ਕੀ ਪੈਸੇ ਨਾਲ ਹੀ ਲੋਕਾਂ ਦਾ ਰਹਿ ਗਿਐ ਅੱਜ ਕੱਲ੍ਹ ਰਿਸ਼ਤਾ.? (ਨਿਊਜ਼ਨੰਬਰ ਖਾਸ ਖਬਰ)

Last Updated: Dec 05 2018 15:17

ਭਾਵੇਂ ਹੀ ਅਸੀਂ 21ਵੀਂ ਸਦੀ ਵਿੱਚ ਪਹੁੰਚ ਚੁੱਕੇ ਹਨ ਅਤੇ ਦਿਨ ਪ੍ਰਤੀ ਦਿਨ ਨਿੱਤ ਨਵੀਆਂ ਖੋਜ਼ਾਂ ਕਰ ਰਹੇ ਹਨ, ਪਰ ਫਿਰ ਵੀ ਸਾਡੀ ਨਿਗਾਹ ਇੱਕੋਂ  ਚੀਜ਼ 'ਤੇ ਟਿਕੀ ਹੋਈ ਹੈ, ਉਹ ਚੀਜ਼ ਹੈ ''ਪੈਸਾ''!! ਜੀ ਹਾਂ, ਅੱਜ ਦੇ ਜ਼ਮਾਨੇ ਵਿੱਚ ਤਾਂ ਪੈਸਾ ਹੀ ਭੈਣ ਹੈ ਅਤੇ ਪੈਸਾ ਹੀ ਭਰਾ ਹੈ। ਕਿਉਂਕਿ ਜ਼ਮਾਨੇ ਦੇ ਹਿਸਾਬ ਨਾਲ ਵੇਖੀਏ ਤਾਂ ਪੈਸੇ ਨਾਲ ਰਿਸ਼ਤੇ ਨਾਤੇ ਭੈਣ ਭਰਾ ਸਭ ਖਰੀਦੇ ਜਾਂ ਸਕਦੇ ਹਨ। ਵੇਖਿਆ ਜਾਵੇ ਤਾਂ ਅੱਜ ਕੱਲ੍ਹ ਤਾਂ ਪੈਸਾ ਉਹ ਸ਼ੈਅ ਬਣ ਚੁੱਕਿਆ ਹੈ, ਜਿਸ ਨੇ ਆਪਣਿਆਂ ਹੱਥੋਂ ਆਪਣੇ ਹੀ ਮਰਵਾਉਣ ਦਾ ਕੰਮ ਕੀਤਾ ਹੈ। 

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਕਈ ਵਾਰ ਟੀਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਪੜ੍ਹਣ ਅਤੇ ਸੁਣਨ ਨੂੰ ਮਿਲਦਾ ਹੈ ਕਿ ਪੁੱਤ ਨੇ ਪੈਸੇ ਖਾਤਰ ਬਾਪ ਦਾ ਕਤਲ ਕਰ ਦਿੱਤਾ ਹੈ ਅਤੇ ਕਦੀ ਇਹ ਵੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਬਾਪ ਨੇ ਪੈਸਿਆਂ ਖਾਤਰ ਪੁੱਤਰ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਕਦੇ ਕਦੇ ਤਾਂ ਅਜਿਹੀਆਂ ਖਬਰਾਂ ਸੁਣ ਕੇ ਮਨ ਬਹੁਤ ਉਦਾਸ ਹੁੰਦਾ ਹੈ ਕਿ ਕੀ ਅੱਜ ਕੱਲ੍ਹ ਪੈਸੇ ਨਾਲ ਹੀ ਲੋਕਾਂ ਦਾ ਰਿਸ਼ਤਾ ਰਹਿ ਗਿਆ ਹੈ? ਵੇਖਿਆ ਜਾਵੇ ਤਾਂ ਪੈਸੇ ਨੇ ਭਰਾਵਾਂ ਅਤੇ ਹੋਰ ਰਿਸ਼ਤਿਆਂ ਵਿੱਚ ਪਾੜ ਜਿਹਾ ਪਾ ਕੇ ਰੱਖ ਦਿੱਤਾ ਹੈ, ਜੋ ਲੱਗ ਨਹੀਂ ਰਿਹਾ ਕਿ ਪਾੜ ਛੇਤੀ ਮਿੱਟ ਜਾਵੇਗਾ। 

ਦਰਅਸਲ, ਜਿਹੜੇ ਤਾਜ਼ਾ ਮਾਮਲੇ ਦੀ ਅੱਜ ਮੈਂ ਇਸ ਲੇਖ ਵਿੱਚ ਗੱਲ ਕਰਨ ਜਾ ਰਿਹਾ ਹਾਂ, ਉਹ ਮਾਮਲਾ ਵੀ ਪੈਸੇ ਅਤੇ ਖੂਨ ਦੇ ਗਹਿਰੇ ਰਿਸ਼ਤੇ ਨਾਲ ਜੁੜਿਆ ਹੋਇਆ ਹੈ। ਦੋਸਤੋਂ, ਤੁਸੀਂ ਭਰਾ ਹੱਥੋਂ ਭਰਾ ਅਤੇ ਪਿਤਾ ਹੱਥੋਂ ਪੁੱਤਰ ਜਾਂ ਫਿਰ ਪੁੱਤਰ ਹੱਥੋਂ ਪਿਓ ਜਾਂ ਮਾਂ ਦਾ ਕਤਲ ਹੋਣ ਦੀਆਂ ਤਾਂ ਖਬਰਾਂ ਸੁਣੀਆਂ ਅਤੇ ਪੜ੍ਹੀਆਂ ਜਰੂਰ ਹੋਣਗੀਆਂ, ਪਰ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਬੀਤੇ ਦਿਨ ਇੱਕ ਭੈਣ ਵੱਲੋਂ ਆਪਣੇ ਪਤੀ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਆਪਣੇ ਹੀ ਭਰਾ 'ਤੇ ਡੀਜ਼ਲ ਪਾ ਕੇ ਉਸ ਨੂੰ ਸਾੜਣ ਤੋਂ ਇਲਾਵਾ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। 

ਮਾਮਲਾ ਕੁਝ ਇਸ ਤਰ੍ਹਾਂ ਸੀ ਕਿ ਇੱਕ ਭਰਾ ਨੇ ਆਪਣੀ ਭੈਣ ਅਤੇ ਜ਼ੀਜੇ ਨੂੰ ਲੱਖ ਰੁਪਇਆ ਉਧਾਰਾ ਦਿੱਤਾ ਸੀ, ਜਦੋਂ ਉਹ ਪੈਸੇ ਮੰਗਦਾ ਤਾਂ ਭੈਣ ਅਤੇ ਜੀਜਾ ਰੌਲਾ ਪਾ ਦਿੰਦੇ ਅਤੇ ਪੈਸੇ ਦੇਣ ਤੋਂ ਆਨਾਕਾਨੀ ਹੀ ਕਰਦੇ ਰਹਿੰਦੇ। ਬੀਤੇ ਦਿਨ ਉਕਤ ਭੈਣ ਅਤੇ ਜੀਜੇ ਦੁਆਰਾ ਘੜੀ ਗਈ ਸਾਜਿਸ਼ ਦੇ ਤਹਿਤ ਭੈਣ ਵੱਲੋਂ ਭਰਾ ਨੂੰ ਅਮ੍ਰਿਤਸਰ ਲਿਜਾਣ ਦਾ ਬਹਾਨਾ ਬਣਾ ਕੇ ਕਸਬਾ ਜ਼ੀਰਾ ਵਿਖੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਤੇਲ ਪਾ ਕੇ ਸਾੜ ਦਿੱਤਾ ਗਿਆ। ਇਸ ਸਬੰਧ ਵਿੱਚ ਭਾਵੇਂ ਹੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ, ਪਰ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। 

'ਨਿਊਜ਼ਨੰਬਰ' ਨਾਲ ਆਪਣਾ ਦੁੱਖ ਸਾਂਝਾ ਕਰਦੇ ਹੋਏ ਸਤਵੰਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਬੋਹਾ ਜ਼ਿਲ੍ਹਾ ਮਾਨਸਾ ਨੇ ਦੋਸ਼ ਲਗਾਉਂਦਿਆ ਹੋਇਆ ਦੱਸਿਆ ਕਿ ਉਸ ਨੇ ਆਪਣੇ ਜੀਜੇ ਗੁਰਮੀਤ ਸਿੰਘ ਤੇ ਭੈਣ ਮਨਦੀਪ ਕੌਰ ਨੂੰ 1 ਲੱਖ ਰੁਪਏ ਦਿੱਤੇ ਸਨ ਅਤੇ ਜਦੋਂ ਉਹ ਪੈਸੇ ਵਾਪਸ ਮੰਗਦਾ ਤਾਂ ਗੁਰਮੀਤ ਸਿੰਘ ਅਤੇ ਮਨਦੀਪ ਕੌਰ ਰੌਲਾ ਪਾਉਂਦੇ ਰਹਿੰਦੇ। ਸਤਵੰਤ ਸਿੰਘ ਨੇ ਦੋਸ਼ ਲਗਾਇਆ ਕਿ ਬੀਤੇ ਦਿਨੀਂ ਉਸ ਦੇ ਜੀਜੇ ਗੁਰਮੀਤ ਸਿੰਘ ਅਤੇ ਭੈਣ ਮਨਦੀਪ ਕੌਰ ਵੱਲੋਂ ਘੜੀ ਸਾਜਿਸ਼ ਦੇ ਤਹਿਤ ਉਸ ਨੂੰ ਦੋਵਾਂ ਜਣਿਆ ਵੱਲੋਂ ਮਾਨਸਾ ਤੋਂ ਜ਼ੀਰਾ ਰੋਡ ਦੇ ਰਸਤੇ ਅਮ੍ਰਿਤਸਰ ਲਿਜਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਜ਼ੀਰਾ ਦੇ ਕੋਲ ਉਹ ਰੁਕ ਗਏ। 

ਸਤਵੰਤ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੀ ਭੈਣ ਮਨਦੀਪ ਕੌਰ ਅਤੇ ਜੀਜੇ ਗੁਰਮੀਤ ਸਿੰਘ ਆਪਣੇ ਇੱਕ ਸਾਥੀ ਨੂੰ ਬੁਲਾ ਕੇ ਮੁੱਦਈ ਉਪਰ ਡੀਜ਼ਲ ਛਿੜਕ ਕੇ ਉਸ ਨੂੰ ਲਾਇਟਰ ਨਾਲ ਅੱਗ ਲਗਾ ਦਿੱਤੀ ਅਤੇ ਸੱਟਾਂ ਮਾਰੀਆਂ ਹਨ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਇਲਾਕੇ ਦੇ ਲੋਕਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਸਤਵੰਤ ਸਿੰਘ ਨੇ ਪੁਲਿਸ ਪ੍ਰਸਾਸ਼ਨ ਤੋਂ ਪੁਰਜੋਰ ਮੰਗ ਕੀਤੀ ਕਿ ਜਲਦ ਤੋਂ ਜਲਦ ਉਸ ਦੀ ਭੈਣ ਅਤੇ ਜੀਜੇ ਨੂੰ ਕਾਬੂ ਕੀਤਾ ਜਾਵੇ। 

ਦੂਜੇ ਪਾਸੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਤਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੁਰਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ, ਮਨਦੀਪ ਕੌਰ ਪਤਨੀ ਗੁਰਮੀਤ ਸਿੰਘ ਵਾਸੀਅਨ ਗੋਬਿੰਦਪੁਰਾ ਕੈਂਟ ਬਠਿੰਡਾ ਅਤੇ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ 326-ਬੀ, 323, 34 ਆਈਪੀਸੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ। 

ਸੋ ਦੋਸਤੋਂ, ਦੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਪੈਸੈ ਖਾਤਰ ਇੱਕ ਭੈਣ ਨੇ ਆਪਣੇ ਪਤੀ ਨਾਲ ਮਿਲ ਕੇ ਆਪਣੇ ਹੀ ਭਰਾ ਉਪਰ ਤੇਲ ਪਾ ਕੇ ਸਾੜ ਦਿੱਤਾ, ਉਸ ਤੋਂ ਤਾਂ ਇਹ ਸਾਫ ਹੁੰਦਾ ਹੈ ਕਿ ਅੱਜ ਕੱਲ੍ਹ ਰਿਸ਼ਤਾ ਸਿਰਫ ਤੇ ਸਿਰਫ ਪੈਸੇ ਦਾ ਹੀ ਰਹਿ ਗਿਆ ਹੈ। ਕਿਉਂਕਿ ਇਸ ਕੇਸ ਵਿੱਚ ਡੂੰਘੀ ਨਿਗਾਹ ਮਾਰੀਏ ਤਾਂ ਜੇਕਰ ਸਤਵੰਤ ਸਿੰਘ ਨੇ ਆਪਣੀ ਭੈਣ ਤੇ ਜੀਜੇ ਨੂੰ ਪੈਸੇ ਨਾ ਦਿੱਤੇ ਹੁੰਦੇ ਤਾਂ ਅਜਿਹਾ ਕਾਰਾ ਕਦੇ ਵੀ ਨਾ ਹੁੰਦਾ। ਪੈਸੇ ਖਾਤਰ ਹੁਣ ਇੱਕ ਭਿਆਨਕ ਘਟਨਾ ਵਾਪਰ ਚੁੱਕੀ ਹੈ ਅਤੇ ਕੇਸ ਦਰਜ ਵੀ ਹੋ ਚੁੱਕਿਆ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਆਖਿਰ ਪੁਲਿਸ ਕਦੋਂ ਇਸ ਮਾਮਲੇ ਦੀ ਤਹਿ ਤੱਕ ਪਹੁੰਚ ਕੇ ਸਤਵੰਤ ਸਿੰਘ ਨੂੰ ਇਨਸਾਫ ਦਿਵਾਉਂਦੀ ਹੈ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।