Loading the player...

ਬੋਰਡਰ ਫਿਲਮ ਦੇ ਅਸਲੀ ਹੀਰੋਆਂ ਨੇ ਮਨਾਇਆ ਲੌਂਗੋਵਾਲ ਜਿੱਤ ਦਾ ਜਸ਼ਨ (ਨਿਊਜ਼ਨੰਬਰ ਖਾਸ ਖ਼ਬਰ)

Last Updated: Dec 05 2018 18:54

1971 'ਚ ਹੋਈ ਭਾਰਤ ਪਾਕਿਸਤਾਨ ਜੰਗ ਵੇਲੇ ਪਾਕਿਸਤਾਨੀ ਫ਼ੌਜ ਦੇ ਦੰਦ ਖਟੇ ਕਰਨ ਵਾਲੇ ਲੌਂਗੋਵਾਲ ਪੋਸਟ ਤੇ ਤੈਨਾਤ ਸਾਬਕਾ ਫ਼ੌਜੀਆਂ ਵੱਲੋਂ ਅੱਜ ਜਿੱਤ ਦਾ ਜਸ਼ਨ ਮਨਾਇਆ ਗਿਆ। 23 ਪੰਜਾਬ ਰੇਜਿਮੇੰਟ ਦੇ ਇਨ੍ਹਾਂ ਬਹਾਦੁਰ ਯੋਧਿਆਂ ਨੇ ਇਸ ਮੌਕੇ ਜਿੱਥੇ ਆਪਣੇ ਸੁਖ ਦੁੱਖ ਸਾਂਝੇ ਕੀਤੇ ਉੱਥੇ ਹੀ ਪਾਕਿਸਤਾਨੀ ਫ਼ੌਜ ਦੀ ਹਾਰ ਦਾ ਜਸ਼ਨ ਮਨਾਉਂਦੇ ਹੋਏ ਭੰਗੜਾ ਪਾਇਆ। ਦੱਸਦੇ ਚੱਲੀਏ ਕਿ 1971 ਵਿਖੇ ਪਾਕਿਸਤਾਨ ਨਾਲ ਹੋਈ ਜੰਗ ਵਿੱਚ ਲੌਂਗੋਵਾਲ ਪੋਸਟ ਤੇ ਤੈਨਾਤ 120 ਫ਼ੌਜੀਆਂ ਤੇ ਭਾਰਤੀ ਸਿਨੇਮਾ ਵੱਲੋਂ ਬੋਰਡਰ ਨਾਮ ਦੀ ਫਿਲਮ ਵੀ ਬਣਾਈ ਗਈ ਹੈ ਜਿਸ ਵਿੱਚ ਉਸ ਵੇਲੇ ਹੋਈਆਂ ਘਟਨਾਵਾਂ ਨੂੰ ਬਹੁਤ ਹੀ ਖ਼ੂਬੀ ਨਾਲ ਦਰਸ਼ਾਇਆ ਗਿਆ ਹੈ। ਜਿਸ ਨੂੰ ਵੇਖ ਅੱਜ ਵੀ ਭਾਰਤੀ ਫ਼ੌਜ ਅਤੇ ਦੇਸ਼ ਦੇ ਲੋਕ ਆਪਣੇ ਆਪ ਤੇ ਮਾਨ ਕਰਦੇ ਹਨ ਕਿ ਉਨ੍ਹਾਂ ਦੇ ਸੀਮਾ ਪਹਰੀ ਅਜਿਹੇ ਹਨ ਜਿਨ੍ਹਾਂ ਨੂੰ ਫ਼ੌਜ ਦੇ ਅਧਿਕਾਰੀਆਂ ਵੱਲੋਂ ਪੋਸਟ ਛੱਡਣ ਲਈ ਬੋਲ ਦਿੱਤਾ ਗਿਆ ਪਰ ਉਨ੍ਹਾਂ ਦੇ ਦੁਸ਼ਮਣ ਦੀਆਂ ਅੱਖਾਂ ਵਿੱਚ ਅੱਖਾਂ ਪਾ ਸਾਰੀ ਦੁਨੀਆ ਨੂੰ ਦਸ ਦਿੱਤਾ ਕਿ ਉਹ ਉਸ ਪਾਤਸ਼ਾਹੀ ਤੇ ਯਕੀਨ ਕਰਦੇ ਨੇ ਜਿਨ੍ਹਾਂ ਨੇ ਕਿਹਾ ਸੀ 'ਸਵਾ ਲੱਖ ਸੇ ਇੱਕ ਲੜਾਊਂ ਤਭੇ ਗੋਬਿੰਦ ਸਿੰਘ ਨਾਮ ਕਹਾਊਂ'। 

ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਪਠਾਨਕੋਟ ਵਿਖੇ ਜਿੱਤ ਦਾ ਜਸ਼ਨ ਮਨਾਉਣ ਪਹੁੰਚੇ ਇਹਨਾਂ ਅਸਲ ਜ਼ਿੰਦਗੀ ਦੇ ਹੀਰੋਆਂ ਨਾਲ ਜਦ ਨਿਊਜ਼ਨੰਬਰ ਦੀ ਟੀਮ ਨੇ ਜਦ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੌਂਗੋਵਾਲ ਵਿਖੇ ਹੋਏ ਹਮਲੇ ਦੇ ਸਮੇਂ ਪੋਸਟ ਤੇ ਉਨ੍ਹਾਂ ਦੀ ਗਿਣਤੀ ਸਿਰਫ਼ 120 ਸੀ, ਜਦਕਿ ਪਾਕਿਸਤਾਨੀ ਫ਼ੌਜ ਵੱਲੋਂ 45 ਟੈਂਕਾਂ ਨਾਲ ਉਨ੍ਹਾਂ ਦੀ ਪੋਸਟ ਉੱਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਪਿੱਛੇ ਹਟਣ ਦੇ ਹੁਕਮ ਦਿੱਤੇ ਸਨ ਪਰ ਉਨ੍ਹਾਂ ਦੇ ਅਧਿਕਾਰੀ ਚੰਦ ਪੂਰੀ ਨੇ ਡਟ ਕੇ ਮੁਕਾਬਲਾ ਕਰਨ ਦੀ ਗੱਲ ਕਹੀ ਸੀ, ਜਿਸ ਦੇ ਚਲਦੇ ਸਾਡੇ ਸਾਰੇ ਸਾਥੀਆਂ ਵੱਲੋਂ ਉਨ੍ਹਾਂ ਦਾ ਸਾਥ ਦਿੰਦੇ ਹੋਏ ਪਾਕਿਸਤਾਨੀ ਫ਼ੌਜ ਨਾਲ ਲੜਨ ਦਾ ਫੈਸਲਾ ਲਿਆ ਗਿਆ ਸੀ। ਜਿਸ ਦੇ ਨਤੀਜਾ ਸਦਕਾ ਸਾਡੇ 120 ਸਾਥੀਆਂ ਨੇ ਸਵੇਰ ਤਕ ਪਾਕਿਸਤਾਨੀ ਫ਼ੌਜ ਅਤੇ ਟੈਂਕ ਰੇਜਿਮੇੰਟ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਭਾਰਤੀ ਫ਼ੌਜ ਦਾ ਨਾਮ ਸਾਰੀ ਦੁਨੀਆ ਵਿੱਚ ਚਮਕਾਇਆ। 

1971 'ਚ ਲੌਂਗੋਵਾਲ ਵਿਖੇ ਹੋਈ ਭਾਰਤੀ ਫ਼ੌਜ ਦੀ ਜਿੱਤ ਦੇ ਜਸ਼ਨ 'ਚ ਸ਼ਾਮਲ ਹੋਏ ਸ਼ਹੀਦ ਸੈਨਿਕ ਸੁਰੱਖਿਆ ਪ੍ਰੀਸ਼ਦ ਦੇ ਆਗੂਆਂ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਅੱਜ ਉਨ੍ਹਾਂ ਨੂੰ ਦੇਸ਼ ਦੇ ਉਨ੍ਹਾਂ ਜਾਬਾਜ ਸਿਪਾਹੀਆਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਨੇ ਘਟ ਗਿਣਤੀ ਹੋਣ ਦੇ ਬਾਵਜੂਦ ਇਤਿਹਾਸ ਰਚਦੇ ਹੋਏ ਪਾਕਿਸਤਾਨੀ ਫ਼ੌਜ ਨੂੰ ਵਾਪਸ ਪਰਤਣ ਤੇ ਮਜਬੂਰ ਕਰ ਦਿੱਤਾ ਸੀ।