​​​​​​​ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਲੀਡਰ ਚਲਾ ਦੇਣਗੇ ਮੀਟ-ਸ਼ਰਾਬ ਦੇ ਦੌਰ, ਅਗਰ.!!!

Last Updated: Dec 06 2018 13:45

ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦਸੰਬਰ ਦੇ ਅਖੀਰਲੇ ਹਫ਼ਤੇ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ, ਉਸ ਹਫ਼ਤੇ ਜਿਹੜਾ ਕਿ, ਸਿੱਖ ਇਤਿਹਾਸ ਵਿੱਚ ਬੇਹੱਦ ਵੈਰਾਗਮਈ ਹਫ਼ਤਾ ਮੰਨਿਆ ਜਾਂਦਾ ਹੈ। ਅਗਰ ਸਿੱਖ ਕੌਮ ਦੇ ਲੀਡਰ ਤੇ ਧਰਮ ਦੇ ਠੇਕੇਦਾਰ ਭੁੱਲੇ ਨਹੀਂ ਹੋਣਗੇ ਤਾਂ ਦਸੰਬਰ ਮਹੀਨੇ ਦਾ ਇਹ ਉਹੀ ਵੈਰਾਗਮਈ ਹਫ਼ਤਾ ਜਿਹੜਾ ਕਿ, ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਾ ਹੈ। 

ਸਦੀਆਂ ਤੋਂ ਸਿੱਖ ਕੌਮ ਇਸ ਹਫ਼ਤੇ ਨੂੰ ਵੈਰਾਗਮਈ ਹਫ਼ਤੇ ਦੇ ਤੌਰ ਤੇ ਮਨਾਉਂਦੀ ਆ ਰਹੀ ਹੈ। ਅੱਜ ਵੀ ਬਹੁਤ ਗਿਣਤੀ ਸਿੱਖ ਇਸ ਹਫ਼ਤੇ ਵਿਆਹ ਸ਼ਾਦੀਆਂ ਅਤੇ ਖ਼ੁਸ਼ੀ ਦੇ ਹੋਰ ਸਮਾਗਮ ਕਰਨ ਤੋਂ ਪਰਹੇਜ਼ ਹੀ ਕਰਦੇ ਹਨ। ਇੱਥੇ ਹੀ ਬੱਸ ਨਹੀਂ ਬਹੁਤੇ ਲੋਕ ਤਾਂ ਇਹਨਾਂ ਦਿਨਾਂ ਵਿੱਚ ਸੋਗ ਵਜੋਂ ਮੰਜੀਆਂ ਛੱਡ ਕੇ ਭੁੰਜੇ ਸੌਣ ਨੂੰ ਤਰਜ਼ੀਹ ਦਿੰਦੇ ਹਨ। 

ਹੁਣ ਆਪਾਂ ਗੱਲ ਕਰਦੇ ਹਾਂ, ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀ ਤਾਂ, ਚੋਣ ਕਮਿਸ਼ਨ ਦੇ ਫ਼ੈਸਲੇ ਮੁਤਾਬਿਕ ਇਹ ਚੋਣਾਂ ਵੀ ਦਸੰਬਰ ਦੇ ਅਖੀਰਲੇ ਹਫ਼ਤੇ ਵਿੱਚ ਹੀ ਕਰਵਾਈਆਂ ਜਾਣੀਆਂ ਹਨ। ਅੱਜ ਸ਼ਾਇਦ ਇਹ ਗੱਲ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਰਹੀ ਕਿ, ਇਹਨਾਂ ਚੋਣਾਂ ਵਿੱਚ ਪਿੰਡਾਂ ਵਿੱਚ ਕਿਹੋ ਜਿਹਾ ਮਹੌਲ ਹੁੰਦਾ ਹੈ। ਉਮੀਦਵਾਰ, ਵੋਟਰਾਂ ਨੂੰ ਲੁਭਾਉਣ ਲਈ ਚੋਣਾਂ ਵਾਲੇ ਦਿਨ ਤੋਂ ਪੰਦਰਾਂ ਦਿਨ ਪਹਿਲਾਂ ਹੀ ਮੀਟ-ਸ਼ਰਾਬ ਦੇ ਦੌਰ ਚਲਾਉਣੇ ਸ਼ੁਰੂ ਕਰ ਦਿੰਦੇ ਹਨ। 

ਗੱਲ ਕੀ, ਲੀਡਰਾਂ ਤੇ ਲੋਕਾਂ ਨੂੰ ਇੰਨਾ ਚਾਅ ਆਪਣੇ ਧੀ-ਪੁੱਤਰਾਂ ਜਾਂ ਭਰਾ-ਭਤੀਜਿਆਂ ਦੇ ਵਿਆਹ ਦਾ ਨਹੀਂ ਹੁੰਦਾ ਜਿੰਨਾ ਚਾਅ ਉਨ੍ਹਾਂ ਨੂੰ ਚੋਣਾਂ ਦਾ ਹੁੰਦਾ ਹੈ। ਸਿਆਸੀ ਪਾਰਟੀਆਂ ਦੇ ਲੀਡਰ ਇਹਨਾਂ ਦਿਨਾਂ ਵਿੱਚ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਮੁਰਗਿਆਂ ਤੇ ਬੱਕਰਿਆਂ ਦੀ ਕਤਲਗਾਹ ਤਾਂ ਬਣਾ ਕੇ ਰੱਖ ਹੀ ਦਿੰਦੇ ਹਨ, ਜਾਇਜ਼ ਤੇ ਨਜਾਇਜ਼ ਸ਼ਰਾਬ ਦੇ ਦਰਿਆ ਵੀ ਵਹਾ ਦਿੰਦੇ ਹਨ, ਵੋਟਾਂ ਜੁ ਲੈਣੀਆਂ ਹੁੰਦੀਆਂ ਹਨ ਉਨ੍ਹਾਂ ਨੇ ਲੋਕਾਂ ਦੀਆਂ। 

ਦੋਸਤੋ, ਗੱਲ ਕਰੀਏ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਤਾਂ, ਉਨ੍ਹਾਂ ਦਾ ਦਾਅਵਾ ਹੈ ਕਿ, ਉਨ੍ਹਾਂ ਨੇ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖ਼ਕੇ ਪੰਚਾਇਤੀ ਚੋਣਾਂ ਅੱਗੇ ਪਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਵੀ ਮੰਨਣਾ ਹੈ ਕਿ, ਇਹ ਚੋਣਾਂ ਦਸੰਬਰ ਦੇ ਅਖੀਰਲੇ ਹਫ਼ਤੇ ਹਰਗਿਜ਼ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਇਸ ਵੈਰਾਗਮਈ ਹਫ਼ਤੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਦੋਸਤੋ, ਇਸ ਗੱਲ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿ, ਅਗਰ, ਸਾਡੇ ਧਰਮ ਦੇ ਠੇਕੇਦਾਰਾਂ ਤੇ ਸਿੱਖ ਲੀਡਰਾਂ ਨੇ ਇਸ ਵੈਰਾਗਮਈ ਹਫ਼ਤੇ ਵਿੱਚ ਚੋਣਾਂ ਕਰਵਾਏ ਜਾਣ ਦਾ ਵਿਰੋਧ ਨਾ ਕੀਤਾ ਤਾਂ ਇੱਥੇ ਉਨ੍ਹਾਂ ਦਿਨਾਂ ਵਿੱਚ ਮੀਟ ਤੇ ਸ਼ਰਾਬ ਦੇ ਲੰਗਰ ਚੱਲ ਪੈਣਗੇ। ਵਾਹਿਗੁਰੂ ਸੁਮੱਤ ਬਖ਼ਸ਼ੇ ਪੰਜਾਬ ਸਰਕਾਰ ਤੇ ਇੱਥੋਂ ਦੇ ਚੋਣ ਕਮਿਸ਼ਨ ਨੂੰ ਵੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।