ਹੈ ਕਿਸੇ 'ਚ ਹਿੰਮਤ, ਜਿਹੜਾ ਕਰ ਸਕੇ ਮਿਲਾਵਟਖੋਰਾਂ ਦੀ ਚੈਕਿੰਗ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 06 2018 12:27

ਜਦੋਂ ਤਿਉਹਾਰਾਂ ਦੇ ਦਿਨ ਹੁੰਦੇ ਹਨ ਤਾਂ ਸਿਹਤ ਵਿਭਾਗ ਦੀਆਂ ਟੀਮਾਂ ਵੀ ਮਿਲਾਵਟਖੋਰਾਂ ਦੇ ਅੱਗੇ ਪਿੱਛੇ ਭੱਜਦੀਆਂ ਵਿਖਾਈ ਦਿੰਦੀਆਂ ਹਨ, ਪਰ ਜਦੋਂ ਤਿਉਹਾਰਾਂ ਦੇ ਦਿਨ ਲੰਘ ਜਾਂਦੇ ਹਨ ਤਾਂ ਵਿਭਾਗ ਦੀਆਂ ਟੀਮ ਸ਼ਾਂਤ ਹੋ ਕੇ ਦਫ਼ਤਰਾਂ ਵਿੱਚ ਬਹਿ ਜਾਂਦੀਆਂ ਹਨ। ਦੁਸਹਿਰੇ ਤੇ ਦੀਵਾਲੀ ਦੇ ਤਿਉਹਾਰਾਂ ਦੇ ਦਿਨ ਜਦੋਂ ਨੇੜੇ ਸਨ ਤਾਂ ਵਿਭਾਗ ਦੀਆਂ ਟੀਮਾਂ ਵੱਲੋਂ ਪੰਜਾਬ ਅੰਦਰ ਮਿਸ਼ਨ ਤੰਦਰੁਸਤ ਅਭਿਆਨ ਦੇ ਤਹਿਤ ਇੱਕ ਮੁਹਿੰਮ ਦਾ ਆਗਾਜ਼ ਕੀਤਾ, ਜਿਸ ਦੇ ਚੱਲਦਿਆਂ ਸਿਹਤ ਵਿਭਾਗ ਨੇ ਦਰਜਨਾਂ ਹੀ ਮਿਲਾਵਟਖੋਰਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਇਲਾਵਾ ਜੁਰਮਾਨੇ ਕੀਤੇ। 

ਪਰ..!! ਜਿਵੇਂ ਹੀ ਦੁਸਹਿਰੇ ਅਤੇ ਦੀਵਾਲੀ ਦਾ ਤਿਉਹਾਰ ਲੰਘਿਆ ਸਿਹਤ ਵਿਭਾਗ ਦੀ ਟੀਮ ਨੇ ਆਪਣੀ ਮੁਹਿੰਮ ਨੂੰ ਮੱਠੀ ਕਰ ਦਿੱਤਾ ਅਤੇ ਇਨ੍ਹਾਂ ਦਿਨਾਂ ਦੇ ਅੰਦਰ ਨਾ ਤਾਂ ਸਿਹਤ ਵਿਭਾਗ ਦੇ ਵੱਲੋਂ ਮਿਲਾਵਟਖੋਰਾਂ ਦੇ ਸੈਂਪਲ ਭਰੇ ਜਾ ਰਹੇ ਹਨ ਅਤੇ ਨਾ ਹੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਕਾਰਨ ਹੁਣ ਮਿਲਾਵਟਖੋਰ ਬਿਨ੍ਹਾਂ ਕਿਸੇ ਡਰ ਤੋਂ ਆਪਣੀਆਂ ਹੱਟੀਆਂ ਚਲਾ ਰਹੇ ਹਨ। ਦਰਅਸਲ, ਸਿਹਤ ਵਿਭਾਗ ਦੀ ਨੀਂਦ ਹੀ ਉਦੋਂ ਖੁੱਲਦੀ ਹੈ, ਜਦੋਂ ਮਾਣਯੋਗ ਹਾਈਕੋਰਟ ਕੋਰਟ ਜਾਂ ਫਿਰ ਸਰਕਾਰ ਦਾ ਕੋਈ ਫੁਰਮਾਨ ਜਾਰੀ ਹੁੰਦਾ ਹੈ। 

ਉਸ ਤੋਂ ਪਹਿਲੋਂ ਸਿਹਤ ਵਿਭਾਗ ਕਦੇ ਵੀ ਕੋਈ ਕਾਰਵਾਈ ਕਰਦਾ ਵਿਖਾਈ ਨਹੀਂ ਦਿੰਦਾ। ਜੇਕਰ ਇਨ੍ਹਾਂ ਦਿਨਾਂ ਦੀ ਗੱਲ ਕਰੀਏ ਤਾਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਪਰ ਸਿਹਤ ਵਿਭਾਗ ਨੂੰ ਲੋਕਾਂ ਦੀ ਜਾਨ ਦੀ ਭੋਰਾ ਵੀ ਫਿਕਰ ਨਹੀਂ ਹੈ। ਮਿਲਾਵਟਖੋਰ ਖੁੱਲ੍ਹੇਆਮ ਵਿਆਹ ਲਈ ਮਠਿਆਈਆਂ ਲੈਣ ਵਾਲੇ ਲੋਕਾਂ ਨੂੰ ਸਮਾਨ ਦੇ ਰਹੇ ਹਨ, ਪਰ ਇਸ ਵੱਲ ਵਿਭਾਗ ਦੀ ਅੱਖ ਨਹੀਂ ਜਾ ਰਹੀ ਖੌਰੇ ਕਿਉਂ? ਲੱਗਦਾ ਤਾਂ ਇੰਝ ਪਿਆ ਹੈ ਕਿ ਜਿੰਨਾਂ ਚਿਰ ਪੰਜਾਬ ਅੰਦਰ ਕੋਈ ਮਠਿਆਈ ਨਾਲ ਮੌਤ ਦੀ ਖ਼ਬਰ ਸਿਹਤ ਵਿਭਾਗ ਦੀਆਂ ਕੰਨਾਂ ਵਿੱਚ ਨਾ ਪਈ, ਉਦੋਂ ਤੱਕ ਵਿਭਾਗ ਨੇ ਕੋਈ ਕਾਰਵਾਈ ਨਹੀਂ ਕਰਨੀ। 

ਜੇਕਰ ਮਿਲਾਵਟੀ ਮਠਿਆਈਆਂ 'ਤੇ ਕੁਝ ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਇੱਕ ਗਹਿਰਾ ਦੋਸ਼ ਹੈ ਕਿ ਮਠਿਆਈ ਵਿਕਰੇਤਾਵਾਂ ਦੇ ਵੱਲੋਂ ਵਿਆਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲੋਂ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੂੰਹ ਪੈਸੇ ਨਾਲ ਬੰਦ ਕਰ ਦਿੱਤੇ ਗਏ ਹਨ, ਜਿਸ ਦੇ ਕਾਰਨ ਕੋਈ ਵੀ ਸਿਹਤ ਵਿਭਾਗ ਦਾ ਅਧਿਕਾਰੀ ਮਠਿਆਈ ਵਿਕਰੇਤਾਵਾਂ ਦੀ ਮਠਿਆਈ ਚੈੱਕ ਕਰਨ ਦੀ ਹਿੰਮਤ ਨਹੀਂ ਸਮਝਦਾ। ਸੂਤਰਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਢਿੱਲ ਦੇ ਕਾਰਨ ਅੱਜ ਹਰ ਗਲੀ ਮੁਹੱਲੇ ਅਤੇ ਸਰਹੱਦੀ ਪਿੰਡਾਂ ਵਿੱਚ ਖੁੱਲੇਆਮ ਮਿਲਾਵਟੀ ਮਠਿਆਈ ਦੀ ਵਿਕਰੀ ਹੋ ਰਹੀ ਹੈ।

ਦੱਸ ਦਈਏ ਕਿ ਜਦੋਂ ਪਟਿਆਲਾ ਅਤੇ ਹੋਰ ਪੰਜਾਬ ਦੇ ਸ਼ਹਿਰ ਵਿੱਚ ਪੁਲਿਸ ਅਤੇ ਉੱਚ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀਆਂ ਹੋਈਆਂ ਸਨ ਤਾਂ ਉਦੋਂ ਸਿਹਤ ਵਿਭਾਗ ਪੰਜਾਬ ਜਾਗਿਆ ਸੀ ਅਤੇ ਡੇਅਰੀਆਂ ਵਾਲਿਆਂ ਤੋਂ ਇਲਾਵਾ ਮਠਿਆਈ ਵਿਕਰੇਤਾਵਾਂ ਦੇ ਖਿਲਾਫ ਕਾਰਵਾਈ ਆਰੰਭੀ ਸੀ, ਪਰ ਜਿਵੇਂ ਜਿਵੇਂ ਪੁਰਾਣੇ ਮਿਲਾਵਟੀ ਮਠਿਆਈ ਦੇ ਮਾਮਲੇ ਠੰਡੇ ਪੈਂਦੇ ਗਏ, ਸਿਹਤ ਵਿਭਾਗ ਨੇ ਵੀ ਆਪਣੀ ਮੁਹਿੰਮ ਦੀ ਰਫ਼ਤਾਰ ਘਟਾ ਦਿੱਤੀ। ਹੁਣ ਤਾਂ ਸਿਹਤ ਵਿਭਾਗ ਦੇ ਅਧਿਕਾਰੀ ਜਾਂ ਫਿਰ ਕਰਮਚਾਰੀ ਕਿਸੇ ਵੀ ਬਜ਼ਾਰ ਵਿੱਚ ਮਠਿਆਈ ਵਿਕਰੇਤਾਵਾਂ ਦੀ ਚੈਕਿੰਗ ਕਰਦੇ ਨਜ਼ਰੀ ਨਹੀਂ ਆਉਂਦੇ। 

ਦੋਸਤੋਂ, ਜੇਕਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਜਾਂਦੇ ਫ਼ਰਮਾਨਾਂ ਦੀ ਗੱਲ ਕਰੀਏ ਤਾਂ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਖੁੱਲ੍ਹੇ ਵਿੱਚ ਬਣਾਉਣਾ ਅਤੇ ਵੇਚਣਾ ਪਾਬੰਦੀ ਹੈ, ਪਰ ਵਿਭਾਗੀ ਅਧਿਕਾਰੀਆਂ ਦਾ ਮਿਲਾਵਟਖੋਰਾਂ 'ਤੇ ਹੱਥ ਹੋਣ ਦੇ ਕਾਰਨ ਅੱਜ ਵੀ ਸੂਬੇ ਭਰ ਦੇ ਅੰਦਰ ਖੁੱਲੇਆਮ ਖਾਣ ਪੀਣ ਵਾਲੀਆਂ ਵਸਤੂਆਂ ਬਣਾਈਆਂ ਜਾ ਰਹੀਆਂ ਅਤੇ ਵੇਚੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਲਵਾਈ ਦੀ ਦੁਕਾਨ ਚਲਾਉਣ ਵਾਲੇ ਕਾਨੂੰਨ ਨੂੰ ਟਿੱਚ ਸਮਝਦੇ ਹਨ ਅਤੇ ਸਿਹਤ ਵਿਭਾਗ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਖੁੱਲ੍ਹੇ ਆਸਮਾਨ ਵਿੱਚ ਬਣਾ ਅਤੇ ਵੇਚ ਰਹੇ ਹਨ। 

'ਨਿਊਜ਼ਨੰਬਰ' ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮਾਂ ਵੱਲੋਂ ਜਲਦੀ ਹੀ ਮਿਲਾਵਟਖੋਰਾਂ ਦੇ ਖਿਲਾਫ ਇੱਕ ਅਭਿਆਨ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਮਿਸ਼ਨ ਤੰਦਰੁਸਤ ਮੁਹਿੰਮ ਨੂੰ ਹੋਰ ਕਾਮਯਾਬ ਬਣਾਉਣ ਦੇ ਲਈ ਹੁਣ ਵੀ ਉਨ੍ਹਾਂ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਜਾਵੇਗਾ। ਸੋ ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਇਨ੍ਹਾਂ ਦਿਨਾਂ ਅੰਦਰ ਖੁੱਲੇਆਮ ਮਿਲਾਵਟੀ ਮਠਿਆਈ ਵੇਚ ਰਹੇ ਮਿਲਾਵਟਖੋਰਾਂ ਦੇ ਖਿਲਾਫ ਵਿਭਾਗ ਕਦੋਂ ਕਾਰਵਾਈ ਕਰਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।