ਮੂਸਾ ਇੰਨ ਮੋਸ਼ਨ! ਹੁਣ ਕਿੱਥੇ ਫ਼ਟੇਗਾ ਹੈਂਡ ਗ੍ਰਨੇਡ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 06 2018 16:54

ਜ਼ਾਕਿਰ ਮੂਸਾ ਪੰਜਾਬ ਵਿੱਚ ਲੁਕਿਆ ਹੋਇਆ ਹੈ, ਇਹ ਖ਼ਬਰ ਪਹਿਲਾਂ ਵੀ ਸੁਣਨ ਨੂੰ ਮਿਲੀ ਸੀ। ਜਿਸ ਦਿਨ ਇਹ ਖ਼ਬਰ ਅਖ਼ਬਾਰਾਂ ਵਿੱਚ ਛਪੀ ਸੀ, ਉਸਦੇ ਚੰਦ ਹੀ ਘੰਟੇ ਬਾਅਦ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਸਥਿਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਧਮਾਕਾ ਹੋ ਗਿਆ ਸੀ। ਇਸ ਧਮਾਕੇ ਵਿੱਚ ਤਿੰਨ ਕੀਮਤੀ ਜਾਨਾਂ ਚਲੀਆਂ ਗਈਆਂ ਸਨ ਤੇ ਦੋ ਦਰਜਨ ਦੇ ਕਰੀਬ ਬੰਦੇ ਜ਼ਖਮੀ ਹੋ ਗਏ ਸਨ।

ਅਜੇ ਜਾਂਚ ਵੀ ਸ਼ੁਰੂ ਨਹੀਂ ਸੀ ਹੋਈ ਕਿ, ਸਾਡੇ ਸੂਬੇ ਦੇ ਪੁਲਿਸ ਮੁਖ਼ੀ ਨੇ ਪਹਿਲੋਂ ਹੀ ਬਿਆਨ ਦਾਗ ਦਿੱਤਾ ਸੀ ਕਿ, ਇਸ ਧਮਾਕੇ ਪਿੱਛੇ ਮੂਸਾ ਦਾ ਕੋਈ ਹੱਥ ਨਹੀਂ ਹੈ। ਹੋਇਆ ਵੀ ਉਹੀ ਜੋ ਪੁਲਿਸ ਮੁਖ਼ੀ ਨੇ ਦਾਅਵਾ ਕੀਤਾ ਸੀ, ਤੇ ਪੁਲਿਸ ਦੇ ਦਾਅਵੇ ਅਨੁਸਾਰ ਇਸ ਧਮਾਕੇ ਪਿੱਛੇ ਦੋ ਸਿੱਖ਼ ਨੌਜਵਾਨਾਂ ਦਾ ਹੱਥ ਹੋਣਾ ਪਾਇਆ ਗਿਆ, ਜਿਹਨਾਂ ਬਾਰੇ ਪੁਲਿਸ ਦਾ ਦਾਅਵਾ ਹੈ ਕਿ, ਉਹ ਖ਼ਾਲਿਸਤਾਨੀ ਹਨ।

ਦੋਸਤੋ, ਹੁਣ ਇੱਕ ਵਾਰ ਫ਼ਿਰ ਮੂਸਾ ਦੇ ਜ਼ਿਲ੍ਹਾ ਬਠਿੰਡਾ ਵਿੱਚ ਲੁਕੇ ਹੋਣ ਦਾ ਖ਼ੁਫ਼ੀਆ ਏਜੰਸੀਆਂ ਦਾ ਇੰਨਪੁੱਟ ਆਇਆ ਹੈ। ਇਸ ਵਾਰ ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ ਉਹ ਇਹ ਹੈ, ਖ਼ੁਫ਼ੀਆ ਏਜੰਸੀਆਂ ਨੇ ਮੂਸਾ ਦੀ ਜਿਹੜੀ ਫ਼ੋਟੋ ਜਾਰੀ ਕੀਤੀ ਹੈ, ਉਸਦੀ ਉਹ ਫ਼ੋਟੋ ਪੱਗ ਵਿੱਚ ਹੈ। ਯਾਨੀ ਕਿ, ਇਹ ਗੱਲ ਪੂਰੇ ਯਕੀਨ ਨਾਲ ਨਹੀਂ ਆਖ਼ੀ ਜਾ ਸਕਦੀ ਕਿ, ਆਉਣ ਵਾਲੇ ਦਿਨਾਂ ਵਿੱਚ ਪੱਗ ਇੱਕ ਵਾਰ ਮੁੜ ਸੁਰੱਖ਼ਿਆ ਤੇ ਖੁਫ਼ੀਆ ਤੰਤਰ ਦੇ ਨਿਸ਼ਾਨੇ ਤੇ ਨਹੀਂ ਹੋਵੇਗੀ, ਅਗਰ ਪੰਜਾਬ ਵਿੱਚ ਕੋਈ ਮੰਦਭਾਗੀ ਘਟਨਾ ਹੋ ਜਾਂਦੀ ਹੈ ਤਾਂ।

ਕਾਬਿਲ-ਏ-ਗੌਰ ਹੈ ਕਿ, ਸਾਡੇ ਦੇਸ਼ ਦੇ ਫ਼ੌਜੀ ਮੁਖ਼ੀ ਪਹਿਲਾਂ ਤੋਂ ਹੀ ਚੇਤਾਵਨੀਆਂ ਦੇ ਚੁੱਕੇ ਹਨ ਕਿ, ਦੇਸ਼ ਖ਼ਾਸ ਕਰਕੇ ਪੰਜਾਬ ਅੱਤਵਾਦੀਆਂ ਦੇ ਨਿਸ਼ਾਨੇ ਤੇ। ਉਹਨਾਂ ਨੇ ਪਹਿਲੀ ਵਾਰ ਇਹ ਚੇਤਾਵਨੀ ਜਾਰੀ ਕੀਤੀ ਸੀ ਤਾਂ ਅੰਮ੍ਰਿਤਸਰ ਵਿੱਚ ਬੰਬ ਫ਼ਟ ਗਿਆ ਸੀ, ਹੁਣ ਫ਼ਿਰ ਮੂਸੇ ਦੀ ਖ਼ਬਰ ਆਈ ਹੈ, ਪਤਾ ਨਹੀਂ ਹੁਣ ਕਿੱਥੇ ਕਹਿਰ ਵਰਤੇਗਾ? ਪਤਾ ਨਹੀਂ ਕਿਹੜੀਆਂ ਤੇ ਕਿੰਨੀਆਂ ਕੁ ਬੇਭਾਗ ਮਾਂਵਾਂ ਦੇ ਪੁੱਤਰ ਮਾਰੇ ਜਾਣਗੇ? ਖੁਦਾ ਖ਼ੈਰ ਕਰੇ, ਮੂਸਾ ਫ਼ਿਰ ਮੋਸ਼ਨ ਵਿੱਚ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।