ਸੂਬੇ ਦੇ ਉਦਯੋਗਿਕ ਖੇਤਰ ਦੀ ਪੂਰੀ ਸਮਰੱਥਾ ਨੂੰ ਮੁੜ-ਉਭਾਰਨਾ ਅਤੇ ਸੈਰ-ਸਪਾਟਾ ਖੇਤਰ ਦਾ ਵਿਕਾਸ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜ਼ੀਹ: ਸੁੰਦਰ ਸ਼ਾਮ ਅਰੋੜਾ

Last Updated: Nov 26 2018 13:50
Reading time: 2 mins, 43 secs

ਪੰਜਾਬ ਦੇ ਉਦਯੋਗਿਕ ਖੇਤਰ ਨੂੰ ਇਸ ਦੀ ਪੂਰੀ ਸਮਰੱਥਾ ਮੁਤਾਬਿਕ ਨੇੜਲੇ ਭਵਿੱਖ ਵਿੱਚ ਮੁੜ-ਉਭਾਰਨ ਨੂੰ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜ਼ੀਹ ਕਰਾਰ ਦਿੰਦਿਆਂ ਪੰਜਾਬ ਦੇ ਉਦਯੋਗ 'ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੰਜੀਦਾ ਫ਼ੈਸਲੇ ਲੈ ਕੇ ਅਤੇ ਨਵੀਆਂ ਸੰਭਾਵਨਾਵਾਂ ਤਲਾਸ਼ ਕੇ ਪੰਜਾਬ ਅੰਦਰ ਉਦਯੋਗਿਕ ਖੇਤਰ ਵਿੱਚ ਵੱਧ ਤੋਂ ਵੱਧ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਸੈਰ-ਸਪਾਟਾ ਖੇਤਰ ਦੇ ਹੋਰ ਉਥਾਨ ਲਈ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ।
 
ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ-2018 ਦੌਰਾਨ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਆਯੋਜਿਤ ਪੰਜਾਬ ਡੇਅ ਸਮਾਗਮ ਦਾ ਉਦਘਾਟਨ ਕਰਨ ਉਪਰੰਤ ਅਰੋੜਾ ਨੇ ਦੱਸਿਆ ਕਿ ਵਰਲਡ ਰਿਕਾਰਡ ਬੁੱਕ ਲੰਡਨ ਅਨੁਸਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੱਜ ਵਿਸ਼ਵ ਅੰਦਰ ਅਜਿਹਾ ਸਥਾਨ ਬਣ ਚੁੱਕਿਆ ਹੈ ਜਿੱਥੇ ਸਭ ਤੋਂ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ। ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਭਿਆਚਾਰਕ ਅਤੇ ਸੈਰ-ਸਪਾਟਾ ਨੀਤੀ ਦਾ ਮਕਸਦ ਪੰਜਾਬ ਦੇ ਸਭਿਆਚਾਰ ਅਤੇ ਕੁਦਰਤੀ ਵਿਰਾਸਤ ਤੋਂ ਵਿਸ਼ਵ ਨੂੰ ਜਾਣੂੰ ਕਰਵਾਉਣਾ ਹੈ।
  
ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚ ਉਦਯੋਗ ਨੂੰ ਹੁਲਾਰਾ ਦੇਣ ਅਤੇ ਵੱਡੀ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਸਤੇ ਉੱਘੇ ਉਦਯੋਗਿਕ ਘਰਾਨਿਆਂ ਨਾਲ 4335 ਕਰੋੜ ਰੁਪਏ ਦੇ ਨਿਵੇਸ਼ ਨਾਲ ਸਬੰਧਤ 143 ਸਮਝੌਤਿਆਂ 'ਤੇ ਸਹੀ ਪਾਈ ਹੈ ਜਿਸ ਨਾਲ ਆਉਣ ਵਾਲੇ ਸਮੇਂ ਦੌਰਾਨ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਰੁਜ਼ਗਾਰ ਹਾਸਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਖੇਤਰ ਅੰਦਰ ਨਿਵੇਸ਼ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਅੰਦਰ ਵੱਡੀ ਗਿਣਤੀ ਵਿਦੇਸ਼ੀ ਸੈਲਾਨੀ ਆ ਰਹੇ ਹਨ ਅਤੇ ਟੂਰਿਜ਼ਮ ਪੱਖੋਂ ਪੰਜਾਬ ਭਾਰਤ ਅੰਦਰ 7ਵੇਂ ਸਥਾਨ ਉੱਪਰ ਹੈ। ਇਸੇ ਤਰ੍ਹਾਂ ਨਵੇਂ ਨਿਵੇਸ਼ਕਾਂ ਨੂੰ ਕਾਰੋਬਾਰ ਕਰਨ ਵਿੱਚ ਅਸਾਨੀ ਦੇਣ ਦੀ ਕੋਸ਼ਿਸ਼ ਵਿੱਚ, ਪੰਜਾਬ ਬਿਊਰੋ ਆਫ਼ ਇੰਨਵੈਸਟਮੈਂਟ ਪ੍ਰਮੋਸ਼ਨ (ਪੀ.ਬੀ.ਆਈ.ਪੀ) ਨੂੰ ਸਮੇਂ -ਸਮੇਂ ਨਵੀਆਂ ਵਪਾਰਕ ਤਜਵੀਜ਼ਾਂ ਅਤੇ ਵਿੱਤੀ ਪ੍ਰੇਰਕਾਂ ਦੀਆਂ ਮਨਜ਼ੂਰੀਆਂ ਦੇਣ ਲਈ ਇੱਕ-ਸਟਾਪ ਅਥਾਰਿਟੀ ਵਜੋਂ ਸਥਾਪਿਤ ਕੀਤਾ ਗਿਆ ਹੈ। ਦੇਸ਼ ਵਿੱਚ ਆਪਣੀ ਤਰ੍ਹਾਂ ਦੀ ਇਸ ਪਹਿਲਕਦਮੀ ਦੇ ਪੀ.ਬੀ.ਆਈ.ਪੀ ਬਿਜ਼ਨਸ ਫ਼ੈਸਟੀਵਲ ਨੂੰ ਲਾਗੂ ਕੀਤਾ ਹੈ ਤਾਂ ਜੋ ਰਾਜ ਦੇ ਇਸ ਪੱਖ ਦੀ ਭਲਾਈ ਅਤੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਸਕੇ। 

ਪੰਜਾਬ ਅੰਦਰ ਪਰੰਪਰਾਗਤ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਲਈ ਰੱਖੇ ਫੰਡਜ਼ ਤਹਿਤ ਬਠਿੰਡਾ ਵਿੱਚ ਸ਼ਹਿਦ ਕਲੱਸਟਰ ਅਤੇ ਹੁਸ਼ਿਆਰਪੁਰ ਵਿਖੇ ਵੂਡਨ ਇਨਲੇ ਅਤੇ ਕੁਝ ਹੋਰ ਕਲੱਸਟਰਾਂ ਨੂੰ ਭਾਰਤ ਸਰਕਾਰ ਦੀ ਐਮ.ਐਸ.ਐਮ.ਈ ਸਕੀਮ ਅਧੀਨ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟੂਰਿਜ਼ਮ ਵਿਭਾਗ ਦੀ ਸ਼ਮੂਲੀਅਤ ਨਾਲ ਪੰਜਾਬ ਅੰਦਰ ਪਰੰਪਰਾਗਤ ਕਲਾਵਾਂ ਜਿਵੇਂ ਹਸਤਕਲਾ, ਫੁਲਕਾਰੀ, ਲੱਕੜ ਦੀ ਕਲਾਕਾਰੀ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਦਯੋਗ ਤੇ ਵਣਜ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ 7 ਜ਼ਿਲ੍ਹਿਆ ਵਿੱਚ ਨਵੀਆਂ ਜ਼ਿਲ੍ਹਾ ਪੱਧਰੀ ਮਾਈਕਰੋ ਸਮਾਲ ਇੰਟਰਪ੍ਰਾਈਜ਼ਜ਼ ਫੈਸਲੀਟੇਸ਼ਨ ਕੌਂਸਲ, ਐਮ.ਐਸ.ਈਜ਼ ਦੇ ਕੇਸਾਂ ਦੇ ਜਲਦੀ ਨਿਪਟਾਰੇ ਲਈ ਜ਼ਿਲ੍ਹਾ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ ਅਤੇ ਸੰਗਰੂਰ ਵਿਖੇ ਅਧਿਸੂਚਿਤ/ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਸੂਬੇ ਦੀ ਆਰਥਿਕ ਮਜ਼ਬੂਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਯੋਗ ਬਣਾਉਣਾ ਹੈ ਤਾਂ ਜੋ ਇਸ ਜ਼ਰੀਏ ਵੱਡੇ ਪੈਮਾਨੇ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਉਨ੍ਹਾਂ ਨਾਲ ਹੀ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਦਾ ਉਦੇਸ਼ ਵੀ ਪੰਜਾਬ ਦੀ ਆਰਥਿਕ ਮਜ਼ਬੂਤੀ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਨਵੀਆਂ ਸੰਭਾਵਨਾਵਾਂ ਨੂੰ ਤਰਾਸ਼ਣ ਪ੍ਰਤੀ ਪ੍ਰਤੀਬੱਧਤਾ ਹੀ ਹੈ। ਇਸ ਮੌਕੇ ਪੰਜਾਬੀ ਗਾਇਕ ਪੰਮੀ ਬਾਈ ਵੱਲੋਂ ਪੰਜਾਬੀ ਗੀਤ  ਪੇਸ਼ ਕੀਤੇ ਗਏ। ਇਸ ਮੌਕੇ ਟੂਰਿਜ਼ਮ ਵਿਭਾਗ ਵੱਲੋਂ ਅਰੋੜਾ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਟੂਰਿਜ਼ਮ ਵਿਭਾਗ ਦੇ ਡਾਇਰੈਕਟਰ ਮਾਲਵਿੰਦਰ ਸਿੰਘ ਜੱਗੀ, ਜੁਆਇੰਟ ਡਾਇਰੈਕਟਰ ਲਖਮੀਰ ਸਿੰਘ, ਅਤੇ ਪੀ.ਐਸ.ਆਈ.ਈ.ਸੀ ਦੇ ਸੁਖਦੀਪ ਸਿੰਘ ਸਿੱਧੂ ਤੇ ਹੋਰ ਅਧਿਕਾਰੀ ਹਾਜ਼ਰ ਸਨ।