ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਟੁੱਟਾ ਬਰਗਾੜੀ ਦਾ ਮੋਰਚਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 05 2018 15:59

ਅਕਾਲੀ ਦਲ ਬਾਦਲ ਦੇ ਵਿਰੋਧ ਅਤੇ ਮੌਜੂਦਾ ਕਾਂਗਰਸ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਰਗਾੜੀ ਦਾ ਮੋਰਚਾ ਜਿਉਂ ਦਾ ਤਿਉਂ ਜਾਰੀ ਹੈ। ਮੌਜੂਦਾ ਤੇ ਸਾਬਕਾ ਸਰਕਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਲਿਆ ਲੇਕਿਨ ਮੁਤਵਾਜ਼ੀ ਜੱਥੇਦਾਰ ਟੱਸ ਤੋਂ ਮੱਸ ਨਹੀਂ ਹੋਏ। ਕਿਸੇ ਨੇ ਉਨ੍ਹਾਂ ਨੂੰ ਅੱਤਵਾਦੀ ਦੱਸਿਆ ਤੇ ਕਿਸੇ ਨੇ ਆਈ.ਐੱਸ.ਆਈ. ਦੇ ਏਜੰਟ ਪਰ ਮੁਤਵਾਜ਼ੀ ਜੱਥੇਦਾਰ ਤੇ ਉਨ੍ਹਾਂ ਦੀਆਂ ਹਮ ਖ਼ਿਆਲੀ ਜੱਥੇਬੰਦੀਆਂ ਦਾ ਸਿਦਕ ਨਹੀਂ ਡੋਲਿਆ। 

ਜਾਣਕਾਰਾਂ ਅਨੁਸਾਰ, ਵਿਰੋਧੀ ਤੇ ਸੱਤਾਧਾਰੀਆਂ ਨੇ ਬਥੇਰੀ ਕੋਸ਼ਿਸ਼ ਕੀਤੀ ਕਿ, ਆਮ ਲੋਕ ਬਰਗਾੜੀ ਮੋਰਚੇ ਤੋਂ ਦੂਰ ਰਹਿਣ ਲੇਕਿਨ ਲੋਕਾਂ ਦੀ ਗਿਣਤੀ ਘਟਣ ਦੀ ਥਾਂ ਤੇ ਲਗਾਤਾਰ ਵਧਦੀ ਹੀ ਰਹੀ। ਇੱਥੋਂ ਤੱਕ ਕਿ, ਇਲਜ਼ਾਮਾਂ ਅਨੁਸਾਰ ਅਕਾਲੀਆਂ ਤੇ ਕਾਂਗਰਸੀਆਂ ਨੇ ਬਰਗਾੜੀ ਵਿੱਚ 7 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਨੂੰ ਤਾਰਪੀਡੋ ਕਰਨ ਲਈ ਉਸੇ ਦਿਨ ਆਪੋ ਆਪਣੀਆਂ ਮੀਟਿੰਗਾਂ ਰੱਖ ਕੇ ਉੱਥੇ ਸ਼ਰਾਬ ਦੇ ਲੰਗਰ ਵੀ ਚਲਾਏ ਮੁੱਲ ਦੇ ਬੰਦੇ ਵੀ ਸੱਦੇ, ਅਗਰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓਜ਼ ਗਲਤ ਨਹੀਂ ਹਨ ਤਾਂ, ਪਰ ਬਾਵਜੂਦ ਇਸਦੇ ਉਹ ਬਰਗਾੜੀ ਮੋਰਚੇ ਨੂੰ ਮਾਤ ਨਹੀਂ ਪਾ ਸਕੇ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਕਾਲੀਆਂ ਤੇ ਕਾਂਗਰਸੀਆਂ ਦੇ ਪੱਲੇ ਸਿਵਾਏ ਬਦਨਾਮੀ ਕੁਝ ਵੀ ਪੱਲੇ ਨਹੀਂ ਪਿਆ। 

ਗੱਲ ਕਰੀਏ ਅਗਰ ਟਕਸਾਲੀ ਅਕਾਲੀਆਂ ਦੀ ਤਾਂ, ਬਰਗਾੜੀ ਮੋਰਚੇ ਦੇ ਨਾਲ ਨਾਲ ਉਨ੍ਹਾਂ ਨੇ ਅਕਾਲੀਆਂ ਦੇ ਨੱਕ ਵਿੱਚ ਧੂੰਆਂ ਲਿਆਣ ਦਿੱਤਾ ਹੈ। ਬਰਗਾੜੀ ਮੋਰਚੇ ਨਾਂ ਤਾਂ ਕੀ ਟੁੱਟਣਾ ਸੀ, ਬਾਦਲ ਦਲੀਆਂ ਨੂੰ ਆਪਣਾ ਬੇੜਾ ਵੀ ਡੁੱਬਦਾ ਹੋਇਆ ਨਜ਼ਰ ਆ ਰਿਹਾ ਹੈ। ਵੱਡੇ ਤੇ ਛੋਟੇ ਬਾਦਲਾਂ ਦੇ ਐੱਸ.ਆਈ.ਟੀ. ਵੱਲੋਂ ਬਿਆਨ ਦਰਜ ਕੀਤੇ ਜਾ ਚੁੱਕੇ ਹਨ, ਸੁਮੈਧ ਸੈਣੀ ਨੇ ਉਨ੍ਹਾਂ ਦੇ ਖਿਲਾਫ਼ ਵੱਖਰਾ ਮੋਰਚਾ ਖ਼ੋਲ ਰੱਖਿਆ ਹੈ, ਟਕਸਾਲੀਆਂ ਨੇ ਜੀਣਾਂ ਦੁੱਭਰ ਕੀਤਾ ਹੋਇਆ ਹੈ, ਉਹ ਵੱਖਰਾ।

ਗੱਲ ਕਰੀਏ ਅਗਰ ਗੋਲੀਕਾਂਡ ਤੇ ਬੇਅਦਬੀਆਂ ਦੀ ਤਾਂ, ਲੰਘੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਦੱਸਿਆ ਜਾਂਦੈ ਕਿ, ਜੱਥੇਦਾਰ ਮੰਡ ਦੇ ਬਿਆਨ ਲੈਣ ਲਈ ਐੱਸ.ਆਈ.ਟੀ. ਵਾਲੇ ਬਰਗਾੜੀ ਮੋਰਚੇ ਵਿੱਚ ਹੀ ਗਏ ਸਨ। ਇੱਥੇ ਇਹ ਕਾਬਿਲ-ਏ-ਗੌਰ ਹੈ ਕਿ, ਜੱਥੇਦਾਰਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ, ਉਹ ਕਿਸੇ ਵੀ ਹਾਲਤ ਵਿੱਚ ਬਰਗਾੜੀ ਨੂੰ ਨਹੀਂ ਛੱਡਣਗੇ, ਸ਼ਾਇਦ ਇਹੀ ਕਾਰਨ ਹੈ ਕਿ ਐੱਸ.ਆਈ.ਟੀ. ਨੂੰ ਖ਼ੁਦ ਚੱਲ ਕੇ ਬਰਗੜੀ ਜਾਣਾ ਪਿਆ। 

ਇੱਥੇ ਇਹ ਵੀ ਦੱਸਣਯੋਗ ਹੈ ਕਿ, ਐੱਸ.ਆਈ.ਟੀ. ਭਾਈ ਪੰਥਪ੍ਰੀਤ ਸਿੰਘ, ਮੁਤਵਾਜ਼ੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜੱਥੇਦਾਰ ਅਮਰੀਕ ਸਿੰਘ ਅਜਨਾਲਾ ਦੇ ਬਿਆਨ ਪਹਿਲਾਂ ਹੀ ਦਰਜ ਕਰ ਚੁੱਕੀ ਹੈ। ਇਸਦੇ ਨਾਲ ਹੀ ਜੱਥੇਦਾਰ ਮੰਡ ਨੇ ਸਾਫ਼ ਕਰ ਦਿੱਤਾ ਹੈ ਕਿ, ਜਦੋਂ ਤੱਕ ਬੇਅਦਬੀਆਂ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਦੇ ਦਿੱਤੀਆਂ ਜਾਂਦੀਆਂ, ਬਰਗਾੜੀ ਮੋਰਚਾ ਜਾਰੀ ਰਹੇਗਾ। ਗੱਲ ਕੀ ਸਾਬਕਾ ਤੇ ਮੌਜੂਦਾ ਸਰਕਾਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਰਗਾੜੀ ਮੋਰਚਾ ਨਹੀਂ ਟੁੱਟਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।