈਗਨ ਫਲ ਬਾਰੇ ਇਸ ਕਿਸਾਨ ਦਾ ਕਹਿਣਾ ਹੈ ਕਿ ਸ੍ਰੀਲੰਕਾ ਵਿੱਚ ਤਿਆਰ ਕਰਨ ਵਿੱਚ ਇਸ ਫਲ ਨੂੰ ਭਾਵੇਂ 13 ਮਹੀਨੇ ਲਗਦੇ ਹਨ ਪਰ ਉਸ ਵੱਲੋਂ ਲਗਾਏ ਗਏ ਇਸ ਫਲ ਦੇ ਪੌਦਿਆਂ ਨੂੰ ਸਿਰਫ ਗਿਆਰਾਂ ਮਹੀਨਿਆਂ ਵਿੱਚ ਹੀ ਫਲ ਲੱਗਣਾ ਸ਼ੁਰੂ ਹੋ ਗਿਆ ਸੀ। ਇਸ ਫਲ ਦੀ ਮਹੱਤਤਾ ਬਾਰੇ ਉਸ ਦਾ ਕਹਿਣਾ ਹੈ ਕਿ ਇਹ ਇੱਕ ਅਜਿਹਾ ਫਲ ਹੈ ਜਿਸ ਨੂੰ ਖਾਣ ਨਾਲ ਵਿਅਕਤੀ ਕਦੇ ਆਪਣੇ ਆਪ ਨੂੰ ਬਜ਼ੁਰਗ ਮਹਿਸੂਸ ਨਹੀਂ ਕਰਦਾ ਅਤੇ ਨਾ ਹੀ ਉਸਦੇ ਚਿਹਰੇ 'ਤੇ ਕਦੇ ਝੁਰੜੀਆਂ ਪੈਂਦੀਆਂ ਹਨ, ਸਗੋਂ ਹਮੇਸ਼ਾ ਉਸ ਦੇ ਚਿਹਰੇ 'ਤੇ ਨੂਰ ਰਹਿੰਦਾ ਹੈ ਤੇ ਛੇਤੀ ਕਦੇ ਕੋਈ ਬਿਮਾਰੀ ਵੀ ਨਹੀਂ ਲੱਗਦੀ। 

ਬਾਗਬਾਨ ਧੀਂਗੜਾ ਨੇ ਦੱਸਿਆ ਕਿ ਡਰੈਗਨ ਫਰੂਟ ਦੀਆਂ ਭਾਵੇਂ ਤਿੰਨ ਕਿਸਮਾਂ ਪਹਿਲੀ ਬਾਹਰੋਂ ਤੇ ਅੰਦਰੋਂ ਲਾਲ, ਦੂਸਰੀ ਕਿਸਮ ਬਾਹਰੋਂ ਲਾਲ ਤੇ ਅੰਦਰੋਂ ਚਿੱਟਾ ਤੇ ਤੀਸਰੀ ਕਿਸਮ ਬਾਹਰੋਂ ਪੀਲਾ ਤੇ ਅੰਦਰੋਂ ਕਰੀਮ ਦਾ ਹੁੰਦਾ ਹੈ। ਪਰ ਉਸ ਵੱਲੋਂ ਅਜੇ ਤੱਕ ਸਿਰਫ ਪਹਿਲੀਆਂ ਦੋ ਕਿਸਮਾਂ ਦੇ ਹੀ ਪੌਦੇ ਲਗਾਏ ਗਏ ਹਨ। ਇਨ੍ਹਾਂ ਦੀ ਕੀਮਤ ਬਾਰੇ ਉਨ੍ਹਾਂ ਦੱਸਿਆ ਕਿ ਪਹਿਲੀ ਕਿਸਮ ਦਾ ਫਲ 300 ਤੋਂ 350 ਰੁਪਏ, ਦੂਸਰੀ ਕਿਸਮ ਦਾ 150 ਤੋਂ 200 ਰੁਪਏ ਤੇ ਤੀਸਰੀ ਕਿਸਮ ਦਾ ਫਲ 800 ਤੋਂ 900 ਰੁਪਏ ਪ੍ਰਤੀ ਕਿੱਲੋ ਰੁਪਏ ਬਾਜ਼ਾਰ ਵਿੱਚ ਵਿਕਦਾ ਹੈ। ਡਰੈਗਨ ਫਰੂਟ ਨੂੰ ਉਗਾਉਣ ਬਾਰੇ ਜਾਣਕਾਰੀ ਦਿੰਦਿਆਂ ਬਾਗਬਾਨ ਧੀਂਗੜਾ ਨੇ ਦੱਸਿਆ ਕਿ ਇਸ ਨੂੰ ਉਗਾਉਣ ਲਈ ਖੇਤ ਵਿੱਚ ਪਿੱਲਰ ਗੱਡ ਕੇ ਇਸ ਦੇ ਆਸ-ਪਾਸ ਚਾਰੇ ਪਾਸੇ ਪੌਦੇ ਲਗਾਏ ਜਾਂਦੇ ਹਨ। 

ਬਾਗਬਾਨ ਨੇ ਇਹ ਵੀ ਦੱਸਿਆ ਕਿ ਇੰਗਲੈਂਡ ਦੀ ਕੋਵਂਟਰੀ ਯੂਨੀਵਰਸਿਟੀ ਤੋਂ ਐਮ.ਬੀ.ਏ ਪਾਸ ਉਨ੍ਹਾਂ ਦਾ ਨੌਜਵਾਨ ਸਪੁੱਤਰ ਯੁਵਰਾਜ ਵੀ ਨੌਕਰੀ ਕਰਨ ਦੀ ਬਿਜਾਏ ਉਨ੍ਹਾਂ ਨਾਲ ਹੀ ਖੇਤੀ ਵਿੱਚ ਸਹਿਯੋਗ ਕਰ ਰਿਹਾ ਹੈ। ਉਸ ਵੱਲੋਂ ਵਪਾਰਕ ਤੌਰ 'ਤੇ ਦਸ ਏਕੜ ਵਿੱਚ ਅਮਰੂਦ ਦੀਆਂ ਸੋਲ੍ਹਾਂ ਕਿਸਮਾਂ (ਥਾਈ ਸੇਵਨ, ਥਾਈ ਪਿੰਕ, ਐਪਲ ਕਰੋਸ, ਤਾਈਵਾਨ, ਹਿਸਾਰ ਸਫੈਦਾ, ਇਲਾਹਾਬਾਦੀ ਸਫੈਦਾ, ਅਰਕਾ ਅਮੁੱਲਿਆ, ਸਰਦਾਰ ਵਿਰਾਇਟੀ, ਬਰਫਖਾਨਾ ਅਤੇ ਐਲ-49 ਆਦਿ) ਦੀ ਖੇਤੀ ਕੀਤੀ ਜਾ ਰਹੀ ਹੈ। ਘਰੇਲੂ ਫਲਾਂ ਬਾਰੇ ਬਾਗਬਾਨ ਧੀਂਗੜਾ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਖੇਤ ਵਿੱਚ ਕਿੰਨੂ, ਕੁਰਮਾਨੀ, ਨਿੰਬੂ, ਅੰਬ, ਚੀਕੂ, ਆਲੂ-ਬੁਖਾਰਾ, ਫਾਲਸਾ, ਬੱਬੂਗੋਸ਼ਾ, ਕਠਲ, ਅਮਰੀਕਨ ਮਾਲਟਾ, ਏਵਾਕਾਡੋ, ਅੰਜੀਰ, ਬੇਲਗਿਰੀ, ਅਲੂਚਾ, ਆੜੂ, ਬੇਰ, ਜਾਮਨ, ਬਦਾਮ, ਸੀਤਾ ਫਲ, ਸੇਬ, ਅਤੇ ਖਜੂਰ ਆਦਿ ਫਲਾਂ ਦੇ ਪੌਦੇ ਵੀ ਲਗਾਏ ਗਏ ਹਨ। ਉਸ ਵੱਲੋਂ ਮਲਟੀ ਕਰੋਪਿੰਗ ਜਿਵੇਂ ਅਮਰੂਦ ਅਤੇ ਖਜੂਰ, ਡਰੈਗਨ, ਸੁਵਾਜਨਾ ਤੇ ਆਮਲਾ ਦੀ ਖੇਤੀ ਇਕੱਠੀ ਵੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਬੇਲੋੜੀਆਂ ਖਾਦਾਂ ਦੇ ਇਸਤੇਮਾਲ ਕਰਨ ਦੀ ਬਜਾਏ ਆਰਗੈਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦੇ ਖਰਚੇ ਘੱਟ ਅਤੇ ਆਮਦਨ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੇ ਗਏ ਫਲਾਂ ਨਾਲ ਸਰੀਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਅਤੇ ਇਸ ਦੀ ਮਾਰਕੀਟਿੰਗ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ। ਇਸ ਨੂੰ ਦੂਜੇ ਫਲਾਂ ਦੇ ਮੁਕਾਬਲੇ ਵਧੇਰੇ ਕੀਮਤ ਤੇ ਅਸਾਨੀ ਨਾਲ ਵੇਚਿਆ ਜਾ ਸਕਦਾ ਹੈ।